ਅਫਰੀਦੀ ਤੋਂ ਬਾਅਦ ਹੁਣ ਪਾਕਿ ਟੀਮ ਦੇ ਇਹ 3 ਧਾਕੜ ਖਿਡਾਰੀ ਕੋਰੋਨਾ ਪਾਜ਼ੇਟਿਵ

06/23/2020 10:38:35 AM

ਕਰਾਚੀ- ਜਿੱਥੇ ਪੂਰੀ ਦੁਨੀਆ ਚੀਨ ਤੋਂ ਨਿਕਲੇ ਜਾਨਲੇਵਾ ਕੋਰੋਨਾ ਵਾਇਰਸ ਨਾਲ ਜੰਗ ਲੜ ਰਹੀ ਹੈ ਉੱਥੇ ਹੀ ਹੁਣ ਇਸ ਵਾਇਰਸ ਨੇ ਕ੍ਰਿਕਟ ਜਗਤ ਵਿਚ ਵੀ ਦਸਤਕ ਦੇ ਦਿੱਤੀ ਹੈ। ਦੱਸ ਦਈਏ ਕਿ ਪਾਕਿਸਤਾਨੀ ਕ੍ਰਿਕਟਰ ਸ਼ਾਦਾਬ ਖਾਨ, ਹਾਰਿਸ ਰਾਉਫ ਤੇ ਹੈਦਰ ਅਲੀ ਸੋਮਵਾਰ ਨੂੰ ਕੋਰੋਨਾ ਵਾਇਰਸ ਜਾਂਚ 'ਚ ਪਾਜ਼ੇਟਿਵ ਪਾਏ ਗਏ। ਪਾਕਿਸਤਾਨ ਕ੍ਰਿਕਟ ਬੋਰਡ ਨੇ ਇਕ ਬਿਆਨ 'ਚ ਕਿਹਾ ਕਿ ਪਾਕਿਸਤਾਨ ਕ੍ਰਿਕਟ ਬੋਰਡ ਇਸਦੀ ਪੁਸ਼ਟੀ ਕਰਦਾ ਹੈ ਕਿ ਤਿੰਨ ਖਿਡਾਰੀ ਹੈਦਰ ਅਲੀ, ਹਾਰਿਸ ਰਾਉਫ ਤੇ ਸ਼ਾਦਾਬ ਖਾਨ ਕੋਰੋਨਾ ਵਾਇਰਸ ਜਾਂਚ 'ਚ ਪਾਜ਼ੇਟਿਵ ਪਾਏ ਗਏ ਹਨ। ਇਸ 'ਚ ਕਿਹਾ ਗਿਆ ਇਨ੍ਹਾਂ ਖਿਡਾਰੀਆਂ 'ਚ ਹੁਣ ਤੱਕ ਕੋਈ ਲੱਛਣ ਨਹੀਂ ਸੀ ਪਰ ਇੰਗਲੈਂਡ ਦੌਰੇ ਤੋਂ ਪਹਿਲਾਂ ਐਤਵਾਰ ਨੂੰ ਰਾਵਲਪਿੰਡੀ 'ਚ ਹੋਈ ਜਾਂਚ 'ਚ ਇਹ ਪਾਜ਼ੇਟਿਵ ਪਾਏ ਗਏ। ਹੁਣ ਇਹ ਖਿਡਾਰੀ ਅਲੱਗ 'ਚ ਰਹਿਣਗੇ।

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਕ੍ਰਿਕਟ ਕਪਤਾਨ ਸ਼ਾਹਿਦ ਅਫਰੀਦੀ ਵੀ ਕੋਰੋਨਾ ਦੀ ਲਪੇਟ 'ਚ ਆਏ ਸੀ। ਉਸ ਦਾ ਕੋਵਿਡ-19 ਪਾਜ਼ੇਟਿਵ ਆਇਆ ਸੀ। ਇਸ ਗੱਲ ਦੀ ਜਾਣਕਾਰੀ ਵੀ ਖੁਦ ਅਫਰੀਦੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਦਿੱਤੀ ਸੀ। ਉਸ ਨੇ ਆਪਣੇ ਟਵੀਟ 'ਚ ਲਿਖਿਆ ਸੀ ਕਿ 'ਮੈਂ ਵੀਰਵਾਰ ਤੋਂ ਖੁਦ ਨੂੰ ਬੀਮਾਰ ਮਹਿਸੂਸ ਕਰ ਰਿਹਾ ਸੀ, ਮੇਰਾ ਸਰੀਰ ਪੂਰੀ ਤਰ੍ਹਾਂ ਦਰਦ ਕਰ ਰਿਹਾ ਸੀ। ਜਿਸ ਤੋਂ ਬਾਅਦ ਮੈਂ ਕੋਰੋਨਾ ਟੈਸਟ ਕਰਵਾਇਆ ਤਾਂ ਅੱਜ ਬਦਕਿਸਮਤੀ ਨਾਲ ਮੇਰੀ ਰਿਪੋਰਟ ਪਾਜ਼ੇਟਿਵ ਆਈ ਹੈ। ਦੱਸ ਦਈਏ ਕਿ ਅਫਰੀਦੀ ਪੀ. ਐੱਮ. ਮੋਦੀ ਤੇ ਭਾਰਤ ਬਾਰੇ ਵਿਵਾਦਤ ਟਿੱਪਣੀਆਂ ਕਰ ਕੇ ਸੁਰਖੀਆਂ ਵਿਚ ਰਹਿੰਦੇ ਹਨ। ਉਹ ਕਈ ਵਾਰ ਪਾਕਿ ਦੇ ਕਬਜੇ ਵਾਲੇ ਕਸ਼ਮੀਰ ਵਿਚ ਜਾ ਕੇ ਭਾਰਤ ਬਾਰੇ ਵਿਵਾਦਤ ਟਿੱਪਣੀ ਕਰ ਚੁੱਕਾ ਹੈ। ਇਸ ਤੋਂ ਬਾਅਦ ਭਾਰਤੀ ਕ੍ਰਿਕਟਰਾਂ ਤੇ ਪ੍ਰਸ਼ੰਸਕਾਂ ਨੇ ਉਸ ਨੂੰ ਸੋਸ਼ਲ ਮੀਡੀਆ 'ਤੇ ਰੱਜ ਕੇ ਲੰਮੇ ਹੱਥੀ ਲਿਆ ਸੀ।

ਜ਼ਿਕਰਯੋਗ ਹੈ ਕਿ ਪਾਕਿਸਾਤਨ ਟੀਮ ਨੇ 28 ਜੂਨ ਨੂੰ 3 ਟੈਸਟ ਤੇ 3 ਟੀ-20 ਮੈਚਾਂ ਦੀ ਸੀਰੀਜ਼ ਖੇਡਣ ਲਈ ਇੰਗਲੈਂਡ ਦੌਰੇ ਲਈ ਰਵਾਨਾ ਹੋਣਾ ਸੀ। ਉੱਥੇ ਪਹੁੰਚ ਕੇ ਪਾਕਿ ਟੀਮ ਨੂੰ 14 ਦਿਨ ਏਕਾਂਤਵਾਸ ਵਿਚ ਰਹਿਣਾ ਸੀ ਤੇ 30 ਜੁਲਾਈ ਨੂੰ ਪਹਿਲਾ ਟੈਸਟ ਖੇਡਣਾ ਸੀ। ਇਸ ਖਬਰ ਤੋਂ ਬਾਅਦ ਯਕੀਨੀ ਹੁਣ ਪਾਕਿ ਦੇ ਇੰਗਲੈਂਡ ਦੌਰੇ 'ਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ। 

Ranjit

This news is Content Editor Ranjit