ਸਰਕਾਰੀ ਇਮਾਰਤਾਂ ਤੇ ਖੰਭਿਆਂ ’ਤੇ ਲੱਗੇ ਫਲੈਕਸ ਬੋਰਡ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ

11/05/2018 2:02:16 PM

ਪਟਿਆਲਾ (ਅਵਤਾਰ)-ਤਿਉਹਾਰਾਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਲੋਕਾਂ ਦਾ ਧਿਆਨ ਖਿੱਚਣ ਲਈ ਸਰਕਾਰੀ ਇਮਾਰਤਾਂ, ਬਿਜਲੀ ਦੇ ਖੰਭਿਆਂ ਤੇ ਹੋਰ ਜਨਤਕ ਥਾਵਾਂ ’ਤੇ ਇਸ਼ਤਿਹਾਰਬਾਜ਼ੀ ਜੰਗੀ ਪੱਧਰ ’ਤੇ ਕੀਤੀ ਜਾ ਰਹੀ ਹੈ। ਬੇਸ਼ੱਕ ਪੰਜਾਬ ਸਰਕਾਰ ਵੱਲੋਂ ਅਜਿਹੀ ਇਸ਼ਤਿਹਾਰਬਾਜ਼ੀ ’ਤੇ ਪਾਬੰਦੀ ਲਾਈ ਗਈ ਹੈ ਪਰ ਆਪਣੇ ਨਿੱਜੀ ਲਾਭ ਲਈ ਕੰਪਨੀਆਂ ਵੱਲੋਂ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ। ਭਾਦਸੋਂ ਸ਼ਹਿਰ ਦੇ ਮੇਨ ਬੱਸ ਸਟਾਪ ਤੋਂ ਲੈ ਕੇ ਪੂਰੇ ਬਜ਼ਾਰ ’ਚ ਲੱਗੇ ਬਿਜਲੀ ਦੇ ਖੰਭਿਆਂ ’ਤੇ ਫਲੈਕਸ ਬੋਰਡ ਅਤੇ ਬੈਨਰ ਲਗਾਏ ਗਏ ਹਨ ਜੋ ਕਿ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਵਾਹਨ ਚਾਲਕਾਂ ਦਾ ਧਿਆਨ ਜਿਉਂ ਹੀ ਇਨਾਂ ਫਲੈਕਸ ਬੋਰਡਾਂ ਵੱਲ ਜਾਂਦਾ ਹੈ ਤਾਂ ਹਾਦਸਾ ਵਾਪਰ ਜਾਂਦਾ ਹੈ। ਦੀਵਾਲੀ ਕਾਰਨ ਬਜ਼ਾਰ ’ਚ ਸਵੇਰ ਤੋਂ ਦੇਰ ਰਾਤ ਤੱਕ ਭੀਡ਼ ਜੁੜੀ ਰਹਿੰਦੀ ਹੈ। ਲੋਕਾਂ ਦੀ ਪੁਲਸ ਵਿਭਾਗ ਕੋਲੋਂ ਇਹ ਮੰਗ ਹੈ ਕਿ ਇਨ੍ਹਾਂ ਫਲੈਕਸ ਬੋਰਡਾਂ ਤੇ ਇਸ਼ਤਿਹਾਰਾਂ ਨੂੰ ਉਤਾਰਿਆ ਜਾਵੇ। ਲੋਕਾਂ ’ਚ ਇਹ ਚਰਚਾ ਹੈ ਨਗਰ ਪੰਚਾਇਤ ਦੀ ਢਿੱਲੀ ਕਾਰਗੁਜ਼ਾਰੀ ਅਤੇ ਮਿਲੀਭੁਗਤ ਨਾਲ ਹੀ ਇਹ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ। ਕੀ ਕਹਿੰਦੇ ਹਨ ਕਾਰਜ-ਸਾਧਕ ਅਫਸਰ : ਜਦੋਂ ਇਸ ਮਾਮਲੇ ਬਾਰੇ ਨਗਰ ਪੰਚਾਇਤ ਭਾਦਸੋਂ ਦੇ ਕਾਰਜ-ਸਾਧਕ ਅਫਸਰ ਅਮਨਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਉਹ 4-5 ਦਿਨਾਂ ਦੀ ਟਰੇਨਿੰਗ ਲਈ ਸਟੇਸ਼ਨ ਤੋਂ ਬਾਹਰ ਗਏ ਹੋਏ ਹਨ। ਉਹ ਸੋਮਵਾਰ ਦਫਤਰ ਆ ਕੇ ਇਸ ਸਮੱਸਿਆ ਦਾ ਹੱਲ ਕਰਨਗੇ।