ਕਾਮੇਡੀ ਦੇ ਨਾਲ-ਨਾਲ ਸੁਨੇਹਾ ਭਰਪੂਰ ਵੀ ਹੈ ਫਿਲਮ ਕਪਤਾਨ : ਗਿੱਪੀ ਗਰੇਵਾਲ

05/19/2016 7:39:12 AM

ਜਲੰਧਰ : ਭਲਕੇ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ''ਕਪਤਾਨ'' ਦੇ ਅਦਾਕਾਰ ਗਿੱਪੀ ਗਰੇਵਾਲ, ਅਦਾਕਾਰਾ ਮੋਨਿਕਾ ਗਿੱਲ ਅਤੇ ਕ੍ਰਿਸ਼ਮਾ ਕੌਤਕ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ''ਜਗ ਬਾਣੀ'' ਦੇ ਦਫਤਰ ਪਹੁੰਚੇ । ਫਿਲਮ ਬਾਰੇ ਗੱਲ ਕਰਦਿਆਂ ਗਿੱਪੀ ਨੇ ਦੱਸਿਆ ਕਿ ਫਿਲਮ ਦਾ ਨਾਮ (ਕਪਤਾਨ) ਉਨ੍ਹਾਂ ਦੇ ਕਿਰਦਾਰ ਦਾ ਨਾਂ ਹੈ, ਜੋ ਪੇਸ਼ੇ ਵਜੋਂ ਵਕੀਲ ਹੈ । ਗਿੱਪੀ ਮੁਤਾਬਕ ਇਸ ਫਿਲਮ ਦੀ ਕਹਾਣੀ ਪ੍ਰਵਾਸੀ ਪੰਜਾਬੀਆਂ ਦੀਆਂ ਉਨ੍ਹਾਂ ਸਮੱਸਿਆਵਾਂ ਨੂੰ ਬਿਆਨ ਕਰਦੀ ਹੈ, ਜੋ ਵਿਦੇਸ਼ ਚਲੇ ਜਾਣ ਤੋਂ ਬਾਅਦ ਪੰਜਾਬ ''ਚ ਪੈਦਾ ਹੁੰਦੀਆਂ ਨੇ ਜਾਂ ਫਿਰ ਵਾਪਸ ਪੰਜਾਬ ਆਉਣ ''ਤੇ ਲੋਕਾਂ ਨੂੰ ਕਈ ਤਰ੍ਹਾਂ ਦੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਹੀ ਸਿਲਸਿਲੇ ''ਚ ਗਿੱਪੀ ਗਰੇਵਾਲ ਵੀ ਬਤੌਰ ਵਕੀਲ ਪ੍ਰਵਾਸੀ ਪੰਜਾਬੀਆਂ ਦੇ ਕੇਸ ਲੜਦੇ ਨੇ, ਜਿਸ ਵਿਚ ਪ੍ਰਵਾਸੀਆਂ ਦੀ ਪ੍ਰਾਪਰਟੀ ਦੇ ਮਸਲੇ ਅਤੇ ਹੋਰ ਵੀ ਕਈ ਸਮੱਸਿਆਵਾਂ ਨੂੰ ਚੰਗੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਗਿੱਪੀ ਮੁਤਾਬਕ ਇਹ ਫਿਲਮ ਇਕ ਵੱਡਾ ਸੁਨੇਹਾ ਦੇਣ ਦੇ ਨਾਲ-ਨਾਲ ਲੋਕਾਂ ਦੇ ਢਿੱਡੀ ਪੀੜਾਂ ਵੀ ਪਾਵੇਗੀ, ਕਿਉਂਕਿ ਕਾਮੇਡੀ ਦਾ ਤੜਕਾ ਬਾਖੂਬੀ ਲਗਾਇਆ ਗਿਆ ਹੈ।
ਫਿਲਮ ਬਾਰੇ ਵਿਸਥਾਰ ''ਚ ਦੱਸਦਿਆਂ ਉਨ੍ਹਾਂ ਕਿਹਾ ਕਿ ਕਪਤਾਨ ਜਿੱਥੇ ਸਾਡੇ ਸਿਸਟਮ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਲੁਕਿਆ ਸੱਚ ਬਿਆਨ ਕਰਦੀ ਹੈ, ਉੱਥੇ ਮਨੋਰੰਜਨ ਲਈ ਇਸ ਨੂੰ ਕਾਮੇਡੀ ਭਰਪੂਰ ਵੀ ਰੱਖਿਆ ਗਿਆ ਹੈ । ਆਮ ਤੌਰ ''ਤੇ ਵਕੀਲ ਆਪਣੇ ਦਿਮਾਗ ਨਾਲ ਕੇਸ ਲੜਦੇ ਨੇ ਪਰ ਇਸ ਫਿਲਮ ਦਾ ਕਪਤਾਨ ਵਕੀਲ ਆਪਣੇ ਦਿਲ ਤੋਂ ਕੇਸ ਲੜਦਾ ਹੈ, ਜੋ ਬਹੁਤਾ ਗੰਭੀਰ ਹੋਣ ਦੀ ਬਜਾਏ ਮਜ਼ਾਕੀਆ ਕਿਸਮ ਦਾ ਹੈ । ਗਿੱਪੀ ਨੇ ਦੱਸਿਆ ਕਿ ਬੇਸ਼ੱਕ ਉਨ੍ਹਾਂ ਇਸ ਫਿਲਮ ''ਚ ਇਕ ਗੰਭੀਰ ਮੁੱਦੇ ਨੂੰ ਛੂਹਣ ਦੀ ਕੋਸ਼ਿਸ ਕੀਤੀ ਹੈ ਪਰ ਇਹ ਕਹਾਣੀ ਸਮਾਜ ਦੇ ਇਕ ਦੱਬੇ ਹੋਏ ਸੱਚ ਨੂੰ ਬਿਆਨ ਕਰਦੀ ਹੈ ਤੇ ਉਮੀਦ ਹੈ ਕਿ ਲੋਕ ਵੀ ਸਾਨੂੰ ਭਰਵਾਂ ਹੁੰਗਾਰਾ ਦੇਣਗੇ । ਇਸ ਤੋਂ ਇਲਾਵਾ ਫਿਲਮ ''ਚ ਪੰਜਾਬ ਦੇ ਉਨ੍ਹਾਂ ਨੌਜਵਾਨਾਂ ਦੇ ਪੱਖ ਨੂੰ ਵੀ ਪੇਸ਼ ਕੀਤਾ ਗਿਆ ਹੈ, ਜੋ ਪੰਜਾਬ ''ਚ ਉਚੇਰੀ ਸਿੱਖਿਆ ਹਾਸਲ ਕਰਕੇ, ਇੱਥੇ ਕੰਮ ਕਰਨ ਦੀ ਬਜਾਏ ਵਿਦੇਸ਼ ਜਾਣਾ ਬਿਹਤਰ ਸਮਝਦੇ ਨੇ ਪਰ ਫਿਲਮ ''ਚ ਉਨ੍ਹਾਂ ਨੌਜਵਾਨਾਂ ਲਈ ਇਕ ਚੰਗਾ ਸਬਕ ਦਿੱਤਾ ਗਿਆ ਹੈ, ਜੋ ਅੱਜ ਦੀ ਪੀੜ੍ਹੀ ਨੂੰ ਪੰਜਾਬ ''ਚ ਰਹਿ ਕੇ ਭਵਿੱਖ ਬਣਾਉਣ ਦੀ ਸਿੱਖਿਆ ਦੇਵੇਗਾ । ਇਸ ਤੋਂ ਇਲਾਵਾ ਫਿਲਮ ਵਿਚ ਲੋਕਾਂ ਨੂੰ ਝੂਠ ਤੋਂ ਹੋਣ ਵਾਲੇ ਨੁਕਸਾਨ ਤੇ ਸੱਚ ਦੇ ਨਾਲ ਖੜ੍ਹਨ ਦਾ ਸੁਨੇਹਾ ਦਿੱਤਾ ਗਿਆ ਹੈ । 
ਫਿਲਮ ਦੇ ਨਿਰਦੇਸ਼ਨ ਬਾਰੇ ਗੱਲ ਕਰਦਿਆਂ ਜਿੱਥੇ ਗਿੱਪੀ ਨੇ ਮਨਦੀਪ ਕੁਮਾਰ ਦੀ ਬੇਹੱਦ ਤਾਰੀਫ ਕੀਤੀ, ਉੱਥੇ ਅਦਾਕਾਰਾ ਮੋਨਿਕਾ ਗਿੱਲ ਅਤੇ ਕ੍ਰਿਸ਼ਮਾ ਕੌਤਕ ਨੂੰ ਵੀ ਉਨ੍ਹਾਂ ਨਾਲ ਕੰਮ ਕਰਕੇ ਕਾਫੀ ਵਧੀਆ ਲੱਗਾ । ਕਪਤਾਨ ਫਿਲਮ ''ਚ ਖਾਸ ਗੱਲ ਇਹ ਵੀ ਹੈ ਕਿ ਗਿੱਪੀ ਦੇ ਨਾਲ ਦੋ ਅਦਾਕਾਰਾ ਮੋਨਿਕਾ ਗਿੱਲ ਤੇ ਕ੍ਰਿਸ਼ਮਾ ਕੌਤਕ ਵੀ ਸ਼ਾਮਲ ਹਨ। ਆਮ ਵਾਂਗ ਇਸ ਫਿਲਮ ਵਿਚ ਵੀ ਲਵ ਸਟੋਰੀ ਹੈ, ਜੋ ਮੋਨਿਕਾ ਗਿੱਲ ਅਤੇ ਕ੍ਰਿਸ਼ਮਾ ਕੌਤਕ ਦੇ ਆਲੇ-ਦੁਆਲੇ ਘੁੰਮਦੀ ਹੈ । 
ਮੋਨਿਕਾ ਨੇ ਆਪਣੇ ਰੋਲ ਬਾਰੇ ਦੱਸਿਆ ਕਿ ਫਿਲਮ ''ਚ ਉਨ੍ਹਾਂ ਦਾ ਨਾਮ ਪ੍ਰੀਤੀ ਹੈ, ਜੋ ਇਕ ਸਮਾਜਸੇਵੀ ਸੰਸਥਾ ਲਈ ਕੰਮ ਕਰਦੀ ਹੈ, ਜਦਕਿ ਕ੍ਰਿਸ਼ਮਾ ਕੌਤਕ ਫਿਲਮ ''ਚ ਸੈਮ ਨਾਮ ਦੀ ਲੜਕੀ ਦਾ ਰੋਲ ਕਰ ਰਹੀ ਹੈ । ਖਾਸ ਗੱਲ ਇਹ ਵੀ ਹੈ ਕਿ ਫਿਲਮ ''ਚ ਸੈਮ ਕਪਤਾਨ ਅਤੇ ਪ੍ਰੀਤੀ ਦੋਨਾਂ ਦੀ ਹੀ ਬਚਪਨ ਦੀ ਦੋਸਤ ਹੈ, ਜਿਸ ਕਾਰਨ ਫਿਲਮ ਦੀ ਸਟੋਰੀ ਇਕ ਕੋ-ਡਰਾਮਾ ਵੀ ਹੈ । ਕ੍ਰਿਸ਼ਮਾ ਕੌਤਕ ਨੇ ਦੱਸਿਆ ਕਿ ਉਹ ਲੰਡਨ ਦੀ ਰਹਿਣ ਵਾਲੀ ਹੈ, ਇਸ ਲਈ ਕਪਤਾਨ ਫਿਲਮ ''ਚ ਕੰਮ ਕਰਨ ਲਈ ਉਨ੍ਹਾਂ ਨੂੰ ਪੰਜਾਬੀ ਸਿੱਖਣ ''ਤੇ ਕਾਫੀ ਜ਼ੋਰ ਦੇਣਾ ਪਿਆ, ਜੋ ਉਨ੍ਹਾਂ ਨੂੰ ਕਾਫੀ ਵਧੀਆ ਲੱਗਾ । ਮੋਨਿਕਾ ਮੁਤਾਬਕ ਉਨ੍ਹਾਂ ਦੀ ਟੀਮ ਨੇ ਕਪਤਾਨ ਫਿਲਮ ਬਣਾਉਣ ''ਤੇ ਪੂਰੀ ਵਾਹ ਲਗਾਈ ਹੈ ਤੇ ਉਮੀਦ ਹੈ ਕਿ ਇਸ ਸ਼ੁੱਕਰਵਾਰ ਉਨ੍ਹਾਂ ਦੀ ਮਿਹਨਤ ਦਰਸ਼ਕਾਂ ਦੀ ਕਸੌਟੀ ''ਤੇ ਜ਼ਰੂਰ ਖਰੀ ਉਤਰੇਗੀ।