ਪੰਜਾਬ ’ਚ ਝੋਨੇ ਦੀ ਬਿਜਾਈ ਦੌਰਾਨ ਬਿਜਲੀ ਦੀ ਮੰਗ 14100 ਮੈਗਾਵਾਟ ਦਾ ਅੰਕੜਾ ਟੱਪੀ

06/20/2023 2:07:39 PM

ਪਟਿਆਲਾ (ਜ. ਬ., ਲਖਵਿੰਦਰ) : ਪੰਜਾਬ ’ਚ ਝੋਨੇ ਦੀ ਬਿਜਾਈ ਦਾ ਤੀਜਾ ਗੇੜ ਸ਼ੁਰੂ ਹੋਣ ਮਗਰੋਂ ਬਿਜਲੀ ਦੀ ਮੰਗ 14000 ਮੈਗਾਵਾਟ ਦਾ ਅੰਕੜਾ ਟੱਪ ਗਈ। ਬੀਤੇ ਦਿਨ ਦੁਪਹਿਰ 3.00 ਵਜੇ ਬਿਜਲੀ ਦੀ ਮੰਗ 14182 ਮੈਗਾਵਾਟ ਦਰਜ ਕੀਤੀ ਗਈ। ਪਾਵਰਕਾਮ ਇਸ ਵੇਲੇ ਉੱਤਰੀ ਗ੍ਰਿਡ ਤੋਂ 8500 ਮੈਗਾਵਾਟ ਬਿਜਲੀ ਲੈ ਰਿਹਾ ਹੈ ਜਦੋਂ ਕਿ 5600 ਮੈਗਾਵਾਟ ਬਿਜਲੀ ਦਾ ਉਤਪਾਦਨ ਇਹ ਆਪ ਕਰ ਰਿਹਾ ਹੈ। ਸਰਕਾਰੀ ਥਰਮਲਾਂ ਤੋਂ 1150 ਮੈਗਾਵਾਟ, ਪਣ ਬਿਜਲੀ ਪ੍ਰਾਜੈਕਟਾਂ ਤੋਂ 800 ਮੈਗਾਵਾਟ ਅਤੇ ਪ੍ਰਾਈਵੇਟ ਥਰਮਲਾਂ ਤੋਂ 3200 ਮੈਗਾਵਾਟ ਬਿਜਲੀ ਮਿਲ ਰਹੀ ਹੈ।

ਇਹ ਵੀ ਪੜ੍ਹੋ :  ਕਿਸਾਨਾਂ ਲਈ ਵੱਡੀ ਖ਼ਬਰ: ਪੰਜਾਬ ਸਰਕਾਰ ਨੇ ਟਰੈਕਟਰਾਂ ਦੀ ਰਜਿਸਟ੍ਰੇਸ਼ਨ ਸਬੰਧੀ ਲਿਆ ਅਹਿਮ ਫ਼ੈਸਲਾ

ਪਿਛਲੇ ਸਾਲ ਅੱਜ ਕੱਲ੍ਹ ਦੇ ਦਿਨਾਂ ਵਿਚ ਬਿਜਲੀ ਦੀ ਮੰਗ 11025 ਤੋਂ 11347 ਮੈਗਾਵਾਟ ਸੀ। ਇਸ ਸਾਲ ਬਿਜਲੀ ਦੀ ਮੰਗ ਪਿਛਲੇ ਸਾਲ ਦੇ ਮੁਕਾਬਲੇ 3000 ਮੈਗਾਵਾਟ ਜ਼ਿਆਦਾ ਦਰਜ ਕੀਤੀ ਗਈ ਹੈ। 21 ਜੂਨ ਨੂੰ ਝੋਨੇ ਦੀ ਲੁਆਈ ਦਾ ਅਖੀਰਲਾ ਗੇੜ ਸ਼ੁਰੂ ਹੋਣ ਮਗਰੋਂ ਬਿਜਲੀ ਦੀ ਮੰਗ 15500 ਮੈਗਾਵਾਟ ਟੱਪਣ ਦਾ ਅਨੁਮਾਨ ਹੈ। ਐਤਵਾਰ ਨੂੰ ਬਿਜਲੀ ਦੀ ਮੰਗ 11997 ਮੈਗਾਵਾਟ ਸੀ ਤੇ ਪਾਵਰਕਾਮ ਨੇ ਜਿਥੇ 2446 ਲੱਖ ਯੁੂਨਿਟ ਸਪਲਾਈ ਕੀਤੇ, ਉਥੇ ਹੀ 16.8 ਲੱਖ ਯੂਨਿਟ ਐਕਸਚੇਂਜ ਰਾਹੀਂ ਵੇਚੇ ਵੀ ਸਨ। ਲਹਿਰਾ ਮੁਹੱਬਤ ਥਰਮਲ ਪਲਾਂਟ ਵਿਚ 44 ਅਤੇ ਰੋਪੜ ਥਰਮਲ ਪਲਾਂਟ ਵਿਚ 27 ਦਿਨਾਂ ਦਾ ਕੋਲਾ ਪਿਆ ਹੈ। ਪ੍ਰਾਈਵੇਟ ਖੇਤਰ ਵਿਚ ਰਾਜਪੁਰਾ ਪਲਾਂਟ ਵਿਚ 34 ਦਿਨ, ਤਲਵੰਡੀ ਸਾਬੋ ਵਿਚ 6.5 ਦਿਨ ਅਤੇ ਜੀ. ਵੀ. ਕੇ. ਵਿਚ 2.6 ਦਿਨਾਂ ਦਾ ਕੋਲਾ ਭੰਡਾਰ ਪਿਆ ਹੈ।

ਇਹ ਵੀ ਪੜ੍ਹੋ : ਇਕ ਛੋਟੀ ਜਿਹੀ ਗ਼ਲਤੀ ਨਾਲ ਫੜੀ ਗਈ 8.49 ਕਰੋੜ ਦੀ ਲੁੱਟ ਨੂੰ ਅੰਜਾਮ ਦੇਣ ਵਾਲੀ ‘ਡਾਕੂ ਹਸੀਨਾ

ਪਣ ਬਿਜਲੀ ਪ੍ਰਾਜੈਕਟਾਂ ਦੇ ਡੈਮਾਂ ਵਿਚ ਵੀ ਪਾਣੀ ਪਿਛਲੇ ਸਾਲ ਨਾਲੋਂ ਜ਼ਿਆਦਾ ਹੈ। ਭਾਖੜਾ ਵਿਚ ਇਸ ਵੇਲੇ 1577 ਫੁੱਟ ਪਾਣੀ ਹੈ, ਜੋ ਪਿਛਲੇ ਸਾਲ ਨਾਲੋਂ 19.5 ਫੁੱਟ ਜ਼ਿਆਦਾ ਹੈ। ਰਣਜੀਤ ਸਾਗਰ ਡੈਮ ਵਿਚ 511.97 ਮੀਟਰ ਪਾਣੀ ਹੈ, ਜੋ ਪਿਛਲੇ ਸਾਲ ਦੇ 505.2 ਮੀਟਰ ਨਾਲੋਂ 6.7 ਮੀਟਰ ਜ਼ਿਆਦਾ ਹੈ। ਸੂਬੇ ਵਿਚ ਇਸ ਵੇਲੇ ਸਰਕਾਰੀ ਖੇਤਰ ਦੇ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਚਾਰੋਂ ਯੂਨਿਟ, ਲਹਿਰਾ ਮੁਹੱਬਤ ਸਥਿਤ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦੇ 4 ’ਚੋਂ 3 ਯੂਨਿਟ, ਪ੍ਰਾਈਵੇਟ ਖੇਤਰ ਦੇ ਰਾਜਪੁਰਾ ਸਥਿਤ ਨਾਭਾ ਪਾਵਰ ਲਿਮਟਿਡ ਦੇ ਦੋਵੇਂ ਯੂਨਿਟ, ਤਲਵੰਡੀ ਸਾਬੋ ਥਰਮਲ ਪਲਾਂਟ ਦੇ ਤਿੰਨੋਂ ਯੂਨਿਟ ਅਤੇ ਗੋਇੰਦਵਾਲ ਸਾਹਿਬ ਸਥਿਤ ਜੀ. ਵੀ. ਕੇ. ਦੇ 2 ’ਚੋਂ ਇਕ ਯੂਨਿਟ ਬਿਜਲੀ ਉਤਪਾਦਨ ਕਰ ਰਹੇ ਹਨ। ਇਨ੍ਹਾਂ ਤੋਂ ਇਲਾਵਾ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਵੱਲੋਂ ਔਸਤਨ 4.50 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ 80 ਕਰੋੜ ਰੁਪਏ ਤੋਂ ਵੱਧ ਦੀ ਬਿਜਲੀ ਰੋਜ਼ਾਨਾ ਖਰੀਦੀ ਜਾ ਰਹੀ ਹੈ।

ਹੁਣ ਸਿਰਫ਼ ਚੌਥਾ ਗੇੜ ਬਾਕੀ

ਸਰਕਾਰ ਵੱਲੋਂ ਪੰਜਾਬ ਨੂੰ ਝੋਨੇ ਦੀ ਲੁਆਈ ਲਈ ਚਾਰ ਜ਼ੋਨਾਂ ’ਚ ਵੰਡਿਆ ਗਿਆ ਸੀ, ਜਿਨ੍ਹਾਂ ਮੁਤਾਬਕ 10, 16, 19 ਅਤੇ 21 ਜੂਨ ਨੂੰ ਝੋਨੇ ਦੀ ਲੁਆਈ ਹੋਣੀ ਸੀ। ਅੱਜ 19 ਜੂਨ ਨੂੰ ਰੂਪਨਗਰ, ਐੱਸ. ਏ. ਐੱਸ. ਨਗਰ, ਕਪੂਰਥਲਾ, ਲੁਧਿਆਣਾ, ਫਾਜ਼ਿਲਕਾ, ਬਠਿੰਡਾ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ’ਚ ਝੋਨੇ ਦੀ ਲੁਆਈ ਸ਼ੁਰੂ ਹੋਈ ਹੈ ਤੇ ਹੁਣ 21 ਜੂਨ ਨੂੰ ਪਟਿਆਲਾ, ਜਲੰਧਰ, ਮੋਗਾ, ਸ੍ਰੀ ਮੁਕਤਸਰ ਸਾਹਿਬ, ਹੁਸਿਆਰਪੁਰ, ਸੰਗਰੂਰ, ਮਾਲੇਰਕੋਟਲਾ, ਬਰਨਾਲਾ ਅਤੇ ਮਾਨਸਾ ਜ਼ਿਲ੍ਹਿਆਂ ’ਚ ਝੋਨੇ ਦੀ ਲੁਆਈ ਸ਼ੁਰੂ ਹੋਵੇਗੀ।

Harnek Seechewal

This news is Content Editor Harnek Seechewal