ਦਿੱਲੀ-ਪੰਜਾਬ ਵਾਂਗ ਛੱਤੀਸਗੜ੍ਹ ’ਚ ਲੋਕਾਂ ਨੂੰ ਮੁਫਤ ਬਿਜਲੀ ਦੇਵਾਂਗੇ : ਮਾਨ

11/04/2023 1:28:22 PM

ਚੰਡੀਗੜ੍ਹ/ਜਲੰਧਰ, (ਰਮਨਜੀਤ ਸਿੰਘ, ਧਵਨ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਦੋਵਾਂ ਆਗੂਆਂ ਨੇ ‘ਆਪ’ ਉਮੀਦਵਾਰ ਨਾਲ ਮਿਲ ਕੇ ਵਿਧਾਨ ਸਭਾ ਹਲਕਾ ਅਕਲਤਾਰਾ ਵਿਚ ਵੱਖ-ਵੱਖ ਥਾਵਾਂ ’ਤੇ ਰੋਡ ਸ਼ੋਅ ਕੀਤੇ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।

ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਛੱਤੀਸਗੜ੍ਹ ਨੂੰ ਭਾਜਪਾ ਦੇ ਡਬਲ ਇੰਜਣ ਦੀ ਨਹੀਂ ਸਗੋਂ ਕੇਜਰੀਵਾਲ ਦੇ ਨਵੇਂ ਇੰਜਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ਅਤੇ ਪੰਜਾਬ ਵਿਚ ਕੰਮ ਕੀਤਾ ਹੈ, ਜੇਕਰ ਸਰਕਾਰ ਬਣੀ ਤਾਂ ਅਸੀਂ ਇੱਥੇ ਵੀ ਉਸੇ ਤਰ੍ਹਾਂ ਕੰਮ ਕਰਾਂਗੇ। ਇੱਥੇ ਵੀ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ ਜਾਵੇਗੀ। ਅਸੀਂ ਇਲਾਜ ਲਈ ਮੁਹੱਲਾ ਕਲੀਨਿਕ ਬਣਾਵਾਂਗੇ ਅਤੇ ਬੱਚਿਆਂ ਦੀ ਪੜ੍ਹਾਈ ਲਈ ਚੰਗੇ ਸਰਕਾਰੀ ਸਕੂਲ ਬਣਾਵਾਂਗੇ।

ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਗਾਰੰਟੀ ਭਾਜਪਾ ਵਰਗਾ ਜੁਮਲਾ ਨਹੀਂ ਹੈ। ਅਸੀਂ ਜੋ ਵਾਅਦਾ ਕਰਦੇ ਹਾਂ ਉਹ ਪੂਰਾ ਕਰਦੇ ਹਾਂ। ਅਸੀਂ ਦਿੱਲੀ ਅਤੇ ਪੰਜਾਬ ਵਿਚ ਜੋ ਵੀ ਵਾਅਦੇ ਕੀਤੇ, ਉਹ ਪੂਰੇ ਕੀਤੇ। ਅੱਜ ਪੰਜਾਬ ਦੇ 90 ਫੀਸਦੀ ਤੋਂ ਵਧ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਹਨ। ਜਦਕਿ ਭਾਜਪਾ ਨੇ ਪਿਛਲੇ 9 ਸਾਲਾਂ ਵਿਚ ਸਿਰਫ਼ ਨਾਅਰੇ ਹੀ ਲਾਏ ਹਨ।

ਮਾਨ ਨੇ ਕਿਹਾ ਕਿ ਪਿਛਲੇ ਡੇਢ ਸਾਲ ਵਿਚ ਅਸੀਂ ਪੰਜਾਬ ਵਿਚ 700 ਦੇ ਕਰੀਬ ਮੁਹੱਲਾ ਕਲੀਨਿਕ ਖੋਲ੍ਹੇ ਹਨ ਜਿਨ੍ਹਾਂ ਵਿਚ ਹੁਣ ਤੱਕ 60 ਲੱਖ ਤੋਂ ਵੱਧ ਲੋਕਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ। ਅਸੀਂ ਪੰਜਾਬ ਵਿਚ ‘ਸਕੂਲ ਆਫ਼ ਐਮੀਨੈਂਸ’ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅਸੀਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ 37000 ਤੋਂ ਵਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ ਹੁਣ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਭਾਅ 24 ਘੰਟਿਆਂ ਦੇ ਅੰਦਰ-ਅੰਦਰ ਮਿਲ ਜਾਂਦਾ ਹੈ।

ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਦਿੱਲੀ ਅਤੇ ਪੰਜਾਬ ਵਿਚ ਭਾਜਪਾ ਦਾ ਸਫਾਇਆ ਕੀਤਾ, ਹੁਣ ਛੱਤੀਸਗੜ੍ਹ ਵਿਚ ਵੀ ਭਾਜਪਾ ਦਾ ਸਫਾਇਆ ਕਰਾਂਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਜਿੱਥੇ ਵੀ ਜਾਂਦਾ ਹੈ, ਭਾਜਪਾ ਦਾ ਸਫਾਇਆ ਹੋ ਜਾਂਦਾ ਹੈ, ਇਸ ਲਈ ਭਾਜਪਾ ਸਰਕਾਰ ਉਨ੍ਹਾਂ ਨੂੰ ਜੇਲ ਵਿਚ ਡੱਕਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਸੀਂ ਭਾਜਪਾ ਦੀ ਧਮਕੀ ਤੋਂ ਡਰਨ ਵਾਲੇ ਲੋਕ ਨਹੀਂ ਹਾਂ। ਅਸੀਂ ਉਹ ਲੋਕ ਹਾਂ ਜੋ ਅੰਦੋਲਨ ਤੋਂ ਨਿਕਲੇ ਹਾਂ। ਅਸੀਂ ਜੇਲ ਜਾਣ ਤੋਂ ਨਹੀਂ ਡਰਦੇ।

Rakesh

This news is Content Editor Rakesh