ਨਾਭਾ ਦਾ 21 ਸਾਲਾ ਨੌਜਵਾਨ ਇੰਡੀਅਨ ਨੇਵੀ ’ਚ ਲੈਫਟੀਨੈਂਟ ਬਣਿਆ

12/03/2018 4:05:55 PM

ਪਟਿਆਲਾ (ਜੈਨ)- ਸਥਾਨਕ ਸ਼ਿਵਾ ਐਨਕਲੇਵ ਦੇ ਵਾਸੀ ਉਪਿੰਦਰ ਸਿੰਘ ਦੇ ਬੇਟੇ ਅਤੇ ਸੈਂਟਰਲ ਇੰਡਸਟ੍ਰੀਅਲ ਸੁਰੱਖਿਆ ਫੋਰਸ ਵਿਚ ਇੰਸਪੈਕਟਰ ਅਜੇ ਸਿੰਘ ਭੂਰੀਆ ਦੇ ਭਤੀਜੇ ਅਕਸ਼ਿਤ ਭੂਰੀਆ ਨੇ ਸਾਢੇ 21 ਸਾਲਾਂ ਦੀ ਛੋਟੀ ਜਿਹੀ ਉਮਰ ਵਿਚ ਇੰਡੀਅਨ ਨੇਵੀ ਵਿਚ ਸਬ-ਲੈਫਟੀਨੈਂਟ ਦਾ ਅਹੁਦਾ ਪ੍ਰਾਪਤ ਕਰ ਕੇ ਇਸ ਰਿਆਸਤੀ ਨਗਰੀ ਦਾ ਨਾਂ ਨੇਵੀ ਵਿਚ ਚਮਕਾਇਆ ਹੈ। ਵਰਣਨਯੋਗ ਹੈ ਕਿ ਫੌਜ ਵਿਚ ਲੈਫਟੀਨੈਂਟ ਅਤੇ ਨੇਵੀ ਵਿਚ ਸਬ-ਲੈਫਟੀਨੈਂਟ ਦਾ ਇਕੋ ਸਾਮਾਨ ਰੈਂਕ ਹੈ। ਦੇਸ਼ ਭਰ ਵਿਚੋਂ 65 ਅਫਸਰ ਚੁਣੇ ਗਏ ਹਨ, ਜਿਨ੍ਹਾਂ ਵਿਚੋਂ ਪੰਜਾਬ ਨਾਲ ਸਬੰਧਤ 16 ਅਫਸਰ ਹਨ। ਸਥਾਨਕ ਡੀ. ਏ. ਵੀ. ਪਬਲਿਕ ਸਕੂਲ ਵਿਚੋਂ ਮੈਟ੍ਰਿਕ ਤੇ 12ਵੀਂ ਪਾਸ ਕਰ ਕੇ ਇਸ ਨੌਜਵਾਨ ਅਕਸ਼ਿਤ ਨੇ ਚੰਡੀਗਡ਼੍ਹ ਇੰਜੀਨੀਅਰਿੰਗ ਕਾਲਜ ਤੋਂ ਬੀ. ਟੈੱਕ. ਮਕੈਨੀਕਲ ਪਾਸ ਕੀਤੀ ਤੇ ਸਰਵਿਸਿਜ਼ ਸਿਲੈਕਸ਼ਨ ਬੋਰਡ ਰਾਹੀਂ ਨੇਵੀ ਅਕੈਡਮੀ ਬੰਗਲੌਰ ’ਚ ਦਾਖਲਾ ਲਿਆ। ਕੇਰਲਾ ਦੇ ਐਜੀਮਾਲਾ ਵਿਖੇ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਇੰਡੀਅਨ ਨੇਵੀ ਵਿਚ ਅਫਸਰ ਰੈਂਕ ਪ੍ਰਾਪਤ ਕਰਨ ’ਤੇ ਅਕਸ਼ਿਤ ਨੇ ਕਿਹਾ ਕਿ ਮੇਰੇ ਲਈ ਮੇਰੇ ਪਿਤਾ ਉਪਿੰਦਰ ਸਿੰਘ, ਮਾਤਾ ਪੂਜਾ, ਅੰਕਲ ਅਜੇ ਭੂਰੀਆ ਪ੍ਰੇਰਨਾ ਸਰੋਤ ਤੇ ਆਦਰਸ਼ ਹਨ। ਵਰਨਣਯੋਗ ਹੈ ਕਿ ਅਜੇ ਸਿੰਘ (ਕਾਕੂ) ਹਾਕੀ ਦਾ ਕੌਮੀ ਖਿਡਾਰੀ ਹੈ। ਪਿਛਲੇ ਦੋ ਦਿਨਾਂ ਤੋਂ ਸ਼ਿਵਾ ਐਨਕਲੇਵ ਵਿਚ ਇਸ ਸਿਲੈਕਸ਼ਨ ਕਾਰਨ ਦੀਵਾਲੀ ਵਰਗਾ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਹੈ। ਵਰਣਨਯੋਗ ਹੈ ਕਿ ਇਥੋਂ ਦੇ ਜੰਮਪਲ ਸੁਰੇਸ਼ਵਰ ਤਿਵਾਡ਼ੀ ਭਾਰਤੀ ਫੌਜ ਵਿਚ ਮੇਜਰ ਜਨਰਲ ਦੇ ਅਹੁਦੇ ’ਤੇ ਬਿਰਾਜਮਾਨ ਰਹਿ ਚੁੱਕੇ ਹਨ। ਇਕ ਦਰਜਨ ਤੋਂ ਵੱਧ ਨੌਜਵਾਨ ਬ੍ਰਿਗੇਡੀਅਰ, ਮੇਜਰ, ਕਰਨਲ ਤੇ ਹੋਰ ਉੱਚ ਅਹੁਦਿਆਂ ’ਤ ਬਿਰਾਜਮਾਨ ਰਹੇ ਜੋ ਨਾਭਾ ਲਈ ਮਾਣ ਵਾਲੀ ਗੱਲ ਹੈ।