ਪਤਨੀਆਂ ਗੁਜ਼ਾਰਾ ਭੱਤਾ ਮੰਗਦੀਆਂ ਹਨ ਤਾਂ ਪਤੀ ਕਹਿੰਦੇ ਨੇ ਅਸੀਂ ਕੰਗਾਲ ਹੋ ਗਏ : ਸੁਪਰੀਮ ਕੋਰਟ

01/23/2019 1:45:05 AM

ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਦੋਂ ਵੱਖ ਰਹਿ ਰਹੀਆਂ ਪਤਨੀਆਂ ਗੁਜ਼ਾਰਾ ਭੱਤੇ ਦੀ ਮੰਗ ਕਰਦੀਆਂ ਹਨ ਤਾਂ ਪਤੀ ਕਹਿਣ ਲੱਗਦੇ ਹਨ ਕਿ ਉਹ ਆਰਥਿਕ ਤੰਗੀ ਵਿਚ ਜੀਅ ਰਹੇ ਹਨ ਜਾਂ ਕੰਗਾਲ ਹੋ ਗਏ ਹਨ। ਸੁਪਰੀਮ ਕੋਰਟ ਨੇ ਇਹ ਟਿੱਪਣੀ ਇਕ ਉੱਘੇ ਹਸਪਤਾਲ ’ਚ ਕੰਮ ਕਰਨ ਵਾਲੇ ਹੈਦਰਾਬਾਦ ਦੇ ਇਕ ਡਾਕਟਰ ਨੂੰ ਇਹ ਨਸੀਹਤ ਦਿੰਦਿਅਾਂ ਕੀਤੀ ਕਿ ਉਹ ਸਿਰਫ ਇਸ ਲਈ ਨੌਕਰੀ ਨਹੀਂ ਛੱਡਦੇ ਕਿਉਂਕਿ ਉਸ ਦੀ ਪਤਨੀ ਗੁਜ਼ਾਰਾ ਭੱਤਾ ਮੰਗਦੀ ਹੈ। ਜਸਟਿਸ ਡੀ. ਵਾਈ. ਚੰਦਰਚੂੜ ਤੇ ਜਸਟਿਸ ਹੇਮੰਤ ਗੁਪਤਾ ਦੇ ਬੈਂਚ ਨੇ ਅਾਂਧਰਾ ਪ੍ਰਦੇਸ਼ ਹਾਈ ਕੋਰਟ ਵਲੋਂ ਪਾਸ ਉਸ ਹੁਕਮ ਵਿਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਵਿਚ ਡਾਕਟਰ ਨੂੰ ਹੁਕਮ ਦਿੱਤਾ ਗਿਆ ਸੀ ਕਿ ਉਹ ਵੱਖ ਰਹਿ ਰਹੀ ਆਪਣੀ ਪਤਨੀ ਨੂੰ ਗੁਜ਼ਾਰੇ ਲਈ ਅੰਤ੍ਰਿਮ ਤੌਰ ’ਤੇ 15 ਹਜ਼ਾਰ ਰੁਪਏ ਹਰ ਮਹੀਨੇ ਦੇਵੇ। ਬੈਂਚ ਨੇ ਕਿਹਾ ਕਿ ਕੀ ਅੱਜ ਦੇ ਸਮੇਂ ’ਚ ਕਿਸੇ ਬੱਚੇ ਦਾ ਪਾਲਣ ਸਿਰਫ 15 ਹਜ਼ਾਰ ਰੁਪਏ ਵਿਚ ਕਰਨਾ ਸੰਭਵ ਹੈ? ਉਥੇ ਹੀ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਵਿਵਸਥਾ ਦਿੱਤੀ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂ. ਜੀ. ਸੀ.) ਤੋਂ ਉੱਚ ਸਿੱਖਿਆ ਸੰਸਥਾਵਾਂ ਵਿਚ ਅਧਿਆਪਕਾਂ ਦੀ ਭਰਤੀ ’ਚ ਰਾਖਵਾਂਕਰਨ ਕੋਟੇ ਨੂੰ ਭਰਨ ਲਈ ਸਬੰਧਤ ਵਿਭਾਗ ਨੂੰ ਇਕ ਇਕਾਈ ਮੰਨਿਆ ਜਾਵੇਗਾ, ਨਾ ਕਿ ਯੂਨੀਵਰਸਿਟੀਆਂ ਨੂੰ।