ਪੀ.ਵੀ. ਸਿੰਧੂ ਨੇ ਪ੍ਰੀਮੀਅਰ ਬੈਡਮਿੰਟਨ ਲੀਗ ਦੇ ਸੈਮੀਫਾਈਨਲ ''ਚ ਸਾਇਨਾ ਨੇਹਾਵਾਲ ਨੂੰ ਹਰਾਇਆ

01/13/2017 10:17:11 PM

ਨਵੀਂ ਦਿੱਲੀ— ਸ਼ੁੱਕਰਾਵਾਰ ਨੂੰ ਖੇਡੇ ਗਏ ਪ੍ਰੀਮੀਅਰ ਬੈਡਮਿੰਟਨ ਲੀਗ ਦੇ ਸੈਮੀਫਾਈਨਲ ਮੁਕਾਬਲੇ ''ਚ ਪੀ.ਵੀ. ਸਿੰਧੂ ਨੇ ਸਾਇਨਾ ਨੇਹਵਾਲ ਨੂੰ ਹਰਾ ਦਿੱਤਾ। ਇਸ ਮੁਕਾਬਲੇ ''ਚ ਓਲੰਪਿਕ ਚਾਂਦੀ ਤਮਗਾ ਜੇਤੂ ਪੀ.ਵੀ. ਸਿੰਧੂ ਨੇ ਸਾਇਨਾ ਨੂੰ ਸਿੱਧੇ ਸੈੱਟਾਂ ''ਚ 11-7, 11-8 ਨਾਲ ਹਰਾਇਆ। ਪ੍ਰੀਮੀਅਰ ਬੈਡਮਿੰਟਨ ਲੀਗ ''ਚ ਚੇਨਈ ਸਮੈਸ਼ਰਜ਼ ਵੱਲੋਂ ਖੇਡ ਰਹੀ ਸਿੰਧੂ ਅਤੇ ਅਵਧ ਵਾਰੀਅਰਜ਼ ਵੱਲੋਂ ਖੇਡ ਰਹੀ ਸਾਇਨਾ ਵਿਚਾਲੇ ਪੀ.ਬੀ.ਐੱਲ. ਦੇ ਪਹਿਲੇ ਸੈਮੀਫਾਈਨਲ ਮੁਕਾਬਲੇ ''ਚ ਦਰਸ਼ਕਾਂ ਨੇ ਸਟੇਡੀਅਮ ''ਚ ਇਸ ਮੈਚ ਦਾ ਪੂਰਾ ਆਨੰਦ ਮਾਣਿਆ। ਦੋਹਾਂ ਵਿਚਾਲੇ ਪੀ.ਬੀ.ਐੱਲ. ਦੇ ਇਤਿਹਾਸ ''ਚ ਇਹ ਪਹਿਲਾਂ ਮੁਕਾਬਲਾ ਹੋਇਆ ਅਤੇ ਓਲੰਪਿਕ ਚਾਂਦੀ ਤਮਗਾ ਜੇਤੂ ਸਿੰਧੂ ਨੇ ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੂੰ ਹਰਾ ਕੇ ਇਹ ਸਾਬਤ ਕਰ ਦਿੱਤਾ ਕਿ ਉਹ ਇਸ ਸਮੇਂ ਭਾਰਤੀ ਬੈਡਮਿੰਟਨ ਦੀ ਕਵੀਨ ਹੈ।

ਮੈਚ ਦਾ ਪਹਿਲਾਂ ਅੰਕ ਸਿੰਧੂ ਦੇ ਨਾਂ ਰਿਹਾ ਅਤੇ ਫਿਰ ਸਾਇਨਾ ਨੇ 1-1 ਨਾਲ ਬਰਾਬਰੀ ਕੀਤੀ। ਪਹਿਲੇ ਸੈੱਟ ''ਚ 7-7 ਦੀ ਬਰਾਬਰੀ ਤੋਂ ਬਾਅਦ ਸਿੰਧੂ ਨੇ ਲਗਾਤਾਰ ਚਾਰ ਅੰਕ ਹਾਸਲ ਕਰਕੇ ਪਹਿਲਾ ਸੈੱਟ 11-7 ਨਾਲ ਖਤਮ ਕਰ ਦਿੱਤਾ। ਦੂਜੇ ਸੈੱਟ ''ਚ ਸਿੰਧੂ ਨੇ ਹਮਲਾਵਰ ਸ਼ੁਰੂਆਤ ਕਰਦੇ ਹੋਏ 6-3 ਦੀ ਬੜ੍ਹਤ ਬਣਾਈ। ਸਾਇਨਾ ਨੇ ਵਾਪਸੀ ਕਰਦੇ ਹੋਏ ਸਕੋਰ 5-6 ਕੀਤਾ। ਇਸ ਤੋਂ ਬਾਅਦ ਸਿੰਧੂ ਨੇ 48 ਸ਼ਾਟ ਦੀ ਮੈਰਾਥਨ ਰੈਲੀ ਨੂੰ ਆਪਣੇ ਬਿਹਤਰੀਨ ਡਰਾਪ ਨਾਲ ਖਤਮ ਕਰਦੇ ਹੋਏ ਅੰਕ ਹਾਸਲ ਕੀਤਾ ਅਤੇ 7-5 ਨਾਲ ਅੱਗੇ ਹੋ ਗਈ। ਸਿੰਧੂ ਨੇ ਅੰਕ ਇਕੱਠੇ ਕਰਦੇ ਹੋਏ ਸਕੋਰ 9-5 ਕਰ ਦਿੱਤਾ। ਸਾਇਨਾ ਨੇ ਫਿਰ ਫਾਸਲਾ ਘਟਾਇਆ ਅਤੇ ਸਕੋਰ 8-9 ''ਤੇ ਲੈ ਆਈ ਪਰ ਸਿੰਧੂ ਨੇ ਜ਼ਬਰਦਸਤ ਕੋਰਟ ਸਮੈਸ਼ ਲਗਾਉਂਦੇ ਹੋਏ ਸਕੋਰ 10-8 ਕੀਤਾ ਅਤੇ ਫਿਰ 11-8 ਨਾਲ ਸੈੱਟ ਅਤੇ ਮੈਚ ਜਿੱਤ ਲਿਆ।

ਮੈਚ ਤੋਂ ਬਾਅਦ ਸਾਇਨਾ ਨੇ ਕਿਹਾ ਕਿ ਸਿੰਧੂ ਨੇ ਬਿਹਤਰ ਖੇਡ ਦਿਖਾਇਆ ਅਤੇ ਕੋਰਟ ''ਤੇ ਉਸ ਦੀ ਚਾਲ ਹੌਲੀ ਸੀ। ਸਿੰਧੂ ਨੇ ਕਿਹਾ ਕਿ ਇਹ ਇਕ ਬਿਹਤਰੀਨ ਮੈਚ ਸੀ ਜਿਸ ''ਚ ਲੰਬੀ ਰੈਲੀ ਚੱਲੀ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਇਹ ਮੈਚ ਜਿੱਤਿਆ। ਇਸ ਤਰ੍ਹਾਂ ਚੇਨਈ ਸਮੈਸ਼ਰ ਨੇ ਪ੍ਰੀਮੀਅਰ ਬੈਡਮਿੰਟਨ ਲੀਗ ''ਚ ਅਵਧ ਵਾਰੀਅਰਜ਼ ''ਤੇ 3-2 ਦੀ ਬੜ੍ਹਤ ਹਾਸਲ ਕਰ ਲਈ ਹੈ।