ਛੋਟੇ ਸਾਹਿਬਜ਼ਾਦਿਆਂ ਦੀ ਯਾਦ ’ਚ ਦੇਸ਼ ਭਰ ’ਚ ਮਨਾਇਆ ਜਾਵੇ ਬਾਲ ਦਿਵਸ : ਬੱਬਲ

11/10/2018 5:30:19 PM

ਫਤਿਹਗੜ੍ਹ ਸਾਹਿਬ (ਜਗਦੇਵ)- ਭਾਜਪਾ ਦੇ ਦਿੱਲੀ ਤੋਂ ਸੰਸਦ ਮੈਂਬਰ ਪ੍ਰਵੇਸ ਵਰਮਾ ਵਲੋਂ ਦਸੰਬਰ ਮਹੀਨੇ ’ਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੇ ਦਿਨ 13 ਪੋਹ ਨੂੰ ਬਾਲ ਦਿਵਸ ਦੇ ਰੂਪ ਵਿਚ ਮਨਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ (9 ਸਾਲ), ਬਾਬਾ ਫਤਿਹ ਸਿੰਘ (7 ਸਾਲ) ਦੇ ਨਾਮ ’ਤੇ ਮਨਾਉਣ ਲਈ ਆਵਾਜ਼ ਬੁਲੰਦ ਕਰਨ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਸਰਹਿੰਦ ਦੇ ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਬੱਬਲ, ਐੱਨ. ਜੀ. ਓ. ਜਾਗੋ ਦੇ ਪ੍ਰਧਾਨ ਗੁਰਵਿੰਦਰ ਸਿੰਘ ਸੋਹੀ ਦੀ ਅਗਵਾਈ ’ਚ ਸ਼ਾਮਲ ਵਫਦ ਬਲਬੀਰ ਸਿੰਘ, ਗੁਰਮੁੱਖ ਸਿੰਘ, ਅਮਰਿੰਦਰ ਸਿੰਘ ਸ਼ਮਸ਼ੇਰ ਨਗਰ ਵਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ਸੰਸਦ ਮੈਂਬਰ ਵਰਮਾ ਵਲੋਂ ਉਨ੍ਹਾਂ ਦੇ ਦਿੱਲੀ ਸਥਿਤ ਨਿਵਾਸ ਸਥਾਨ ’ਤੇ ਪਹੁੰਚਣ ਵਾਲੇ ਵਫਦ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਾਹਿਬਜ਼ਾਦਿਆਂ ਦੇ ਨਾਮ ’ਤੇ ਦਸੰਬਰ ਮਹੀਨੇ ’ਚ ਬਾਲ ਦਿਵਸ ਮਨਾਉਣ ਲਈ 150 ਦੇ ਕਰੀਬ ਸੰਸਦ ਮੈਂਬਰਾਂ ਦੇ ਦਸਤਖ਼ਤ ਕਰਵਾ ਕੇ ਸੰਸਦ ’ਚ ਗੱਲ ਨੂੰ ਉਠਾਇਆ ਗਿਆ । ਇਸ ਦਸਤਖ਼ਤ ਪੱਤਰ ਨੂੰ ਮਾਨਯੋਗ ਸਪੀਕਰ ਲੋਕ ਸਭਾ ਨੂੰ ਸੌਂਪਿਆ ਗਿਆ, ਜਿਸ ਦੀ ਸਮੁੱਚੇ ਸੰਸਦ ਮੈਂਬਰ ਸਾਹਿਬਾਨ ਵਲੋਂ ਭਰਭੂਰ ਪ੍ਰਸ਼ੰਸਾ ਵੀ ਕੀਤੀ ਗਈ। ਸੰਸਦ ਮੈਂਬਰ ਪ੍ਰਵੇਸ਼ ਵਰਮਾ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਬੱਬਲ ਨੇ ਕਿਹਾ ਕਿ ਬਾਲ ਦਿਵਸ ਸਾਹਿਬਜ਼ਾਦਿਆਂ ਨੂੰ ਹੀ ਸਮਰਪਿਤ ਹੋਣਾ ਚਾਹੀਦਾ ਹੈ, ਕਿਉਂਕਿ ਛੋਟੀ ਉਮਰ ਵਿਚ ਸਾਹਿਬਜ਼ਾਦਿਆਂ ਵਲੋਂ ਮੁਗਲ ਸਲਤਨਤ ਦੀ ਈਨ ਨਾ ਮੰਨਦਿਆਂ ਹੋਇਆ ਕੌਮ ਲਈ ਲਾਸਾਨੀ ਸ਼ਹਾਦਤ ਦਿੱਤੀ ।