ਗੱਲਬਾਤ ਦੇ ਟੁੱਟਣ ਤੇ ਭਰੋਸੇ ਦੀ ਘਾਟ ਕਾਰਨ ਹੋ ਰਹੇ ਹਨ ਵਿਸ਼ਵ ਪੱਧਰੀ ਟਕਰਾਅ : ਸ਼੍ਰੀ ਸ਼੍ਰੀ ਰਵੀਸ਼ੰਕਰ

04/21/2018 4:50:49 AM

ਵਾਸ਼ਿੰਗਟਨ — ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ  ਨੇ ਕਿਹਾ ਕਿ ਸਾਰੇ ਵਿਸ਼ਵ ਪੱਧਰੀ ਟਕਰਾਅ ਮੁੱਖ ਤੌਰ 'ਤੇ ਗੱਲਬਾਤ 'ਚ ਅੜਿੱਕੇ ਅਤੇ ਭਰੋਸੇ ਦੀ ਕਮੀ ਹੋਣ ਕਾਰਨ ਹੋ ਰਹੇ ਹਨ ਅਤੇ ਇਨ੍ਹਾਂ ਟਕਰਾਵਾਂ ਨੂੰ ਸੁਲਝਾਉਣ ਦੀ ਕੁੰਜੀ ਹੈ ਇਨ੍ਹਾਂ ਦੋਵੇਂ ਮੁੱਦਿਆਂ ਨੂੰ ਹੱਲ ਕਰਨਾ।
ਕੁਝ ਵਿਸ਼ਵ ਪੱਧਰੀ ਸੰਘਰਸ਼ਾਂ ਨੂੰ ਹੱਲ ਕਰਨ 'ਚ ਨਿੱਜੀ ਤੌਰ 'ਤੇ ਮਹੱਤਵਪੂਰਨ ਭੂਮਿਕਾ ਨਿਭਾ ਚੁੱਕੇ ਰਵੀਸ਼ੰਕਰ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਦੀ ਅਹਿਮ ਗੱਲ ਹੈ ਕਿ ਅਸੀਂ ਲੋਕਾਂ ਨਾਲ ਗੱਲ ਕਰਦੇ ਹਾਂ ਅਤੇ ਉਨ੍ਹਾਂ ਨੂੰ ਸਮਝਾਉਂਦੇ ਹਾਂ। ਉਨ੍ਹਾਂ ਨੇ 'ਧਾਰਮਿਕ ਵੱਖਵਾਦ ਅਤੇ ਅੱਤਵਾਦ ਵਿਰੁੱਧ ਲੜਾਈ' ਉੱਤੇ ਚਰਚਾ ਦੌਰਾਨ ਕਲ  ਵਾਸ਼ਿੰਗਟਨ 'ਚ ਕਿਹਾ, ''ਸੰਚਾਰ ਟੁੱਟਣ ਅਤੇ ਵਿਸ਼ਵਾਸ ਦੀ ਘਾਟ ਹੋਣ ਨਾਲ ਟਕਰਾਅ ਹੁੰਦੇ ਹਨ। ਜੇਕਰ ਤੁਸੀਂ ਕਿਸੇ ਤਰ੍ਹਾਂ ਇਸ ਪਾੜੇ ਨੂੰ ਪੂਰ ਸਕਦੇ ਹੋ ਤਾਂ ਟਕਰਾਅ ਨੂੰ ਹੱਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ।'' ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰੀ ਸਮੱਸਿਆ ਬਣ ਚੁੱਕੇ ਅੱਤਵਾਦ ਦੀ ਜੜ੍ਹ ਦਿਮਾਗ ਵਿਚ ਗਲਤ ਗੱਲਾਂ ਦਾ ਭਰਨਾ ਹੈ, ਜਿਸ ਨੂੰ ਹਲ ਕਰਨ ਦੀ ਲੋੜ ਹੈ। ਅਧਿਆਤਮਕ ਗੁਰੂ ਨੇ ਕਿਹਾ ਕਿ ਸਕੂਲ ਅਤੇ ਕਾਲਜ ਪੱਧਰ 'ਤੇ ਸੱਭਿਆਚਾਰਕ ਅਤੇ  ਧਾਰਮਿਕ ਸਿੱਖਿਆ ਦੇਣੀ ਇਸ ਦਿਸ਼ਾ 'ਚ ਪਹਿਲਾ ਕਦਮ ਹੋ ਸਕਦਾ ਹੈ। ਉਨ੍ਹਾਂ ਨੇ ਚੋਟੀ ਦੇ ਅਮਰੀਕੀ ਥਿੰਕ ਟੈਂਕ ਅਟਲਾਂਟਿਕ ਕੌਂਸਲ ਦੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਸਾਨੂੰ ਬੱਚਿਆਂ ਨੂੰ ਜੀਵਨ 'ਚ ਅਹਿੰਸਾ ਦੇ ਮਹੱਤਵ ਬਾਰੇ ਪੜ੍ਹਾਉਣ ਦੀ ਲੋੜ ਹੈ।''