ਪਾਕਿ ਫ਼ੌਜ ਵੱਲੋਂ 4 ਮਹੀਨਿਆਂ ’ਚ ਘਰਾਂ ਤੋਂ ਚੁੱਕੇ 952 ਲੋਕ ਲਾਪਤਾ,  70 ਫ਼ੀਸਦ ਗ਼ੈਰ-ਮੁਸਲਿਮ

05/15/2021 3:58:24 PM

ਗੁਰਦਾਸਪੁਰ/ਇਸਲਾਮਾਬਾਦ (ਜ. ਬ.) : ਫਰਜੀ ਲੋਕਤੰਤਰ ਹੋਣ ਕਾਰਨ ਪਾਕਿਸਤਾਨ ਮਨੁੱਖਤਾ ਲਈ ਹਮੇਸ਼ਾ ਖ਼ਤਰੇ ਦਾ ਘਰ ਬਣਿਆ ਰਿਹਾ ਹੈ। ਘਰੋਂ ਚੁੱਕੇ ਅਨੇਕਾਂ ਲੋਕਾਂ ਦੀ ਘਰ ਵਾਪਸੀ ਨਾ ਹੋਣਾ ਪਾਕਿਸਤਾਨ ਦੇ ਮੱਥੇ 'ਤੇ ਵੱਡਾ ਧੱਬਾ ਹੈ। ਹਾਲ ਹੀ 'ਚ ਇਹ ਖ਼ਬਰ ਸਾਹਮਣੇ ਆਉਣ ਨਾਲ ਹਫੜਾ ਦਫੜੀ ਮਚ ਗਈ ਹੈ ਕਿ ਪਾਕਿਸਤਾਨ ’ਚ ਇਸ ਸਾਲ ਜਨਵਰੀ ਤੋਂ ਅਪ੍ਰੈਲ ਤੱਕ ਪਾਕਿਸਤਾਨੀ ਫ਼ੌਜ ਅਤੇ ਖੁਫ਼ੀਆ ਏਜੰਸੀਆਂ ਵੱਲੋਂ 952 ਲੋਕਾਂ ਨੂੰ ਨਾਜਾਇਜ਼ ਢੰਗ ਨਾਲ ਘਰਾਂ 'ਚੋਂ ਚੁੱਕ ਕੇ ਲਾਪਤਾ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪਾਕਿਸਤਾਨ ਸਰਕਾਰ ਵੱਲੋਂ ਗਠਿਤ ਜਬਰੀ ਲੋਕਾਂ ਨੂੰ ਨਾਜਾਇਜ਼ ਹਿਰਾਸਤ ’ਚ ਰੱਖਣ ਸਬੰਧੀ ਕਮਿਸ਼ਨ ਨੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਕਮਿਸ਼ਨ ਵੱਲੋਂ ਬੀਤੇ ਦਿਨੀਂ ਆਪਣੀ ਦਿੱਤੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਤੋਂ ਵੀ ਚਿੰਤਾ ਵਾਲੀ ਗੱਲ ਇਹ ਹੈ ਕਿ ਜੋ ਲੋਕ ਲਾਪਤਾ ਹੋਏ ਹਨ, ਉਨ੍ਹਾਂ ’ਚੋਂ ਲਗਭਗ 70 ਫ਼ੀਸਦੀ ਗ਼ੈਰ-ਮੁਸਲਿਮ ਹਨ।

ਇਹ ਵੀ ਪੜ੍ਹੋ :ਬੰਗਾਲ ਚੋਣਾਂ 'ਚ ਮਿਲੀ ਹਾਰ ਮਗਰੋਂ ਭਾਜਪਾ ਦੀ ਤਿੱਕੜੀ ਬਦਲੇਗੀ ਆਪਣਾ 'ਪੱਥਰ 'ਤੇ ਲੀਕ' ਵਾਲਾ ਅਕਸ!

ਸਰਹੱਦ ਪਾਰ ਸੂਤਰਾਂ ਅਨੁਸਾਰ ਬੀਤੇ ਸਾਲ ਦੇ ਸ਼ੁਰੂ ’ਚ ਪਾਕਿਸਤਾਨ ਫ਼ੌਜ ਅਤੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਘਰਾਂ ਤੋਂ ਚੁੱਕੇ ਗਏ ਲੋਕਾਂ ਨੂੰ ਲਾਪਤਾ ਕਰ ਦੇਣ ਦੇ ਵਿਰੋਧ ’ਚ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਹੋਣ ਦੇ ਕਾਰਨ ਪ੍ਰਧਾਨ ਮੰਤਰੀ ਨੇ ਇਸ ਕਮਿਸ਼ਨ ਦਾ ਗਠਨ ਕੀਤਾ ਸੀ। ਕਮਿਸ਼ਨ ਮੁਤਾਬਕ ਇਸ ਸਾਲ ਜਿਨ੍ਹਾਂ 952 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਉਨ੍ਹਾਂ ’ਚੋਂ 23 ਕੁੜੀਆਂ ਵੀ ਹਨ ਅਤੇ 23 ’ਚੋਂ 19 ਕੁੜੀਆਂ ਗ਼ੈਰ-ਮੁਸਲਿਮ ਹਨ।

ਨੋਟ: ਕੀ ਪਾਕਿ ਫ਼ੌਜ ਦੀਆਂ ਕਾਰਵਾਈਆਂ ਲੋਕਤੰਤਰ ਦੇ ਮੱਥੇ 'ਤੇ ਧੱਬਾ ਹਨ? ਕੁਮੈਂਟ ਕਰਕੇ ਦਿਓ ਆਪਣੀ ਰਾਏ

Harnek Seechewal

This news is Content Editor Harnek Seechewal