ਜਸੂਸੀ ’ਤੇ ਘਿਰੇ WhatsApp ਦੀ ਸਫਾਈ- ਮਈ ’ਚ ਭਾਰਤ ਸਰਕਾਰ ਨੂੰ ਦਿੱਤੀ ਸੀ ਜਾਣਕਾਰੀ

11/02/2019 11:43:21 AM

ਗੈਜੇਟ ਡੈਸਕ– ਸੋਸ਼ਲ ਮੀਡੀਆ ਐਪ ਵਟਸਐਪ ਜ਼ਰੀਏ ਦੁਨੀਆ ਦੇ 1,400 ਤੋਂ ਜ਼ਿਆਦਾ ਲੋਕਾਂ ਦੀ ਜਸੂਸੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੇਸ਼ ’ਚ ਭੂਚਾਲ ਜਿਹਾ ਆ ਗਿਆ ਹੈ। ਜਿਥੇ ਇਕ ਪਾਸੇ ਵਿਰੋਧੀ ਮੋਦੀ ਸਰਕਾਰ ਨੂੰ ਇਸ ਲਈ ਜ਼ਿੰਮੇਵਾਰ ਠਹਿਰਾ ਰਹੇ ਹਨ ਉਥੇ ਹੀ ਦੂਜੇ ਪਾਸੇ ਵਟਸਐਪ ਨੇ ਵੀ ਇਸ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਕੰਪਨੀ ਮੁਤਾਬਕ, ਭਾਰਤੀਆਂ ਦੀ ਜਸੂਸੀ ਬਾਰੇ ਮਈ ’ਚ ਹੀ ਸਰਕਾਰ ਨੂੰ ਦੱਸ ਦਿੱਤਾ ਗਿਆ ਸੀ। 

ਕੰਪਨੀ ਨੇ ਆਪਣੇ ਬਿਆਨ ’ਚ ਕਿਹਾ ਕਿ ਸਾਨੂੰ ਮਈ ’ਚ ਭਾਰਤ ਦੇ ਕੁਝ ਵਟਸਐਪ ਖਾਤਿਆਂ ਦੀ ਪ੍ਰਾਈਵੇਸੀ ਨਾਲ ਛੇੜਛਾੜ ਦੀ ਸੂਚਨਾ ਮਿਲੀ ਸੀ। ਇਸ ਸੂਚਨਾ ਦੇ ਮਿਲਦੇ ਹੀ ਅਸੀਂ ਤੁਰੰਤ ਇਸ ਨੂੰ ਠੀਕ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਬਿਆਨ  ’ਚ ਕਿਹਾ ਗਿਆ ਕਿ ਕਿਸੇ ਵੀ ਯੂਜ਼ਰ ਦੀ ਪ੍ਰਾਈਵੇਸੀ ਅਤੇ ਸੁਰੱਖਿਆ ਸਾਡਾ ਪਹਿਲਾ ਕਰਤਵ ਹੈ। ਅਸੀਂ ਇਸ ਸਾਲ ਤੁਰੰਤ ਹੀ ਇਸ ਮਾਮਲੇ ਨੂੰ ਸੁਲਝਾ ਲਿਆਸੀ ਅਤੇ ਭਾਰਤ ਤੇ ਅੰਤਰਰਾਸ਼ਟਰੀ ਸਰਕਾਰਾਂ ਨੂੰ ਇਸ ਸਿਲਸਿਲੇ ’ਚ ਸੂਚੇਤ ਵੀ ਕਰ ਦਿੱਤਾ ਸੀ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵਟਸਐਪ ਨੇ ਕਈ ਭਾਰਤੀ ਪੱਤਰਕਾਰਾਂ ਅਤੇ ਸਮਾਜ ਸੇਵੀਆਂ ਨੂੰ ਦੱਸਿਆ ਸੀ ਕਿ ਇਜ਼ਰਾਇਲੀ ਸਪਾਈਵੇਅਰ ‘ਪੇਗਾਸਸ’ ਨਾਲ ਗਲੋਬਲ ਪੱਧਰ ’ਤੇ ਜਸੂਸੀ ਕੀਤੀ ਜਾ ਰਹੀ ਹੈ। ਭਾਰਤ ਦੇ ਕੁਝ ਪੱਤਰਕਾਰ ਅਤੇ ਸਮਾਜਿਕ ਵਰਕਰ ਵੀ ਇਸ ਜਸੂਸੀ ਦਾ ਸ਼ਿਕਾਰ ਬਣੇ ਹਨ। ਇਸ ਖੁਲਾਸੇ ਤੋਂ ਬਾਅਦ ਭਾਰਤ ਸਰਕਾਰ ਨੇ ਵਟਸਐਪ ਤੋਂ ਇਸ ਮਾਮਲੇ ’ਤੇ ਸਪੱਸ਼ਟੀਕਰਨ ਮੰਗਿਆ ਹੈ। ਸਰਕਾਰ ਨੇ ਕੰਪਨੀ ਤੋਂ ਪੁੱਛਿਆ ਹੈ ਕਿ ਉਸ ਨੇ ਕਰੋੜਾਂ ਭਾਰਤੀਆਂ ਦੀ ਪ੍ਰਾਈਵੇਸੀ ਦੀ ਸੁਰੱਖਿਆ ਲਈ ਕੀ ਕਦਮ ਚੁੱਕੇ ਹਨ। 

ਭਾਰਤ ’ਚ ਜਿਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉਨ੍ਹਾਂ ’ਚ ਸਾਬਕਾ ਕੇਂਦਰੀ ਮੰਤਰੀ ਪ੍ਰਫੁਲ ਪਟੇਲ, ਸਾਬਕਾ ਲੋਕ ਸਭਾ ਸਾਂਸਦ ਅਤੇ ਪੱਤਰਕਾਰ ਸੰਤੋਸ਼ ਭਾਰਤੀ ਦੇ ਨਾਂ ਸ਼ਾਮਲ ਹਨ। ਕੰਪਨੀ ਨੇ ਅਜਿਹੇ 41 ਲੋਕਾਂ ਦੀ ਪਛਾਣ ਕੀਤਾ ਹੈ, ਜਿਨ੍ਹਾਂ ਦੀ ਜਸੂਸੀ ਹੋਈ। ਇਨ੍ਹਾਂ ’ਚੋਂ 21 ਪੱਤਰਕਾਰ, ਵਕੀਲ ਅਤੇ ਕਾਰਜਕਰਤਾ ਹਨ। ਇਨ੍ਹਾਂ ਲੋਕਾਂ ਨਾਲ ਟੋਰੰਟੋ ਸਥਿਤ ਰਿਸਰਚ ਫਰਮ ਸਿਟਿਜਨ ਲੈਬ ਜਾਂ ਫਿਰ ਖੁਦ ਵਟਸਐਪ ਨੇ ਸੰਪਰਕ ਕਰਕੇ ਜਸੂਸੀ ਦੀ ਜਾਣਕਾਰੀ ਦਿੱਤੀ।