ਨਕਲੀ ਟਾਈਮ ਬੰਬ ਭੇਜ ਕੇ ਮੰਗੀ 10 ਲੱਖ  ਦੀ ਫਿਰੌਤੀ

08/18/2018 3:24:47 AM

ਬਠਿੰਡਾ, (ਬਲਵਿੰਦਰ)- ਪਾਰਸਲ ਰਾਹੀਂ ਨਕਲੀ ਟਾਈਮ ਬੰਬ ਭੇਜ ਕੇ 10 ਲੱਖ ਰੁਪਏ  ਦੀ ਫਿਰੌਤੀ ਮੰਗਣ ਵਾਲੇ ਤਿੰਨ ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਕੋਲੋਂ ਪੁੱਛਗਿੱਛ ਜਾਰੀ ਹੈ। ਇਹ ਜਾਣਕਾਰੀ ਅੱਜ ਇਥੇ ਐੱਸ. ਪੀ. ਸਵਰਨ ਸਿੰਘ ਖੰਨਾ ਨੇ ਦਿੱਤੀ।

ਕੀ ਸੀ ਮਾਮਲਾ : 
 ਭਾਰਤ ਪੈਟਰੋਲੀਅਮ ਜੱਸੀ ਵਿਖੇ ਠੇਕੇਦਾਰ ਨਰਿੰਦਰ ਕੁਮਾਰ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾÎਇਤ ਮੁਤਾਬਕ 13 ਅਗਸਤ 2018 ਨੂੰ ਦੁਪਹਿਰ 12 ਵਜੇ ਜਦੋਂ ਉਹ ਘਰ ਨਹੀਂ ਸੀ ਤਾਂ ਇਕ ਵਿਅਕਤੀ ਚਿੱਟੇ ਰੰਗ ਦੀ ਸਕੂਟਰੀ ’ਤੇ ਉਨ੍ਹਾਂ ਦੇ ਘਰ ਆਇਆ  ਤੇ ਉਸ ਦੀ ਪਤਨੀ ਅਨੀਤਾ ਨੂੰ ਇਕ ਪਾਰਸਲ ਦੇ ਕੇ ਚਲਾ ਗਿਆ। ਫਿਰ ਮੁਲਜ਼ਮ ਨੇ ਨਰਿੰਦਰ ਕੁਮਾਰ ਨੂੰ ਫੋਨ ਕੀਤਾ ਕਿ ਉਸ ਦੇ ਘਰ ਟਾਈਮ ਬੰਬ ਰੱਖ ਦਿੱਤਾ ਹੈ, ਜਿਸ ਦਾ ਰਿਮੋਟ ਉਨ੍ਹਾਂ ਕੋਲ ਹੈ। ਜੇਕਰ ਤੁਰੰਤ 10 ਲੱਖ ਰੁਪਏ  ਦੀ ਫਿਰੌਤੀ ਨਾ ਦਿੱਤੀ ਤਾਂ ਬੰਬ ਚਲਾ ਕੇ ਉਸ ਦੇ ਪਰਿਵਾਰ ਨੂੰ ਖਤਮ ਕਰ ਦੇਣਗੇ। 
ਨਰਿੰਦਰ ਕੁਮਾਰ ਨੇ ਆਪਣੀ ਪਤਨੀ  ਨੂੰ ਫੋਨ ਕੀਤਾ ਕਿ ਜਿਹਡ਼ਾ ਪਾਰਸਲ ਕੋਈ ਦੇ ਗਿਆ ਹੈ, ਉਸ ਵਿਚ ਬੰਬ ਹੈ, ਇਸ ਨੂੰ ਬਾਹਰ ਸਡ਼ਕ ਜਾਂ ਪਲਾਟ ਵਿਚ ਰੱਖ ਦੇਵੇ। ਇਹ ਗੱਲ ਸੱਚ ਵੀ ਸੀ ਕਿਉਂਕਿ ਉਦੋਂ ਤੱਕ ਅਨੀਤਾ ਨੇ ਪਾਰਸਲ ਵੀ ਖੋਲ੍ਹ ਲਿਆ ਸੀ। ਅਨੀਤਾ ਨੇ ਉਹ ਪਾਰਸਲ ਪਲਾਟ ਵਿਚ ਸੁੱਟ ਦਿੱਤਾ। ਇਸ ਗੱਲ ਨੂੰ ਦੇਖ ਕੇ ਆਸ-ਪਾਸ ਦੇ ਲੋਕ ਇਕੱਤਰ ਹੋ ਗਏ ਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਨਰਿੰਦਰ ਕੁਮਾਰ ਤੁਰੰਤ ਘਰ ਪਹੁੰਚਿਆ, ਜਦਕਿ ਡੀ. ਐੱਸ. ਪੀ. ਗੁਰਜੀਤ ਸਿੰਘ ਰੋਮਾਣਾ ਦੀ ਅਗਵਾਈ ਹੇਠ ਸੀ. ਆਈ. ਏ. ਸਟਾਫ ਤੇ ਥਾਣਾ ਥਰਮਲ ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚ ਚੁੱਕੀਆਂ ਸਨ।  ਪੁਲਸ ਪਾਰਟੀ ਨੇ ਬੰਬ ਨੂੰ ਨਹਿਰ ਨੇਡ਼ੇ ਪਹੁੰਚਾਇਆ ਤੇ ਪਾਣੀ ’ਚ ਡੁਬੋ ਦਿੱਤਾ ਗਿਆ। ਅੰਤ ਬੰਬਨੁਮਾ ਚੀਜ਼ ਦੀਆਂ ਤਾਰਾਂ ਆਦਿ ਖੋਲ੍ਹ ਕੇ ਇਨ੍ਹਾਂ ਨੂੰ ਅਲੱਗ-ਅਲੱਗ ਕਰ ਦਿੱਤਾ, ਜੋ ਕਿ ਬੰਬ ਨਹੀਂ ਸੀ, ਸਗੋਂ ਡਰਾਉਣ ਲਈ ਕੁਝ ਪਲਾਸਟਿਕ ਪਾਈਪਾਂ, ਘਡ਼ੀ, ਬੈਟਰੀ ਤੇ ਤਾਰਾਂ ਜੋਡ਼ ਕੇ ਉਸ ਨੂੰ ਬੰਬ ਦਾ ਰੂਪ ਦਿੱਤਾ ਗਿਆ ਸੀ। ਪੁਲਸ  ਵਲੋਂ ਅਣਪਛਾਤੇ ਮੁਲਜ਼ਮਾਂ ਵਿਰੁੱਧ ਥਾਣਾ ਥਰਮਲ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ।
ਫਿਰੌਤੀ ਮੰਗਣ ਵਾਲੇ 3 ਕਾਬੂ ਸੀ. ਆਈ. ਏ. ਸਟਾਫ ਇੰਚਾਰਜ ਰਜਿੰਦਰ ਕੁਮਾਰ ਅਤੇ ਥਾਣਾ ਥਰਮਲ ਦੇ ਮੁਖੀ ਗੁਰਮੇਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਬਾਰੀਕੀ ਨਾਲ ਛਾਣਬੀਣ ਕਰਦਿਆਂ ਪਿੰਕੀ, ਮਨਪਿੰਦਰ ਸਿੰਘ ਮਾਨਾ ਅਤੇ ਕੁਲਦੀਪ ਸਿੰਘ ਆਲੂ ਵਾਸੀ ਬਠਿੰਡਾ ਨੂੰ ਗ੍ਰਿਫ਼ਤਾਰ ਕਰ ਲਿਆ ਕਿਉਂਕਿ ਪਿੰਕੀ ਠੇਕੇਦਾਰ ਨਰਿੰਦਰ ਕੁਮਾਰ ਕੋਲ ਹੀ ਪੇਂਟ ਕਰਨ ਦਾ ਕੰਮ ਕਰਦਾ ਸੀ।  ਉਸ  ਕੋਲੋਂ ਪੈਸੇ ਕਢਵਾਉਣ ਲਈ ਉਸ ਨੇ ਹੀ ਨਕਲੀ ਟਾਈਮ ਬੰਬ ਬਣਾਇਆ। ਉਸ ਨੇ ਹੀ ਮਾਨਾ ਤੇ ਆਲੂ ਨੂੰ ਆਪਣੇ ਨਾਲ ਮਿਲਾ ਕੇ ਫਿਰੌਤੀ ਮੰਗਣ ਦੀ ਯੋਜਨਾ ਬਣਾਈ। ਫਿਰੌਤੀ ਮੰਗਣ ਲਈ ਫੋਨ ਦੀ ਜ਼ਰੂਰਤ ਸੀ, ਜੋ ਉਨ੍ਹਾਂ ਇਕ ਰਿਕਸ਼ਾ ਵਾਲੇ ਤੋਂ ਖੋਹਿਆ ਸੀ। ਫਿਰ ਮਾਨਾ ਪਿੰਕੀ ਦੇ ਦੱਸੇ ਅਨੁਸਾਰ ਨਰਿੰਦਰ ਕੁਮਾਰ ਦੇ ਘਰ ਪਾਰਸਲ ਦੇ ਕੇ ਆਇਆ, ਜਿਸ ਤੋਂ ਬਾਅਦ ਉਸ ਨੇ ਨਰਿੰਦਰ ਕੁਮਾਰ ਨੂੰ ਫੋਨ ਕਰ ਕੇ 10 ਲੱਖ ਰੁਪਏ ਦੀ ਫਿਰੌਤੀ ਮੰਗੀ। ਪੁਲਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਪਾਸੋਂ ਵਾਰਦਾਤ ਵਿਚ ਵਰਤੀ ਗਈ ਐਕਟਿਵਾ, ਮੋਬਾਇਲ ਫੋਨ, ਨਕਲੀ ਬੰਬ ਆਦਿ ਬਰਾਮਦ ਕੀਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਉਕਤ ਪਾਸੋਂ ਪੁੱਛÎਗਿੱਛ ਜਾਰੀ ਹੈ, ਹੋਰ ਕਿਸੇ ਮਾਮਲੇ ਦਾ ਖੁਲਾਸਾ ਹੋਣ ਦੀ ਵੀ ਸੰਭਾਵਨਾ ਹੈ।