ਮਹਿਲਾ ਨੇ ਪਹਿਲਾਂ ਬੱਚਿਆਂ ਨੂੰ ਦਿੱਤਾ ਜ਼ਹਿਰ ਫਿਰ ਕੀਤੀ ਖੁਦਕੁਸ਼ੀ

05/22/2018 9:21:15 AM

ਜਵਾਲਾਮੁਖੀ— ਰੱਕੜ ਪੁਲਸ ਚੌਂਕੀ ਦੇ ਅੰਤਰਗਤ ਇਕ ਮਹਿਲਾ ਵੱਲੋਂ ਆਪਣੇ 2 ਬੱਚਿਆਂ ਸਮੇਤ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਮਮਤਾ ਪਤਨੀ ਰਾਜੇਸ਼ ਦੇ ਰੂਪ 'ਚ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਰੱਕੜ ਨਿਵਾਸੀ ਇਕ ਬਜ਼ੁਰਗ ਮਹਿਲਾ ਨੇ ਪੁਲਸ ਚੌਂਕੀ 'ਚ ਆ ਕੇ ਦੱਸਿਆ ਕਿ ਉਸ ਦੀ ਨੂੰਹ ਸਵੇਰ ਤੋਂ ਆਪਣੇ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹ ਰਹੀ ਸੀ। ਪੁਲਸ ਨੇ ਜਦੋਂ ਪਹੁੰਚ ਕੇ ਘਰ ਦਾ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਉਸ ਸਮੇਂ ਮਹਿਲਾ ਪੱਖੇ ਨਾਲ ਫਾਂਸੀ ਲਗਾ ਕੇ ਲਟਕੀ ਹੋਈ ਸੀ, ਜਦਕਿ ਉਸ ਨੇ ਆਪਣੇ ਦੋਵਾਂ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਸੀ।
2 ਮਹੀਨੇ ਪਹਿਲਾਂ ਹੋ ਚੁੱਕੀ ਹੈ ਪਤੀ ਦੀ ਮੌਤ -
ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦਾ ਪਤੀ ਦਿੱਲੀ 'ਚ ਦਰਜੀ ਦਾ ਕੰਮ ਕਰਦਾ ਸੀ, ਜਿਸ ਦੀ ਮਾਰਚ 2018 'ਚ ਮੌਤ ਹੋ ਚੁੱਕੀ ਹੈ। ਇਹ ਮਹਿਲਾ ਵੀ ਦਿੱਲੀ ਦੀ ਰਹਿਣ ਵਾਲੀ ਸੀ। ਇਨ੍ਹਾਂ ਦੋਵਾਂ ਦੀ ਲਵ ਮੈਰਿਜ਼ ਹੋਈ ਸੀ ਅਤੇ ਉਹ ਇਕ ਸਾਲ ਪਹਿਲਾਂ ਹੀ ਰੱਕੜ ਆਏ ਸਨ। ਪੁਲਸ ਨੂੰ ਕਮਰਾ ਦੀ ਜਾਂਚ ਕਰਨ ਦੌਰਾਨ ਕੋਈ ਵੀ ਸੁਸਾਇਡ ਨੋਟ ਨਹੀਂ ਮਿਲਿਆ ਹੈ, ਜਦਕਿ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਗਿਛ ਸ਼ੁਰੂ ਕਰ ਦਿੱਤੀ ਗਈ ਹੈ। 
ਪੋਸਟਮਾਰਟਮ ਲਈ ਟਾਂਡਾ ਭੇਜੀਆਂ ਲਾਸ਼ਾਂ -
ਡੀ. ਐੱਸ. ਪੀ. ਯੋਗੇਸ਼ ਦੱਤ ਜੋਸ਼ੀ ਨੇ ਦੱਸਿਆ ਕਿ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 174 ਦੇ ਤਹਿਤ ਮਾਮਲਾ ਦਰਜ ਕਰਕੇ ਤਿੰਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਟਾਂਡਾ ਮੈਡੀਕਲ ਹਸਪਤਾਲ ਭੇਜ ਦਿੱਤਾ ਹੈ ਤਾਂ ਕਿ ਮੌਤ ਦੇ ਸਹੀ ਕਾਰਨਾਂ ਦਾ ਪਤਾ ਚੱਲ ਸਕੇ।