ਭਿਆਨਕ ਹਾਦਸੇ ’ਚ ਕਿਸਾਨ ਦੀ ਮੌਤ, ਪੁਲਸ ਨੇ ਦਰਜ ਕੀਤਾ ਮਾਮਲਾ

03/04/2024 6:00:43 PM

ਸਮਾਣਾ (ਦਰਦ, ਅਸ਼ੋਕ) : ਐਤਵਾਰ ਸ਼ਾਮ ਸਮਾਣਾ-ਪਾਤੜਾਂ ਸੜਕ ’ਤੇ ਪਿੰਡ ਸ਼ਾਹਪੁਰ ਬੱਸ ਸਟੈਂਡ ’ਤੇ ਇਕ ਸਵਾਰੀ ਗੱਡੀ ਵੱਲੋਂ ਮਾਰੀ ਗਈ ਟੱਕਰ ’ਚ ਐਕਟਿਵਾ ਸਵਾਰ ਕਿਸਾਨ ਦੀ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਮਵੀਕਲਾਂ ਪੁਲਸ ਮੁਖੀ ਸਬ-ਇੰਸਪੈਕਟਰ ਸਾਹਿਬ ਸਿੰਘ ਨੇ ਦੱਸਿਆ ਕਿ ਮ੍ਰਿਤਕ ਟੇਕ ਸਿੰਘ (65) ਨਿਵਾਸੀ ਪਿੰਡ ਸ਼ਾਹਪੁਰ ਦੇ ਪੁੱਤਰ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਐਤਵਾਰ ਸ਼ਾਮ ਉਸ ਦਾ ਪਿਤਾ ਐਕਟਿਵਾ ’ਤੇ ਆਪਣੇ ਖੇਤ ਜਾ ਰਿਹਾ ਸੀ ਕਿ ਬੱਸ ਅੱਡਾ ਸ਼ਾਹਪੁਰ ਨੇੜੇ ਪਿੱਛੋਂ ਆ ਰਹੀ ਇਕ ਗੱਡੀ ਚਾਲਕ ਨੇ ਲਾਪ੍ਰਵਾਹੀ ਨਾਲ ਉਸ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ।

ਹਾਦਸੇ ’ਚ ਗੰਭੀਰ ਜ਼ਖਮੀ ਉਸ ਦੇ ਪਿਤਾ ਨੂੰ ਸਿਵਲ ਹਸਪਤਾਲ ਸਮਾਣਾ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਉਪਰੰਤ ਚਾਲਕ ਗੱਡੀ ਨੂੰ ਹਾਦਸੇ ਵਾਲੀ ਥਾਂ ਛੱਡ ਕੇ ਫਰਾਰ ਹੋ ਗਿਆ। ਅਧਿਕਾਰੀ ਅਨੁਸਾਰ ਪੁਲਸ ਨੇ ਗੱਡੀ ਨੂੰ ਆਪਣੇ ਕਬਜ਼ੇ ’ਚ ਲੈ ਕੇ ਅਣਪਛਾਤੇ ਚਾਲਕ ਖ਼ਿਲਾਫ ਮਾਮਲਾ ਦਰਜ ਕਰ ਉਸ ਦੀ ਭਾਲ ਸ਼ੁਰੂ ਕਰ ਦਿੱਤੀ, ਜਦੋਂ ਕਿ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।

Gurminder Singh

This news is Content Editor Gurminder Singh