ਸਕੂਟਰ ਪੈਂਚਰ ਹੋਣ ਕਾਰਨ ਮੋਟਰਸਾਇਕਲ ਨਾਲ ਟਕਰਾਇਆ, 1 ਦੀ ਮੌਤ, 1 ਜ਼ਖਮੀ

05/12/2018 4:26:50 PM

ਭਦੌੜ (ਰਾਕੇਸ਼) — ਕਸਬਾ ਭਦੌੜ ਦੇ ਝਾਹਿਆਂ ਵਾਲੀ ਕੋਠਿਆਂ ਕੋਲ ਇਕ ਸਕੂਟਰ ਪੈਂਚਰ ਹੋਣ ਨਾਲ ਉਸ ਦੀ ਮੋਟਰਸਾਇਕਲ ਨਾਲ ਟੱਕਰ ਹੋ ਗਈ, ਜਿਸ ਕਾਰਨ ਵਾਪਰੇ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਜਦੋਂ ਕਿ ਸਕੂਟਰ ਸਵਾਰ ਜ਼ਖਮੀ ਹੋ ਗਿਆ। 
ਏ.ਐੱਸ.ਆਈ. ਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ, ਗਗਨਪੀ੍ਰਤ ਸਿੰਘ ਅਤੇ ਇੰਨਾ ਦੇ ਨਾਲ ਰੁਪਿੰਦਰ ਸਿੰਘ ਗਹਿਲਾ ਸਕੂਟਰ 'ਤੇ ਜਾ ਰਹੇ ਸਨ  ਤੇ ਸਕੂਟਰ ਗਗਨਪ੍ਰੀਤ ਸਿੰਘ ਚਲਾ ਰਿਹਾ ਸੀ। ਇਹ ਤਿੰਨੇ ਸ਼ਹਿਣੇ ਤੋ ਭਦੌੜ ਨੂੰ ਆ ਰਹੇ ਸਨ। ਇਸੇ ਦੌਰਾਨ ਕਸਬਾ ਭਦੌੜ ਤੋ ਸ਼ਹਿਣਾ ਵੱਲ ਨੂੰ ਆਪਣੇ ਮੋਟਰਸਾਇਕਲ 'ਤੇ ਕਰਤਾਰ ਸਿੰਘ ਪਿੰਡ ਸ਼ਹਿਣਾ ਆਪਣੇ ਪਿੰਡ ਨੂੰ ਜਾ ਰਿਹਾ ਸੀ ਕਿ ਇਸ ਦੌਰਾਨ ਗਗਨਪ੍ਰੀਤ ਸਿੰਘ ਦੇ ਸਕੂਟਰ ਦਾ ਅਗਲਾ ਟਾਇਰ ਪੈਂਚਰ ਹੋਣ ਨਾਲ ਮੋਟਰਸਾਇਕਲ ਸਵਾਰ ਕਰਤਾਰ ਸਿੰਘ ਨਾਲ ਟਕਰਾਅ ਗਿਆ। ਟੱਕਰ ਹੋਣ ਦੌਰਾਨ ਤਿੰਨੇ ਸਕੂਟਰ ਸਵਾਰ ਤੇ ਚੌਥਾ ਮੋਟਰਸਾਇਕਲ ਸਵਾਰ ਇਕ ਸਾਇਡ 'ਤੇ ਡਿੱਗ ਪਏ, ਜਿਨ੍ਹਾਂ 'ਚੋਂ ਕਰਤਾਰ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਐਂਬੂਲੈਂਸ ਰਾਹੀ ਬਰਨਾਲਾ ਵਿਖੇ ਭੇਜ ਦਿੱਤਾ ਗਿਆ ਅਤੇ ਉਸ ਤੋ ਬਾਅਦ ਇਕ ਹੋਰ 108 ਐਂਬੂਲੈਂਸ ਰਾਹੀ ਤਿੰਨੇ ਨੌਜਵਾਨਾ ਨੂੰ ਵੀ ਬਰਨਾਲਾ ਦੇ ਸਿਵਲ ਹਸਪਤਾਲ 'ਚ ਭੇਜ ਦਿੱਤਾ ਗਿਆ ਸੀ ਪਰ ਬਰਨਾਲਾ ਦੇ ਸਿਵਲ ਹਸਪਤਾਲ 'ਚ ਜ਼ਖਮਾਂ ਦੀ ਤਾਬ ਨਾ ਚੱਲਦੇ ਹੋਏ ਕਰਤਾਰ ਸਿੰਘ ਦਮ ਤੋੜ ਗਿਆ। 
ਇਸ ਸਬੰਧੀ ਥਾਣਾ ਭਦੌੜ ਵਿਖੇ ਮ੍ਰਿਤਕ ਕਰਤਾਰ ਸਿੰਘ ਦੇ ਭਤੀਜੇ ਜਗਸੀਰ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਗਗਨਪ੍ਰੀਤ ਸਿੰਘ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਘਟਨਾ ਵਾਲੇ ਸਥਾਨ 'ਤੇ ਥਾਣਾ ਭਦੌੜ ਦੇ ਐੱਸ.ਐੱਚ.ਓ. ਪ੍ਰਗਟ ਸਿੰਘ, ਏ.ਐੱਸ.ਆਈ. ਪਰਮਜੀਤ ਸਿੰਘ, ਏ.ਐੱਸ.ਆਈ. ਦਰਸ਼ਨ ਸਿੰਘ, ਏ.ਐੱਸ.ਆਈ. ਕੌਰ ਸਿੰਘ ਵੀ ਹਾਜ਼ਰ ਸਨ।