ਸੜਕ ਹਾਦਸੇ ''ਚ 1 ਪ੍ਰਵਾਸੀ ਮਜ਼ਦੂਰ ਦੀ ਮੌਤ; 2 ਗੰਭੀਰ ਜ਼ਖਮੀ

03/18/2018 3:01:05 AM

ਬਲਾਚੌਰ,   (ਬੈਂਸ/ਬ੍ਰਹਮਪੁਰੀ)-  ਬੀਤੀ ਰਾਤ ਵਾਪਰੇ ਇਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ, ਜਦੋਂਕਿ 2 ਪ੍ਰਵਾਸੀ ਮਜ਼ਦੂਰ ਗੰਭੀਰ ਜ਼ਖਮੀ ਹੋ ਗਏ ਤੇ ਇਕ ਦਾ ਵਾਲ-ਵਾਲ ਬਚਾਅ ਹੋ ਗਿਆ। 
ਜਾਣਕਾਰੀ ਅਨੁਸਾਰ ਚਾਰ ਪ੍ਰਵਾਸੀ ਮਜ਼ਦੂਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਲਾਚੌਰ ਵੱਲੋਂ ਕੰਗਣਾ ਪੁਲ ਵੱਲ ਜਾ ਰਹੇ ਸਨ। ਜਦੋਂ ਉਹ ਨਵੇਂ ਬੱਸ ਅੱਡੇ ਕੋਲ ਪੁੱਜੇ ਤਾਂ ਅੱਗੋਂ ਆ ਰਹੇ ਇਕ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਇਸ ਦੌਰਾਨ ਮੋਟਰਸਾਈਕਲ 'ਤੇ ਸਵਾਰ 2 ਵਿਅਕਤੀ ਸੜਕ 'ਤੇ ਅਤੇ 2 ਕੱਚੀ ਥਾਂ 'ਤੇ ਡਿੱਗ ਗਏ। ਇਨ੍ਹਾਂ 'ਚੋਂ ਤਿੰਨ ਮਜ਼ਦੂਰਾਂ ਦੀ ਸੱਜੀ ਲੱਤ ਟੁੱਟ ਗਈ ਤੇ ਚੌਥਾ ਵਿਅਕਤੀ ਸਹੀ-ਸਲਾਮਤ ਬਚ ਗਿਆ। ਸੂਤਰਾਂ ਅਨੁਸਾਰ ਚੌਥਾ ਵਿਅਕਤੀ ਸਹਿਮ ਗਿਆ ਤੇ ਮੌਕੇ ਤੋਂ ਗਾਇਬ ਹੋ ਗਿਆ। ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਟੱਕਰ ਮਾਰਨ ਵਾਲੀ ਮਹਿੰਦਰਾ ਪਿਕਅੱਪ ਸਫ਼ੈਦ ਰੰਗ ਦੀ ਸੀ, ਜੋ ਚਾਲਕ ਭਜਾ ਕੇ ਲੈ ਗਿਆ।  ਮੌਕੇ 'ਤੇ ਪੁੱਜੀ 108 ਐਂਬੂਲੈਂਸ ਰਾਹੀਂ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਨਾਜ਼ੁਕ ਹਾਲਤ ਹੋਣ ਕਾਰਨ ਤਿੰਨਾਂ ਨੂੰ ਨਵਾਂਸ਼ਹਿਰ ਵਿਖੇ ਰੈਫਰ ਕੀਤਾ ਗਿਆ ਪਰ ਇਕ ਜ਼ਖਮੀ ਨੇ ਰਸਤੇ 'ਚ ਹੀ ਦਮ ਤੋੜ ਦਿੱਤਾ, ਜਿਸ ਦੀ ਪਛਾਣ ਸੰਜੇ ਮੁਰੇਨ (30) ਪੁੱਤਰ ਲਛਮਣ ਮੁਰੇਨ ਹਾਲ ਵਾਸੀ ਕੰਗਣਾ ਬੇਟ ਵਜੋਂ ਹੋਈ ਤੇ ਬਾਕੀ ਦੋਵੇਂ ਰਾਜੂ ਟੁੰਡੂ ਪੁੱਤਰ ਬੁੱਧੂ ਟੁੰਡੂ ਤੇ ਵਿਜੇ ਮੁਰੇਨ ਪੁੱਤਰ ਲੱਖਣ ਮੁਰੇਨ ਦਾ ਨਵਾਂਸ਼ਹਿਰ ਦੇ ਕਿਸੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਸ ਵੱਲੋਂ ਅਣਪਛਾਤੇ ਵਾਹਨ ਚਾਲਕ ਵਿਰੁੱਧ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।