ਪਾਕਿਸਤਾਨ ਅਤੇ ਚੀਨ ਕਿਉਂ ਭੱਜ ਰਹੇ ਹਨ

11/07/2021 12:52:21 PM

ਡਾ. ਵੇਦਪ੍ਰਤਾਪ ਵੈਦਿਕ

ਇਹ ਖੁਸ਼ੀ ਦੀ ਗੱਲ ਹੈ ਕਿ ਅਫਗਾਨਿਸਤਾਨ ਨੂੰ ਲੈ ਕੇ ਸਾਡੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਚੰਗੀ ਪਹਿਲ ਕੀਤੀ ਹੈ। ਉਨ੍ਹਾਂ ਨੇ ਪਾਕਿਸਤਾਨ, ਚੀਨ, ਈਰਾਨ, ਰੂਸ ਅਤੇ ਮੱਧ ਏਸ਼ੀਆ ਦੇ ਪੰਜਾਂ ਗਣਤੰਤਰਾਂ ਦੇ ਸੁਰੱਖਿਆ ਸਲਾਹਕਾਰਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਹੈ ਤਾਂ ਕਿ ਉਹ ਸਾਰੇ ਰਲ ਕੇ ਅਫਗਾਨਿਸਤਾਨ ਦੇ ਸੰਕਟ ਨਾਲ ਨਜਿੱਠਣ ਦੀ ਸਾਂਝੀ ਨੀਤੀ ਬਣਾ ਸਕਣ। ਇਨ੍ਹਾਂ ਦੇਸ਼ਾਂ ਦੀ ਇਹ ਬੈਠਕ 10 ਤੋਂ 13 ਨਵੰਬਰ ਤੱਕ ਚੱਲਣੀ ਹੈ। ਜ਼ਾਹਿਰ ਹੈ ਕਿ ਹਰ ਦੇਸ਼ ਦੇ ਆਪਣੇ-ਆਪਣੇ ਰਾਸ਼ਟਰਹਿੱਤ ਹੁੰਦੇ ਹਨ, ਇਸ ਲਈ ਸਾਰੇ ਮਿਲ ਕੇ ਕੋਈ ਇਕ-ਸਮਾਨ ਨੀਤੀ ’ਤੇ ਸਹਿਮਤ ਹੋ ਜਾਣ, ਇਹ ਸੌਖਾ ਨਹੀਂ ਪਰ ਪਾਕਿਸਤਾਨ ਅਤੇ ਚੀਨ ਦਾ ਵਤੀਰਾ ਅਜੀਬੋ-ਗਰੀਬ ਹੈ।

ਚੀਨ ਨੇ ਤਾਂ ਅਜੇ ਤੱਕ ਨਹੀਂ ਦੱਸਿਆ ਹੈ ਕਿ ਇਸ ਬੈਠਕ ’ਚ ਉਹ ਆਪਣਾ ਪ੍ਰਤੀਨਿਧੀ ਭੇਜ ਰਿਹਾ ਹੈ ਜਾਂ ਨਹੀਂ? ਪਾਕਿਸਤਾਨ ਉਸ ਤੋਂ ਵੀ ਅੱਗੇ ਨਿਕਲ ਗਿਆ ਹੈ। ਉਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੋਇਦ ਯੂਸੁਫ ਨੇ ਦਿੱਲੀ ਆਉਣ ਤੋਂ ਹੀ ਨਾਂਹ ਕਰ ਦਿੱਤੀ ਹੈ ਪਰ ਉਨ੍ਹਾਂ ਨੇ ਇਕ ਅਜਿਹਾ ਬਿਆਨ ਦੇ ਦਿੱਤਾ ਹੈ, ਜੋ ਸਮਝ ਦੇ ਬਾਹਰ ਹੈ।

ਯੂਸੁਫ ਨੇ ਕਹਿ ਦਿੱਤਾ ਹੈ ਕਿ ‘‘ਭਾਰਤ ਤਾਂ ਕੰਮ ਵਿਗਾੜੂ ਹੈ। ਉਹ ਸ਼ਾਂਤੀਦੂਤ ਕਿਵੇਂ ਬਣ ਸਕਦਾ ਹੈ।’’ ਯੂਸੁਫ ਜ਼ਰਾ ਦੱਸੇ ਕਿ ਭਾਰਤ ਨੇ ਅਫਗਾਨਿਸਤਾਨ ’ਚ ਕਿਹੜਾ ਕੰਮ ਵਿਗਾੜਿਆ ਹੈ? ਪਿਛਲੇ 50-60 ਸਾਲ ਤੋਂ ਤਾਂ ਮੈਂ ਅਫਗਾਨਿਸਤਾਨ ਦੇ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ’ਚ ਜਾਂਦਾ ਰਿਹਾ ਹਾਂ। ਉੱਥੋਂ ਦੇ ਸਾਰੇ ਸੱਤਾਧਾਰੀ ਅਤੇ ਵਿਰੋਧੀ ਨੇਤਾਵਾਂ ਨਾਲ ਮੇਰਾ ਸੰਪਰਕ ਰਿਹਾ ਹੈ। ਅੱਜ ਤੱਕ ਕਿਸੇ ਅਫਗਾਨ ਦੇ ਮੂੰਹ ’ਚੋਂ ਮੈਂ ਅਜਿਹੀ ਗੱਲ ਨਹੀਂ ਸੁਣੀ ਜਿਵੇਂ ਯੂਸੁਫ ਕਹਿ ਰਹੇ ਹਨ।

ਭਾਰਤ ਨੇ ਪਿਛਲੇ 5-6 ਦਹਾਕੇ ਅਤੇ ਖਾਸ ਕਰ ਕੇ ਪਿਛਲੇ 20 ਸਾਲ ’ਚ ਉੱਥੇ ਇੰਨਾ ਨਿਰਮਾਣ-ਕਾਰਜ ਕੀਤਾ ਹੈ, ਜਿੰਨਾ ਕਿਸੇ ਹੋਰ ਦੇਸ਼ ਨੇ ਨਹੀਂ ਕੀਤਾ। ਹੁਣ ਵੀ ਭਾਰਤ 50,000 ਟਨ ਕਣਕ ਕਾਬੁਲ ਭੇਜਣਾ ਚਾਹੁੰਦਾ ਹੈ ਪਰ ਪਾਕਿਸਤਾਨ ਉਸ ਨੂੰ ਕਾਬੁਲ ਤੱਕ ਲੈ ਜਾਣ ਲਈ ਸੜਕੀ ਰਾਹ ਦੇਣ ਨੂੰ ਤਿਆਰ ਨਹੀਂ ਹੈ। ਭੁੱਖਮਰੀ ਦੇ ਸ਼ਿਕਾਰ ਹੋ ਰਹੇ ਅਫਗਾਨਾਂ ਦੀ ਨਜ਼ਰ ’ਚ ਪਾਕਿਸਤਾਨ ਦਾ ਅਕਸ ਉੱਠੇਗਾ ਜਾਂ ਡਿੱਗੇਗਾ? ਪਾਕਿਸਤਾਨ ਆਪਣਾ ਨੁਕਸਾਨ ਖੁਦ ਕਰ ਰਿਹਾ ਹੈ। ਉਹ ਲੱਖਾਂ ਅਫਗਾਨਾਂ ਨੂੰ ਮਜਬੂਰ ਕਰ ਰਿਹਾ ਹੈ ਕਿ ਉਹ ਪਾਕਿਸਤਾਨ ਨੂੰ ਆ ਧਮਕਣ।

ਇਹ ਅਜਿਹਾ ਦੁਰਲੱਭ ਮੌਕਾ ਸੀ, ਜਿਸ ਦਾ ਲਾਭ ਉਠਾ ਕੇ ਭਾਰਤ ਨਾਲ ਪਾਕਿਸਤਾਨ ਲੰਬੀ ਅਤੇ ਡੂੰਘੀ ਗੱਲ ਸ਼ੁਰੂ ਕਰ ਸਕਦਾ ਸੀ। ਕਸ਼ਮੀਰ ਅਤੇ ਸਭ ਤੋਂ ਵੱਧ ਸਹਾਇਤਾ ਪ੍ਰਾਪਤ ਰਾਸ਼ਟਰਾਂ ਵਰਗੇ ਮੁੱਦਿਆਂ ’ਤੇ ਵੀ ਗੱਲ ਸ਼ੁਰੂ ਹੋ ਸਕਦੀ ਸੀ। ਭਿਆਨਕ ਆਰਥਿਕ ਸੰਕਟ ਨਾਲ ਜੂਝਦਾ ਪਾਕਿਸਤਾਨ ਇਸ ਮੌਕੇ ਨੂੰ ਹੱਥੋਂ ਕਿਉਂ ਤਿਲਕਣ ਦੇ ਰਿਹਾ ਹੈ?

ਜਿਥੋਂ ਤੱਕ ਚੀਨ ਦਾ ਸਵਾਲ ਹੈ, ਜੇਕਰ ਉਹ ਇਸ ਬੈਠਕ ’ਚ ਹਿੱਸਾ ਨਹੀਂ ਲਵੇਗਾ ਤਾਂ ਪਾਕਿਸਤਾਨ ਦਾ ਪਿਛਲੱਗੂ ਅਖਵਾਵੇਗਾ। ਮਹਾਸ਼ਕਤੀ ਅਖਵਾਉਣ ਦਾ ਉਸ ਦਾ ਅਕਸ ਵੀ ਵਿਗੜੇਗਾ। ਜਦੋਂ ਉਸ ਦੇ ਵੱਡੇ ਫੌਜੀ ਅਫਸਰ ਗਲਵਾਨ ਘਾਟੀ ਵਰਗੇ ਨਾਜ਼ੁਕ ਮੁੱਦੇ ’ਤੇ ਭਾਰਤੀ ਅਫਸਰਾਂ ਨਾਲ ਗੱਲ ਕਰ ਸਕਦੇ ਹਨ ਤਾਂ ਉਸ ਦੇ ਸੁਰੱਖਿਆ ਸਲਾਹਕਾਰ ਦਿੱਲੀ ਕਿਉਂ ਨਹੀਂ ਆ ਸਕਦੇ? ਜੇਕਰ ਉਹ ਦਿੱਲੀ ਨਹੀਂ ਆਉਣਾ ਚਾਹੁੰਦੇ ਤਾਂ ਨਾ ਆਉਣ, ਉਹ ‘ਜ਼ੂਮ’ ’ਚ ਹੀ ਗੱਲ ਕਰ ਲੈਣ। ਅਫਗਾਨਿਸਤਾਨ ਦੇ ਗੁਆਂਢੀ ਦੇਸ਼ਾਂ ਦੀ ਇਕਜੁੱਟ ਮਦਦ ਦੇ ਬਿਨਾਂ ਅਫਗਾਨ-ਸੰਕਟ ਦਾ ਹੱਲ ਹੋਣਾ ਅਸੰਭਵ ਹੈ।

rajwinder kaur

This news is Content Editor rajwinder kaur