UP 'ਚ ਲਗਾਤਾਰ 6 ਸਾਲ ਤੱਕ ਮੁੱਖ ਮੰਤਰੀ ਰਹਿਣ ਦਾ ਯੋਗੀ ਨੇ ਬਣਾਇਆ ਰਿਕਾਰਡ, ਰਾਮਲਲਾ ਦੇ ਕੀਤੇ ਦਰਸ਼ਨ

03/19/2023 3:37:58 PM

ਲਖਨਊ (ਭਾਸ਼ਾ)- ਉੱਤਰ ਪ੍ਰਦੇਸ਼ 'ਚ ਲਗਾਤਾਰ 6 ਸਾਲ ਤੱਕ ਮੁੱਖ ਮੰਤਰੀ ਅਹੁਦੇ 'ਤੇ ਰਹਿਣ ਦਾ ਨਵਾਂ ਰਿਕਾਰਡ ਬਣਾਉਣ ਤੋਂ ਬਾਅਦ ਯੋਗੀ ਆਦਿਤਿਆਨਾਥ ਨੇ ਐਤਵਾਰ ਸਵੇਰੇ ਅਯੁੱਧਿਆ ਪਹੁੰਚ ਕੇ ਹਨੂੰਮਾਨਗੜ੍ਹੀ 'ਚ ਸੰਕਟ ਮੋਚਨ ਹਨੂੰਮਾਨ ਜੀ ਅਤੇ ਰਾਮਲਲਾ ਦੇ ਦਰਸ਼ਨ ਕੀਤੇ ਅਤੇ ਆਰਤੀ ਕੀਤੀ। ਉੱਤਰ ਪ੍ਰਦੇਸ਼ 'ਚ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਪੂਰਨ ਬਹੁਮਤ ਹਾਸਲ ਕਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਗੋਰਖਪੀਠ ਦੇ ਮਹੰਤ ਯੋਗੀ ਆਦਿਤਿਆਨਾਥ ਦੀ ਅਗਵਾਈ 'ਚ ਸਰਕਾਰ ਬਣਾਈ ਸੀ ਅਤੇ ਯੋਗੀ ਨੇ 19 ਮਾਰਚ 2017 ਨੂੰ ਪਹਿਲੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਯੋਗੀ ਨੇ 6 ਸਾਲ ਦਾ ਕਾਰਜਕਾਲ ਪੂਰਾ ਹੋਣ ਦੀ ਵਰ੍ਹੇਗੰਢ ਅਤੇ ਰਾਜ 'ਚ ਲਗਾਤਾਰ ਸਭ ਤੋਂ ਵੱਧ ਸਮੇਂ ਤੱਕ ਮੁੱਖ ਮੰਤਰੀ ਬਣਨ ਦਾ ਰਿਕਾਰਡ ਬਣਾਉਣ 'ਤੇ ਐਤਵਾਰ ਨੂੰ ਸਵੇਰੇ ਅਯੁੱਧਿਆ ਪਹੁੰਚ ਕੇ ਸਭ ਤੋਂ ਪਹਿਲਾਂ ਹਨੂੰਮਾਨਗੜ੍ਹੀ ਦੇ ਦਰਸ਼ਨ ਕੀਤੇ। ਸੰਕਟ ਮੋਚਨ ਹਨੂੰਮਾਨ ਜੀ ਦੇ ਦਰਸ਼ਨ ਕਰ ਕੇ ਯੋਗੀ ਨੇ ਸੁੱਖੀ-ਸਿਹਤਮੰਦ ਉੱਤਰ ਪ੍ਰਦੇਸ਼ ਦੀ ਕਾਮਨਾ ਕੀਤੀ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਰਾਮਲਲਾ ਦੇ ਦਰਸ਼ਨ ਕੀਤੇ ਅਤੇ ਆਰਤੀ ਕੀਤੀ। 

ਇਸ ਤੋਂ ਪਹਿਲਾਂ ਅਯੁੱਧਿਆ ਪਹੁੰਚਣ 'ਤੇ ਰਾਮ ਕਥਾ ਹੈਲੀਪੇਡ 'ਤੇ ਮੁੱਖ ਮੰਤਰੀ ਨੂੰ ਸਲਾਮੀ ਦਿੱਤੀ ਗਈ। ਲਖਨਊ 'ਚ ਸ਼ਨੀਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ,''ਮੈਂ ਕਹਿ ਸਕਦਾ ਹੈ ਕਿ ਅੱਜ ਤੱਕ ਇੰਨੇ ਲੰਮੇਂ ਸਮੇਂ ਤੱਕ (ਸੂਬੇ 'ਚ) ਕੋਈ ਮੁੱਖ ਮੰਤਰੀ ਨਹੀਂ ਰਿਹਾ ਹੈ, ਡਾਕਟਰ ਸੰਪੂਰਨਾਨੰਦ ਜੀ ਹੁਣ ਤੱਕ ਦੇ ਸਭ ਤੋਂ ਵੱਧ ਸਮੇਂ ਤੱਕ ਰਹਿਣ ਵਾਲੇ ਮੁੱਖ ਮੰਤਰੀ ਸਨ ਪਰ ਉਨ੍ਹਾਂ ਦੇ ਰਿਕਾਰਡ ਨੂੰ ਕਿਸੇ ਨੇ ਤੋੜਿਆ ਹੈ ਤਾਂ ਯੋਗੀ ਆਦਿਤਿਆਨਾਥ ਜੀ ਨੇ।'' ਦੱਸਣਯੋਗ ਹੈ ਕਿ ਡਾਕਟਰ ਸੰਪੂਰਨਾਨੰਦ ਨੇ 28 ਦਸੰਬਰ 1954 ਨੂੰ ਪਹਿਲੀ ਵਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਅਤੇ ਉਨ੍ਹਾਂ ਦਾ ਕਾਰਜਕਾਲ 9 ਅਪ੍ਰੈਲ 1957 ਤੱਕ ਰਿਹਾ। ਡਾਕਟਰ ਸੰਪੂਰਨਾਨੰਦ ਨੇ ਮੁੜ 10 ਅਪ੍ਰੈਲ 1957 ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਅਤੇ 6 ਦਸੰਬਰ 1960 ਤੱਕ ਉਹ ਇਸ ਅਹੁਦੇ 'ਤੇ ਬਣੇ ਰਹੇ। ਡਾਕਟਰ ਸੰਪੂਰਨਾਨੰਦ ਦੇ ਕਾਰਜਕਾਲ ਦਾ ਲਗਾਤਾਰ 6 ਸਾਲ ਪੂਰੇ ਹੋਣ 'ਚ ਕੁਝ ਦਿਨ ਬਾਕੀ ਰਹਿ ਗਏ ਸਨ। ਯੋਗੀ ਆਦਿਤਿਆਨਾਥ ਨੇ ਰਾਮ ਮੰਦਰ ਨਿਰਮਾਣ ਦਾ ਕੰਮ ਕਰ ਰਹੇ ਮਜ਼ਦੂਰਾਂ ਨਾਲ ਵੀ ਗੱਲਬਾਤ ਕੀਤੀ। ਦੱਸਣਯੋਗ ਹੈ ਕਿ ਮੰਦਰ ਦਾ 70 ਫੀਸਦੀ ਨਿਰਮਾਣ ਪੂਰਾ ਕਰ ਲਿਆ ਗਿਆ ਹੈ। ਨਿਰੀਖਣ ਦੌਰਾਨ ਸਥਾਨਕ ਜਨਪ੍ਰਤੀਨਿਧੀ ਵੀ ਮੌਜੂਦ ਰਹੇ।

DIsha

This news is Content Editor DIsha