ਕੀ ਸਰਕਾਰ ਹੁਣ ਸੈਲਾਨੀਆਂ ਨੂੰ ਕਹੇਗੀ, ਤਾਜ ਮਹੱਲ ਨਾ ਦੇਖੋ : ਓਵੈਸੀ

10/17/2017 12:12:47 AM

ਆਗਰਾ (ਇੰਟ.)—ਦੁਨੀਆ ਭਰ ਵਿਚ ਪ੍ਰੇਮ ਦੇ ਪ੍ਰਤੀਕ ਤਾਜ ਮਹੱਲ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਭਾਜਪਾ ਦੇ ਫਾਇਰ ਬ੍ਰਾਂਡ ਨੇਤਾ ਅਤੇ ਵਿਧਾਇਕ ਸੰਗੀਤ ਸੋਮ ਦੇ ਵਾਦ-ਵਿਵਾਦ ਵਾਲੇ ਬਿਆਨ 'ਤੇ ਹੁਣ ਏ. ਆਈ. ਐੱਮ. ਆਈ. ਐੱਮ. ਦੇ ਪ੍ਰਧਾਨ ਅਸਦੂਦੀਨ ਓਵੈਸੀ ਨੇ ਪਲਟਵਾਰ ਕੀਤਾ ਹੈ। 
ਓਵੈਸੀ ਨੇ ਟਵੀਟ ਕਰ ਕੇ ਕਿਹਾ, ''ਲਾਲ ਕਿਲੇ ਨੂੰ ਵੀ 'ਗੱਦਾਰਾਂ' ਨੇ ਬਣਾਇਆ ਸੀ ਤਾਂ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿਲੇ 'ਤੇ ਤਿਰੰਗਾ ਲਹਿਰਾਉਣਾ ਛੱਡ ਦੇਣਗੇ? ਕੀ ਮੋਦੀ ਅਤੇ ਯੋਗੀ ਘਰੇਲੂ ਅਤੇ ਵਿਦੇਸ਼ੀ ਸੈਲਾਨੀਆਂ ਨੂੰ ਕਹਿਣਗੇ ਕਿ ਉਹ ਤਾਜ ਮਹੱਲ ਨੂੰ ਦੇਖਣ ਨਾ ਆਉਣ, ਇਥੋਂ ਤਕ ਕਿ ਦਿੱਲੀ ਵਿਚ ਹੈਦਰਾਬਾਦ ਹਾਊਸ ਨੂੰ ਗੱਦਾਰਾਂ ਨੇ ਹੀ ਬਣਾਇਆ ਸੀ। ਕੀ ਮੋਦੀ ਇਥੇ ਵਿਦੇਸ਼ੀ ਮਹਿਮਾਨਾਂ ਦੀ ਮੇਜ਼ਬਾਨੀ ਛੱਡ ਦੇਣਗੇ?'' 
ਓਧਰ ਭਾਜਪਾ ਬੁਲਾਰੇ ਨਲਿਨ ਕੋਹਲੀ ਨੇ ਵੀ ਤਾਜ ਮਹੱਲ 'ਤੇ ਦਿੱਤੇ ਗਏ ਸੰਗੀਤ ਸੋਮ ਦੇ ਬਿਆਨ ਨੂੰ ਉਨ੍ਹਾਂ ਦੀ ਨਿੱਜੀ ਰਾਏ ਦੱਸਿਆ ਹੈ। ਕੋਹਲੀ ਨੇ ਕਿਹਾ ਕਿ ਤਾਜ ਮਹੱਲ ਭਾਰਤ ਦੀ ਸੱਭਿਆਚਾਰਕ ਧਰੋਹਰ ਹੈ। ਯੂ. ਪੀ. ਸਰਕਾਰ ਵਿਚ ਮੰਤਰੀ ਰੀਤਾ ਬਹੁਗੁਣਾ ਜੋਸ਼ੀ ਨੇ ਵੀ ਕਿਹਾ, ''ਇਹ ਕਿਸੇ ਦਾ ਨਿੱਜੀ ਵਿਚਾਰ ਹੋ ਸਕਦਾ ਹੈ। ਮੇਰਾ ਮੰਨਣਾ ਹੈ ਕਿ ਤਾਜ ਮਹੱਲ ਸਾਡੀ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਹੈ। ਇਹ ਹੈਰੀਟੇਜ਼ ਹੈ ਅਤੇ ਇਹ ਵੱਡਾ ਟੂਰਿਸਟ ਸਪੌਟ ਵੀ ਹੈ।