ਕਰੋਨਾਵਾਇਰਸ ਦੇ ਕਾਰਨ ਚੀਨ 'ਚ ਨਹੀਂ ਖੇਡਿਆ ਜਾਵੇਗਾ ਇਕ ਵੀ ਫੁੱਟਬਾਲ ਮੈਚ

01/30/2020 4:05:02 PM

ਸਪੋਰਟਸ ਡੈਸਕ— ਚੀਨ 'ਚ ਫੈਲੀ ਜਾਨਲੇਵਾ ਬਿਮਾਰੀ ਕੋਰੋਨਾ ਵਾਇਰਸ ਦਾ ਅਸਰ ਹੁਣ ਖੇਡ 'ਤੇ ਵੀ ਪੈਂਦਾ ਦਿਖਾਈ ਦੇ ਰਿਹਾ ਹੈ। ਚੀਨ 'ਚ ਸਾਰੇ ਘਰੇਲੂ ਫੁੱਟਬਾਲ ਮੈਚਾਂ ਅਤੇ ਚਾਈਨੀਜ਼ ਸੁਪਰ ਲੀਗ ਦੇ ਪੂਰੇ ਸੀਜ਼ਨ ਨੂੰ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ। ਦੇਸ਼ 'ਚ ਜਦੋਂ ਤਕ ਹਾਲਤ ਨਹੀਂ ਸੁਧਰਦੇ ਉਦੋਂ ਤਕ ਕਿਤੇ ਵੀ ਕੋਈ ਫੁੱਟਬਾਲ ਮੈਚ ਨਹੀਂ ਖੇਡਿਆ ਜਾਵੇਗਾ। ਚਾਈਨੀਜ਼ ਸੁਪਰ ਲੀਗ (ਸੀ.ਐੱਸ. ਐੱਲ) ਦੇਸ਼ ਦੀ ਸੱਭ ਤੋਂ ਸਰਵਸ਼੍ਰੇਸ਼ਠ ਫੁੱਟਬਾਲ ਲੀਗ ਹੈ। ਇਸ ਸਾਲ ਇਸ ਦੀ ਸ਼ੁਰੂਆਤ 22 ਫਰਵਰੀ ਨੂੰ ਹੋਣੀ ਸੀ ਮਗਰ ਚਾਈਨੀਜ਼ ਫੁੱਟਬਾਲ ਐਸੋਸੀਏਸ਼ਨ ਨੇ ਇਕ ਬਿਆਨ ਜਾਰੀ ਕਰ ਇਸ ਲੀਗ ਨੂੰ ਅੱਗੇ ਲਈ ਵਧਾ ਦਿੱਤੀ ਹੈ। ਐਸੋਸਿਏਸ਼ਨ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਕੋਰੋਨਾ ਵਾਇਰਸ ਨਾਲ ਫੈਲੀ ਮਹਾਮਾਰੀ ਦੀ ਰੋਕਥਾਮ ਅਤੇ ਕਾਬੂ ਲਈ ਫਿਲਹਾਲ ਟੂਰਨਾਮੈਂਟ ਰੱਦ ਕੀਤਾ ਜਾਂਦਾ ਹੈ।

 
ਵਰਲਡ ਇੰਡੋਰ ਐਥਲੈਟਿਕਸ ਚੈਂਪੀਅਨਸ਼ਿਪ ਵੀ ਹੋਈ ਮੁਲਤਵੀ 
ਚੀਨ 'ਚ ਫੁੱਟਬਾਲ ਮੈਚਾਂ ਨੂੰ ਮੁਲਤਵੀ ਕਰਨ ਦਾ ਐਲਾਨ ਦੇਸ਼ 'ਚ ਵਰਲਡ ਇੰਡੋਰ ਐਥਲੈਟਿਕਸ ਚੈਂਪੀਅਨਸ਼ਿਪ ਦੇ ਮੁਲਤਵੀ ਹੋਣ ਦੇ ਕੁੱਝ ਘੰਟਿਆਂ ਬਾਅਦ ਹੀ ਹੋਈ। ਦੱਸ ਦੇਈਏ ਵਰਲਡ ਹੈਲਥ ਆਰਗੇਨਾਇਜੇਸ਼ਨ ਦੀ ਸਲਾਹ 'ਤੇ ਚੀਨ 'ਚ ਇਸ ਸਾਲ ਮਾਰਚ 'ਚ ਹੋਣ ਵਾਲੀ ਐਥਲੈਟਿਕਸ ਚੈਂਪੀਅਨਸ਼ਿਪ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਸਾਲ ਇਨਡੋਰ ਐਥਲੈਟਿਕਸ ਮੁਕਾਬਲੇ ਚੀਨ ਦੇ ਸ਼ਹਿਰ ਨਾਨਜਿੰਗ 'ਚ ਆਯੋਜਿਤ ਹੋਣੇ ਸੀ ਪਰ ਹੁਣ ਇਸ ਨੂੰ 2021 ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ।

ਵਾਇਰਸ ਦੇ ਚੱਲਦੇ 170 ਲੋਕਾਂ ਦੀ ਗਈ ਜਾਨ
ਚੀਨ 'ਚ ਪੈਦਾ ਹੋਏ ਇਸ ਵਾਇਰਸ ਨੇ ਇਕੱਲੇ ਉਸ ਦੇਸ਼ 'ਚ 170 ਲੋਕਾਂ ਦੀ ਜਾਨ ਲੈ ਲਈ ਹੈ, ਜਦੋਂ ਕਿ ਦੁਨੀਆ ਭਰ ਦੇ ਕਈ ਦੇਸ਼ਾਂ 'ਚ ਲੋਕ ਇਸ ਤੋਂ ਪ੍ਰਭਾਵਿਤ ਹਨ। ਦੱਸ ਦੇਈਏ ਕਿ ਇਸ ਵਾਇਰਸ ਦੇ ਚੱਲਦੇ ਚੀਨ 'ਚ ਕਈ ਭਾਰਤੀ ਫਸੇ ਹਨ ਅਤੇ ਭਾਰਤ ਸਰਕਾਰ ਉਨ੍ਹਾਂ ਨੂੰ ਉੱਥੋਂ ਕੱਢਣ ਲਈ ਹਰ ਮੁਮਕੀਨ ਕੋਸ਼ਿਸ਼ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਚੀਨ ਦੇ ਹੁਬੇਈ ਸੂਬੇ ਤੋਂ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਦੋ ਉਡਾਣਾਂ ਸੰਚਾਲਿਤ ਕੀਤੀਆਂ ਜਾਣੀਆਂ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਚੀਨ ਸਰਕਾਰ ਵਲੋਂ ਇਨ੍ਹਾਂ ਦੋਵਾਂ ਉਡਾਣਾਂ ਦੇ ਸੰਚਾਲਨ ਦੀ ਮਨਜ਼ੂਰੀ ਲਈ ਬੇਨਤੀ ਕੀਤੀ ਗਈ ਹੈ।