ਉਹ ਦਿਨ ਦੂਰ ਨਹੀਂ ਜਦੋਂ ਅਸੀਂ ''ਨਨਕਾਣਾ ਸਾਹਿਬ'' ਦੀ ਧਰਤੀ ਨੂੰ ਟੇਕਾਂਗੇ ਮੱਥਾ : ਯੋਗੀ

11/13/2019 10:42:40 AM

ਲਖਨਊ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕੋਸ਼ਿਸ਼ਾਂ ਨਾਲ ਸ਼ਰਧਾਲੂਆਂ ਦਾ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਜਾਣਾ ਮੁਮਕਿਨ ਹੋਇਆ ਅਤੇ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਨਨਕਾਣਾ ਸਾਹਿਬ ਦੀ ਧਰਤੀ ਨੂੰ ਮੱਥਾ ਟੇਕਾਂਗੇ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਅੱਜ ਤੋਂ 550 ਸਾਲ ਪਹਿਲਾਂ ਧਰਮ ਦੇ ਪ੍ਰਕਾਸ਼ ਲਈ ਜਿਸ ਪੁੰਜ ਦਾ ਜਨਮ ਹੋਇਆ, ਉਸ ਦਾ ਪ੍ਰਕਾਸ਼ ਸਦਾ ਫੈਲਿਆ ਰਹੇਗਾ। ਬਾਬੇ ਨਾਨਕ ਨੇ ਜਿਸ ਪਵਿੱਤਰ ਅਸਥਾਨ ਕਰਤਾਰਪੁਰ ਸਾਹਿਬ ਵਿਚ ਆਖਰੀ ਸਮਾਂ ਗੁਜ਼ਾਰਿਆ ਸੀ, ਉਸ ਅਸਥਾਨ 'ਤੇ ਹੁਣ ਸਾਰੇ ਸ਼ਰਧਾਲੂ ਜਾ ਸਕਣਗੇ। ਉਨ੍ਹਾਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਖੁੱਲ੍ਹਣ ਦੀ ਸਾਰਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੁਣ ਜਲਦੀ ਹੀ ਨਨਕਾਣਾ ਸਾਹਿਬ ਦੀ ਵਾਰੀ ਹੈ, ਜਿੱਥੇ ਤੁਸੀਂ ਵੀ ਜਾ ਸਕੋਗੇ। 

ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਇਤਿਹਾਸ 'ਚ ਸਿੱਖ ਗੁਰੂਆਂ ਦਾ ਤਿਆਗ ਅਤੇ ਬਲੀਦਾਨ ਦੀ ਪਾਵਨ ਪਰੰਪਰਾ ਨੂੰ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਂਦਾ ਹੈ। ਉਨ੍ਹਾਂ ਦੇ ਤਿਆਗ ਅਤੇ ਬਲੀਦਾਨ ਕਾਰਨ ਹੀ ਦੇਸ਼ ਅਤੇ ਧਰਮ ਅੱਜ ਜਿਊਂਦੇ ਹਾਂ। ਇਸ ਮੌਕੇ 'ਤੇ ਬਾਬਰ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਬਾਬਰ ਦੇ ਅੱਤਿਆਚਾਰਾਂ ਤੋਂ ਕੰਬ ਰਹੀ ਇਸ ਧਰਤੀ 'ਤੇ ਉਸ ਨੂੰ ਅੱਤਿਆਚਾਰੀ ਕਹਿਣ ਦਾ ਸਾਹਸ ਸਿਰਫ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ। ਉਸ ਸਮੇਂ ਧਰਮ, ਸੱਚ ਆਦਿ ਨੂੰ ਲੈ ਕੇ ਜਦੋਂ ਇਕ ਵੱਡਾ ਤਬਕਾ ਡਰ ਦੇ ਮਾਹੌਲ ਵਿਚ ਸੀ ਤਾਂ ਗੁਰੂ ਜੀ ਨੇ ਆਪਣੇ ਪ੍ਰਕਾਸ਼ ਨਾਲ ਸਮਾਜ ਨੂੰ ਨਵੀਂ ਸੇਧ ਦਿੱਤੀ ਸੀ।

Tanu

This news is Content Editor Tanu