ਸ਼ੌਕਤ ਅਲੀ : ਪੰਜਾਬੀ ਲੋਕ ਗਾਇਕੀ ਦਾ ਬੱਬਰ ਸ਼ੇਰ

04/12/2021 6:16:13 PM

ਸ਼ੌਕਤ ਅਲੀ ਧਰਤੀ ਦਾ ਉਹ ਸੁਲੱਗ ਪੁੱਤਰ ਸੀ, ਜਿਸ ਨੇ ਆਪਣੀ ਆਵਾਜ਼ ਨੂੰ ਕਦੇ ਵੀ ਵਪਾਰਕ ਬਿਰਤੀ ਅਧੀਨ ਮੈਲਾ ਨਹੀਂ ਹੋਣ ਦਿੱਤਾ। ਉਸ ਦੇ ਗਾਏ ਗੀਤਾਂ ਨੇ ਪੁਸ਼ਤਾਂ ਨੂੰ ਸਿੰਜਿਆ ਹੈ। ਮੇਰੇ ਵਰਗੇ ਕਿੰਨੇ ਲੋਕ ਹੋਣਗੇ, ਜਿਨ੍ਹਾਂ ਦੀਆਂ ਰਗਾਂ ’ਚ ਸ਼ੌਕਤ ਅਲੀ ਦੇ ਮੁੱਢਲੇ ਗੀਤਾਂ ਦੀ ਗੁੜ੍ਹਤੀ ਹੈ। ਰੇਡੀਓ ਲਾਹੌਰ ਤੇ ਆਕਾਸ਼ਵਾਣੀ ਜਲੰਧਰ ਦਿਨ ’ਚ ਕਈ-ਕਈ ਵਾਰ ਉਨ੍ਹਾਂ ਦਾ ਇਹ ਗੀਤ 1965-66 ਤੋਂ ਲਗਾਤਾਰ ਵਜਾਉਂਦੇ ਰਹੇ।

ਕਾਹਨੂੰ ਦੂਰ-ਦੂਰ ਰਹਿੰਦੇ ਓ ਹਜ਼ੂਰ ਮੇਰੇ ਕੋਲੋਂ 
ਮੈਨੂੰ ਦੱਸ ਦਿਓ ਹੋਇਆ ਕੀ ਕਸੂਰ ਮੇਰੇ ਕੋਲੋਂ,
ਕਿੱਥੋਂ ਸਿੱਖੀਆਂ ਨੇ ਤੁਸਾਂ ਨਜ਼ਰਾਂ ਚੁਰਾਉਣੀਆਂ 
ਕਦੀ ਹੱਸ ਕੇ ਤੇ ਬੋਲੋ ਮੇਰੇ ਦਿਲ ਜਾਨੀਆਂ। 
ਓਏ ਮੇਰੀ ਜ਼ਿੰਦਗੀ ਦਾ ਖੋਹਿਓਂ ਨਾ ਸਰੂਰ ਮੇਰੇ ਕੋਲੋਂ। 

ਲਿਖ-ਲਿਖ ਚਿੱਠੀਆਂ ਮੈਂ ਥੱਕੀਆਂ ਵੇ ਅੱਲਾ ਕੋਈ ਜਵਾਬ ਨਹੀਂ ਆਇਆ। 
ਮੇਰਾ ਕਿਸੇ ਨਾ ਦਰਦ ਵੰਡਾਇਆ। 
ਗਿਆ ਮਾਹੀ ਤਾਂ ਇੰਗਲਿਸਤਾਨ ਏਂ
ਪਾ ਗਿਆ ਦੁੱਖਾਂ ਦੇ ’ਚ ਜਿੰਦ ਜਾਨ ਏਂ। 
ਸੜ ਜਾਏ ਗੋਰਾ ਜਗ ਵੇ ਜਿਸ ਪਾਕਿਸਤਾਨ ਛੁਡਾਇਆ

ਸ਼ੌਕਤ ਅਲੀ ਦਾ ਬਾਪ ਭਾਟੀ ਗੇਟ ਲਾਹੌਰ ’ਚ ਦਰਜੀ ਸੀ ਭਾਵੇਂ ਪਰ ਪੱਕੇ ਰਾਗ ਦਾ ਟਕਸਾਲੀ ਗਵੱਈਆ ਸੀ। ਬਾਪ ਜਦ ਮੋਇਆ ਤਾਂ ਸ਼ੌਕਤ ਸਿਰਫ਼ ਤਿੰਨ ਸਾਲ ਦਾ ਸੀ। ਵੱਡਾ ਵੀਰ ਇਨਾਇਤ ਅਲੀ ਨੌਂ ਸਾਲ ਦਾ ਸੀ। ਸੱਤ ਭੈਣ-ਭਰਾ ਵਿਧਵਾ ਮਾਂ ਲਈ ਲਾਹੌਰ ਰੱਖ ਕੇ ਪਾਲਣੇ ਮੁਹਾਲ ਸਨ। ਉਹ ਸਾਰੇ ਨਿਆਣੇ ਨਿੱਕੇ ਲੈ ਕੇ ਜੱਦੀ ਪਿੰਡ ਮਲਕਵਾਲ (ਨੇੜੇ ਮੰਡੀ ਬਹਾਉਦੀਨ) ਜ਼ਿਲ੍ਹਾ ਗੁਜਰਾਤ ਜਾ ਬੈਠੀ। ਸ਼ੌਕਤ ਅਲੀ ਦਾ ਦਾਦਾ ਉਥੇ ਰਹਿੰਦਾ ਸੀ ਉਦੋਂ। ਉਸ ਟੱਬਰ ਦੀ ਪਰਵਰਿਸ਼ ਕੀਤੀ। ਪਿੰਡ ਦੇ ਸਕੂਲ ’ਚ ਪੜ੍ਹਦਿਆਂ ਉਹ ਸਵੇਰ ਦੀ ਪ੍ਰਾਰਥਨਾ ’ਚ ਗਾਉਂਦਾ। ਸ਼ੌਕਤ ਅਲੀ ਨੇ ਸੰਗੀਤ ਦੀ ਮੁੱਢਲੀ ਤਾਲੀਮ ਆਪਣੇ ਵੱਡੇ ਵੀਰ ਇਨਾਇਤ ਅਲੀ ਸਾਹਿਬ ਤੋਂ ਲਈ। ਇਹ ਓਹੀ ਇਨਾਇਤ ਅਲੀ ਹੈ, ਜਿਸ ਨੇ ਸਭ ਤੋਂ ਪਹਿਲਾਂ ਛੱਲਾ ਗਾਇਆ ਸੀ।

ਇਹ ਖ਼ਬਰ ਵੀ ਪੜ੍ਹੋ : ਕੋਰੋਨਾ ਨੈਗੇਟਿਵ ਆਏ ਅਕਸ਼ੇ ਕੁਮਾਰ, ਪਤਨੀ ਨੇ ਇੰਝ ਕੀਤਾ ਘਰ ’ਚ ਸੁਆਗਤ

ਛੱਲਾ ਬੇਰੀ ਬੂਰ ਏ। 
ਵਤਨ ਮਾਹੀ ਦਾ ਦੂਰ ਏ
ਜਾਣਾ ਪਹਿਲੇ ਪੂਰ ਏ
ਓ ਗੱਲ ਸੁਣ ਛੱਲਿਆ! 
ਢੋਰਾ ਵੇ ਕਾਹਨੂੰ ਲਾਇਆ ਈ ਝੋਰਾ।

ਇਹੀ ਛੱਲਾ ਜਦ ਸ਼ੌਕਤ ਅਲੀ ਨੇ ਗਾਇਆ ਤਾਂ ਪੂਰੇ ਗਲੋਬ ਨੇ ਹੁੰਗਾਰਾ ਭਰਿਆ। ਦੁਨੀਆ ਭਰ ਦੇ ਰੇਡੀਓ ਇਹ ਗੀਤ ਫੁਰਮਾਇਸ਼ ’ਚ ਸੁਣਾ-ਸੁਣਾ ਕਮਲ਼ੇ ਹੋ ਗਏ। ਮੇਰੀ ਤੋਬਾ! ਸ਼ੌਕਤ ਅਲੀ ਆਵਾਜ਼ ਨੂੰ ਬਹੁਤ ਖੂਬਸੂਰਤ ਅੰਦਾਜ਼ ’ਚ ਮਰੋੜਦਾ ਸੀ। ਕਲਾਸੀਕਲ ਅੰਗ ਲਾ ਕੇ ਵੀ ਲੋਕ ਸੰਗੀਤ ਦੀ ਆਭਾ ਨਹੀਂ ਸੀ ਮਰਨ ਦੇਂਦਾ। ਉਹ ਸ਼ਬਦਾਂ ਨੂੰ ਨਚਾਉਂਦਾ ਸੀ। ਵਜਦ ’ਚ ਲਿਆਉਂਦਾ ਸੀ। ਗਾਉਂਦਾ-ਗਾਉਂਦਾ ਖ਼ੁਦ ਸਰੂਰ ’ਚ ਆ ਜਾਂਦਾ। ਉਸ ਨੂੰ ਸੁਣਨਾ ਵੀ ਵਿਸਮਾਦੀ ਪਲਾਂ ਦੇ ਅਹਿਸਾਸ ਵਰਗਾ ਸੀ।

ਸੁਰੀਲਾ ਗਾਇਕ ਸੁਖਨੈਨ ਦੱਸਦਾ ਹੈ ਕਿ ਇਕ ਵਾਰ ਟੋਰੰਟੋ (ਕੈਨੇਡਾ) ’ਚ ਇਕਬਾਲ ਮਾਹਲ ਸਾਹਿਬ ਨੇ ਸ਼ੌਕਤ ਅਲੀ ਸਾਹਿਬ ਨਾਲ ਮੇਰਾ ਪ੍ਰੋਗਰਾਮ ਵੀ ਰੱਖ ਲਿਆ। ਮੇਰੇ ਲਈ ਗਾਉਣਾ ਤਾਂ ਸੁਭਾਗ ਹੈ ਹੀ ਸੀ, ਸ਼ੌਕਤ ਅਲੀ ਨੂੰ ਸੁਣਨਾ ਉਸ ਤੋਂ ਵੱਡੀ ਪ੍ਰਾਪਤੀ ਸੀ। ਪੂਰਾ ਵਜੂਦ ਵਜਦ ’ਚ ਲਿਆ ਕੇ ਪੂਰੇ ਵਸਤਰ ਵੀ ਨਾਲ-ਨਾਲ ਗਾਉਣ ਲਾ ਲੈਂਦਾ। ਉਸ ਕੋਲ ਸਿੱਖਣ ਲਈ ਬਹੁਤ ਕੁਝ ਸੀ। ਵੱਡੀ ਲਿਆਕਤ ਵਾਲਾ ਵੱਡਾ ਕਲਾਕਾਰ ਸੀ ਉਹ।

ਇਹ ਖ਼ਬਰ ਵੀ ਪੜ੍ਹੋ : ਕੋਰੋਨਾ ਪਾਜ਼ੇਟਿਵ ਕੈਟਰੀਨਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਲਿਖਿਆ ਖ਼ਾਸ ਸੁਨੇਹਾ

ਚੌਥੀ ਪੰਜਵੀਂ ਪੁਸ਼ਤ ਸੀ ਉਸ ਦੇ ਖ਼ਾਨਦਾਨ ’ਚ ਗਾਉਣ ਵਾਲਿਆਂ ਦੀ। ਸ਼ੌਕਤ ਅਲੀ ਦੇ ਵਿਛੋੜੇ ਤੇ ਉਸ ਨਾਲ ਬਿਤਾਏ ਪਲ ਸਭ ਨੂੰ ਚੇਤੇ ਆਏ ਪਰ ਮੈਂ ਗੱਲ ਆਪਣੇ ਆਪ ਤੋਂ ਸ਼ੁਰੂ ਕਰਾਂਗਾ। ਬਚਪਨ ਤੋਂ ਹੀ ਮਨ ’ਚ ਤਾਂਘ ਸੀ ਕਿ ਸ਼ੌਕਤ ਅਲੀ ਨੂੰ ਸੁਣਿਆ ਜਾਵੇ। ਫਿਰ ਜੀ ਕੀਤਾ ਕਿ ਵੇਖਿਆ ਜਾਵੇ, ਫਿਰ ਮਨ ’ਚ ਆਇਆ ਕਿ ਮਿਲਿਆ ਜਾਵੇ। ਰੇਡੀਓ ’ਤੇ ਸੁਣ ਲਿਆ, ਟੀ. ਵੀ. ’ਤੇ ਵੇਖ ਲਿਆ ਪਰ ਮਿਲਣ ਵਾਲੀ ਰੀਝ 1996 ’ਚ ਪੂਰੀ ਹੋਈ, ਜਦ ਉਹ ਮੋਹਾਲੀ ਲੋਕ ਸੰਗੀਤ ਉਤਸਵ ਲਈ ਹਰਨੇਕ ਸਿੰਘ ਘੜੂੰਆਂ ਤੇ ਪੰਮੀ ਬਾਈ ਨੇ ਨੱਚਦੀ ਜਵਾਨੀ ਕਲਚਰਲ ਸੋਸਾਇਟੀ ਵਲੋਂ ਬੁਲਾਇਆ। ਇਨਾਇਤ ਹੁਸੈਨ ਭੱਟੀ, ਰੇਸ਼ਮਾਂ ਦੇ ਨਾਲ ਸ਼ੌਕਤ ਅਲੀ ਤੇ ਅਕਰਮ ਰਾਹੀ ਵੀ ਸਨ। ਅਟਾਰੀ ਰੇਲਵੇ ਸਟੇਸ਼ਨ ਤੋਂ ਸ: ਜਗਦੇਵ ਸਿੰਘ ਜੱਸੋਵਾਲ ਤੇ ਮੈਂ ਅੱਗਲਵਾਂਢੀ ਲੈਣ ਗਏ। ਤੇਲ ’ਚੋਂ ਕੇ ਗੁੜ ਮੂੰਹ ਨੂੰ ਲਾ ਜਦ ਇਨ੍ਹਾਂ ਕਲਾਕਾਰਾਂ ਨੂੰ ਭਾਰਤੀ ਜੂਹ ’ਚ ਲਿਆਂਦਾ ਤਾਂ ਸ਼ੌਕਤ ਅਲੀ ਨੂੰ ਮਿਲਣਾ ਸੁਪਨੇ ਦੀ ਪੂਰਤੀ ਵਾਂਗ ਲੱਗ ਰਿਹਾ ਸੀ। ਜਾਪਿਆ ਜਿਵੇਂ ਮੀਨਾਰ ਏ ਪਾਕਿਸਤਾਨ ਸਾਡੇ ਨਾਲ-ਨਾਲ ਤੁਰ ਰਿਹਾ ਹੋਵੇ। ਅਟਾਰੀਓਂ ਅੰਬਰਸਰ ਤੀਕ ਉਹ ਸਾਡੇ ਵਾਲੀ ਕਾਰ ’ਚ ਰਹੇ। ਜੱਸੋਵਾਲ ਸਾਹਿਬ ਰਾਹ ’ਚ ਹੀ ਸੇਵਾ ਕਰਨ ਦੇ ਮੂਡ ’ਚ ਸਨ ਪਰ ਸ਼ੌਕਤ ਬੋਲਿਆ, ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕਾਂਗੇ, ਮਗਰੋਂ ਟਹਿਲ ਸੇਵਾ ਜਿੰਨੀ ਮਰਜ਼ੀ ਕਰਿਓ ਸਰਦਾਰੋ। ਅਸੀਂ ਕਿਤੇ ਭੱਜ ਚੱਲੇ ਆਂ।

ਬਾਕੀ ਕਲਾਕਾਰ ਵੀ ਮਗਰੇ ਮਗਰ ਦਰਬਾਰ ਸਾਹਿਬ ਆ ਗਏ। ਸੂਚਨਾ ਕੇਂਦਰ ’ਚ ਮੂੰਹ ਹੱਥ ਧੋ ਮੱਥਾ ਟੇਕਿਆ। ਪਰਤੇ ਤਾਂ ਸੂਚਨਾ ਅਧਿਕਾਰੀ ਅਮਰਜੀਤ ਸਿੰਘ ਗਰੇਵਾਲ ਕਹਿਣ ਲੱਗਾ, ਇਕ-ਅੱਧ ਬੋਲ ਸੁਣਾ ਦਿਓ ਗਾ ਕੇ। ਉਸ ਦਿਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਸੀ। ਮੈਂ ਝਿਜਕ ਰਿਹਾ ਸਾਂ ਕਿ ਇਹ ਕੀ ਸੁਣਾਉਣਗੇ? 

ਏਨੇ ਨੂੰ ਸ਼ੌਕਤ ਅਲੀ ਨੇ ਅਲਾਪ ਲੈ ਕੇ ਕਬੀਰ ਜੀ ਦਾ ਸ਼ਬਦ ਛੋਹਿਆ
ਅੱਵਲ ਅੱਲ੍ਹਾ ਨੂਰ ਉਪਾਇਆ, ਕੁਦਰਤ ਦੇ ਸਭ ਬੰਦੇ।
ਏਕ ਨੂਰ ਤੇ ਸਭ ਜਗ ਉਪਜਿਆ ਕੌਨ ਭਲੇ ਕੌਨ ਮੰਦੇ।
ਬਾਕੀ ਕਲਾਕਾਰ ਰੇਸ਼ਮਾ, ਇਨਾਇਤ ਹੁਸੈਨ ਭੱਟੀ ਕੇ ਅਕਰਮ ਰਾਹੀ ਨਾਲ ਸਾਥ ਦੇ ਰਹੇ ਸਨ।

–ਗੁਰਭਜਨ ਗਿੱਲ

Rahul Singh

This news is Content Editor Rahul Singh