ਸੁਖਬੀਰ ਬਾਦਲ ਨੇ ਢੱਡਰੀਆਂ ਵਾਲੇ ਸੰਤਾਂ ਨਾਲ ਕੀਤੀ ਮੁਲਾਕਾਤ, ਕਿਹਾ- ''''ਹਮਲਾਵਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ''''

05/21/2016 10:06:37 AM

ਪਟਿਆਲਾ (ਬਲਜਿੰਦਰ, ਪਰਮੀਤ, ਰਾਣਾ)—ਸਿੱਖ ਧਰਮ ਦੇ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ''ਤੇ ਦੋ ਦਿਨ ਪਹਿਲਾਂ ਹੀ ਜਾਨਲੇਵਾ ਹਮਲਾ ਹੋਇਆ ਹੈ ਜਿਸ ਵਿਚ ਉਹ ਵਾਲ-ਵਾਲ ਬਚੇ ਹਨ। ਇਸੇ ਕਾਰਨ ਪੰਜਾਬ ਦੇ ਉਪ-ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੰਤ ਢੱਡਰੀਆਂ ਵਾਲਿਆਂ ਦੇ ਗੁਰਦੁਆਰਾ ''ਪ੍ਰਮੇਸ਼ਵਰ ਦੁਆਰ'' ਸ਼ੇਖੂਪੁਰਾ ਪਹੁੰਚੇ। ਸੰਤ ਢੱਡਰੀਆਂ ਵਾਲਿਆਂ ਨਾਲ ਉਨ੍ਹਾਂ ਅੱਧਾ ਘੰਟਾ ਬੰਦ ਕਮਰਾ ਮੀਟਿੰਗ ਕੀਤੀ। ਮੀਟਿੰਗ ਵਿਚ ਸੰਤ ਢੱਡਰੀਆਂ ਵਾਲੇ ਅਤੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੀ ਸਨ। 
ਉਪ-ਮੁੱਖ ਮੰਤਰੀ ਅਤੇ ਸੰਤ ਢੱਡਰੀਆਂ ਵਾਲਿਆਂ ਨੇ ਸੰਯੁਕਤ ਤੌਰ ''ਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਪ-ਮੁੱਖ ਮੰਤਰੀ ਨੇ ਕਿਹਾ ਕਿ ਸੰਤ ਢੱਡਰੀਆਂ ਵਾਲੇ ਉੱਘੇ ਸਿੱਖ ਪ੍ਰਚਾਰਕ ਹਨ। ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰ ਰਹੇ ਹਨ, ਜਿਨ੍ਹਾਂ ''ਤੇ ਹਮਲਾ ਕਰਨਾ ਇੱਕ ਘਟੀਆ ਹਰਕਤ ਹੈ। ਹਮਲਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ''ਤੇ ਬਖਸ਼ਿਆ ਨਹੀਂ ਜਾਵੇਗਾ। ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਹਮਲਾਵਰਾਂ ਦੀ ਗ੍ਰਿਫਤਾਰੀ ਲਈ ਡੀ. ਜੀ. ਪੀ. ਪੰਜਾਬ ਵੱਲੋਂ ਇਕ ਵਿਸ਼ੇਸ਼ ਬਲ ਬਣਾਇਆ ਗਿਆ ਹੈ। ਜਲਦ ਹੀ ਸਾਰੇ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। 
ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਦੀ ਜਾਂਚ ''ਤੇ ਪੂਰਾ ਭਰੋਸਾ ਹੈ। ਦੁਜੇ ਪਾਸੇ ਉਨ੍ਹਾਂ ਫਿਲਹਾਲ ਸੁਰੱਖਿਆ ਲੈਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਸੰਤਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਹੋਰ ਲਾਇਸੰਸ ਜਾਰੀ ਕੀਤੇ ਜਾਣ। ਉਹ 26 ਮਈ ਨੂੰ ਬਾਬਾ ਭੁਪਿੰਦਰ ਸਿੰਘ ਦੇ ਭੋਗ ਸਮਾਗਮ ਵਿਚ ਸ਼ਿਰਕਤ ਕਰਨਗੇ। ਉੱਥੇ ਜੇਕਰ ਜ਼ਰੂਰਤ ਪਈ ਤਾਂ ਸਰਕਾਰ ਤੋਂ ਸੁਰੱਖਿਆ ਲੈ ਸਕਦੇ ਹਨ। ਸੰਤ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਸਭ ਤੋਂ ਖਾਸ ਪਹਿਲੂ ਇਹ ਹੈ ਕਿ ਹਮਲਾਵਰਾਂ ਨੂੰ ਤਾਂ ਗ੍ਰਿਫਤਾਰ ਕੀਤਾ ਹੀ ਜਾਵੇ, ਨਾਲ ਹੀ ਹਮਲਾ ਕਰਵਾਉਣ ਵਾਲਿਆਂ ਦੇ ਚਿਹਰਿਆਂ ਤੋਂ ਨਕਾਬ ਉਤਾਰੇ ਜਾਣ ਤਾਂ ਜੋ ਸਿੱਖ ਸਮਾਜ ਵਿਚ ਵੰਡੀਆਂ ਪਾਉਣ ਵਾਲਿਆਂ ਦੇ ਚਿਹਰੇ ਸਭ ਦੇ ਸਾਹਮਣੇ ਆਉਣ। ਇਸ ਤੋਂ ਪਹਿਲਾਂ ਵੀਰਵਾਰ ਸਵੇਰੇ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਐੈੱਸ. ਐੈੱਸ. ਪੀ. ਗੁਰਮੀਤ ਸਿੰਘ ਚੌਹਾਨ ਨੇ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦਾ ਦੌਰਾ ਕਰ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। 
ਅੱਜ ਸੁਖਬੀਰ ਬਾਦਲ ਨਾਲ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਯੂਥ ਅਕਾਲੀ ਦਲ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ, ਰਣਧੀਰ ਸਿੰਘ ਰੱਖੜਾ, ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਬੱਬੀ ਖਹਿਰਾ, ਚੇਅਰਮੈਨ ਭੁਪਿੰਦਰ ਸਿੰਘ ਰੋਡਾ ਡਕਾਲਾ, ਚੇਅਰਮੈਨ ਮਲਕੀਤ ਡਕਾਲਾ, ਜਸਬੀਰ ਸਿੰਘ ਰੁਪਾਣਾ ਦੇਵੀਨਗਰ, ਇੰਦਰਜੀਤ ਰੱਖੜਾ, ਕਰਮਜੀਤ ਰੱਖੜਾ, ਤਰਲੋਚਨ ਸਿੰਘ, ਜਥੇ. ਪਵਿੱਤਰ ਸਿੰਘ ਡਕਾਲਾ, ਜਥੇ. ਹਰਜਿੰਦਰ ਸਿੰਘ ਬੱਲ, ਜਸਵਿੰਦਰ ਸਿੰਘ ਚੀਮਾ, ਨੈਬ ਸਿੰਘ ਡਕਾਲਾ, ਜਗਰੂਪ ਸਿੰਘ ਫਤਿਹਪੁਰ, ਪ੍ਰਗਟ ਸਿੰਘ ਆਦਿ ਵੀ ਹਾਜ਼ਰ ਸਨ।