1000 ਕਰੋੜ ਨਾਲ ਸੂਬੇ ਦੀਆਂ 9000 ਕਿਲੋਮੀਟਰ ਸੜਕਾਂ ਹੋਣਗੀਆਂ ਮਜ਼ਬੂਤ

01/06/2018 8:19:26 AM

ਚੰਡੀਗੜ੍ਹ (ਬਿਊਰੋ) - ਸੜਕੀ ਨੈੱਟਵਰਕ ਦੀ ਮਜ਼ਬੂਤੀ ਦੀ ਦਿਸ਼ਾ ਵਿਚ ਵੱਡੀ ਪਹਿਲਕਦਮੀ ਕਰਦਿਆਂ ਪੰਜਾਬ ਸਰਕਾਰ ਨੇ 1000 ਕਰੋੜ ਰੁਪਏ ਦੀ ਲਾਗਤ ਨਾਲ 9000 ਕਿਲੋਮੀਟਰ ਸੜਕਾਂ ਨੂੰ ਮਜ਼ਬੂਤ ਕਰਨ ਨੂੰ ਹਰੀ ਝੰਡੀ ਦਿਖਾ ਦਿੱਤੀ ਹੈ। ਨਵੀਂ ਦਿੱਲੀ ਤੋਂ ਕਟੜਾ ਵਾਇਆ ਅੰਮ੍ਰਿਤਸਰ 'ਨਿਊ ਗਰੀਨ ਫੀਲਡ ਐਕਸਪ੍ਰੈੱਸ ਵੇਅ' ਨੂੰ ਵੀ ਛੇਤੀ ਨੇਪਰੇ ਚਾੜ੍ਹਿਆ ਜਾਵੇਗਾ। ਇਸ ਦਾ ਨਿਰਮਾਣ ਕੌਮੀ ਹਾਈਵੇਜ਼ ਅਥਾਰਟੀ ਵਲੋਂ ਕਰਵਾਇਆ ਜਾਵੇਗਾ। ਇਸੇ ਤਰ੍ਹਾਂ ਪੰਜਾਬ ਸਰਕਾਰ ਰਾਜ ਦੇ ਸਾਰੇ ਵੱਡੇ ਸ਼ਹਿਰਾਂ ਦੁਆਲੇ ਰਿੰਗ ਰੋਡਜ਼ ਦੇ ਨਿਰਮਾਣ ਦੀ ਵੀ ਤਿਆਰੀ ਵਿਚ ਹੈ, ਜਿਸ ਦੀ ਸੰਭਾਵਨਾ ਦਾ ਪਤਾ ਲਾਉਣ ਲਈ ਸਰਵੇਖਣ ਵੀ ਕਰਵਾਇਆ ਜਾ ਰਿਹਾ ਹੈ। ਇਹ ਖ਼ੁਲਾਸਾ ਲੋਕ ਨਿਰਮਾਣ ਵਿਭਾਗ ਮੰਤਰੀ ਰਜ਼ੀਆ ਸੁਲਤਾਨਾ ਨੇ ਵਿਭਾਗ ਦੀ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ ਲਾਂਡਰਾ ਜੰਕਸ਼ਨ ਦਾ 23 ਕਰੋੜ ਰੁਪਏ ਦੀ ਲਾਗਤ ਨਾਲ ਛੇਤੀ ਨਵੀਨੀਕਰਨ ਹੋਵੇਗਾ।
ਲੋਕ ਨਿਰਮਾਣ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਦੌਰਾਨ ਪੀ. ਡਬਲਯੂ. ਡੀ. ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਇਸ ਲਿੰਕ ਸੜਕਾਂ ਵਾਲੇ ਪ੍ਰਾਜੈਕਟ ਵਿਚ ਮੰਡੀ ਬੋਰਡ ਅਧੀਨ ਲਿੰਕ ਸੜਕਾਂ ਤੋਂ ਇਲਾਵਾ ਬਾਕੀ ਸੜਕਾਂ ਨੂੰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਉਦੋਂ ਬੂਰ ਪਿਆ, ਜਦੋਂ ਨਵੀਂ ਦਿੱਲੀ ਤੋਂ ਕਟੜਾ ਵਾਇਆ ਅੰਮ੍ਰਿਤਸਰ ਤੱਕ 'ਨਿਊ ਗਰੀਨ ਫੀਲਡ ਐਕਸਪ੍ਰੈੱਸ ਵੇਅ' ਨੂੰ ਪ੍ਰਵਾਨਗੀ ਮਿਲ ਗਈ। ਇਸ ਐਕਸਪ੍ਰੈੱਸ ਵੇਅ ਦਾ ਨਿਰਮਾਣ ਕੌਮੀ ਹਾਈਵੇਜ਼ ਅਥਾਰਟੀ ਵਲੋਂ ਕਰਵਾਇਆ ਜਾਵੇਗਾ। ਇਸ ਪ੍ਰਾਜੈਕਟ ਲਈ ਥਾਂ ਦੀ ਛੇਤੀ ਨਿਸ਼ਾਨਦੇਹੀ ਹੋਵੇਗੀ। ਇਸੇ ਤਰ੍ਹਾਂ 'ਭਾਰਤ ਮਾਲਾ ਸਕੀਮ' ਅਧੀਨ ਹਾਈਵੇਜ਼ ਅਥਾਰਟੀ ਵੱਲੋਂ 800 ਕਿਲੋਮੀਟਰ ਰਾਜਮਾਰਗਾਂ ਨੂੰ ਕੌਮੀ ਮਾਰਗ ਅਧੀਨ ਲਿਆ ਜਾਵੇਗਾ। ਇਸ ਪ੍ਰਾਜੈਕਟ ਉਤੇ ਵੀ ਕੰਮ ਛੇਤੀ ਸ਼ੁਰੂ ਹੋਵੇਗਾ।
ਰਜ਼ੀਆ ਸੁਲਤਾਨਾ ਵਲੋਂ ਵੱਡੇ ਸੜਕ ਪ੍ਰਾਜੈਕਟਾਂ ਨੂੰ ਮੁਕੰਮਲ ਕਰਨ ਵਿਚ ਦੇਰੀ ਬਾਰੇ ਪੁੱਛਣ 'ਤੇ ਮੁੱਖ ਇੰਜੀਨੀਅਰ ਏ. ਕੇ. ਸਿੰਗਲਾ ਨੇ ਕਿਹਾ ਕਿ ਕੌਮੀ ਗਰੀਨ ਟ੍ਰਿਬਿਊਨਲ ਵਲੋਂ ਦਰੱਖਤ ਵੱਢਣ 'ਤੇ ਲਾਈ ਪਾਬੰਦੀ ਕਾਰਨ ਇਨ੍ਹਾਂ ਪ੍ਰਾਜੈਕਟਾਂ ਵਿਚ ਦੇਰੀ ਹੋਈ ਹੈ। ਕੌਮੀ ਮਾਰਗਾਂ ਦੇ ਨਵੀਨੀਕਰਨ ਦੀ ਸਮੀਖਿਆ ਕਰਦਿਆਂ ਮੰਤਰੀ ਨੇ ਇਨ੍ਹਾਂ ਨੂੰ 31 ਦਸੰਬਰ 2018 ਤੱਕ ਮੁਕੰਮਲ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਸੜਕਾਂ 'ਤੇ ਲੱਗੇ ਬੋਰਡਾਂ ਉੱਤੇ ਪੰਜਾਬੀ ਭਾਸ਼ਾ ਨੂੰ ਸਿਖਰ 'ਤੇ ਰੱਖਣਾ ਵੀ ਯਕੀਨੀ ਬਣਾਉਣ ਲਈ ਕਿਹਾ।