CM ਖੱਟੜ ਨੇ ਦੱਸਿਆ ਹਰਿਆਣਾ ਦੇ ਵਿਕਾਸ ਦਾ ਰੋਡਮੈਪ, ਕਿਹਾ-ਤੀਜੀ ਵਾਰ ਬਣਾਵਾਂਗੇ ਸਰਕਾਰ

09/13/2023 11:59:20 AM

ਜਲੰਧਰ/ਹਰਿਆਣਾ- ਹਰਿਆਣਾ ਵਿਚ 14ਵੀਂ ਵਿਧਾਨ ਸਭਾ ਦੇ ਚਾਰ ਸਾਲ ਪੂਰੇ ਹੋਣ ਵਾਲੇ ਹਨ। ਮੁੱਖ ਮੰਤਰੀ ਵਜੋਂ ਮਨੋਹਰ ਲਾਲ ਲਗਾਤਾਰ 9 ਸਾਲਾਂ ਤੋਂ ਸਫ਼ਲ ਸਰਕਾਰ ਚਲਾ ਰਹੇ ਹਨ। ਹੁਣ ਅਗਲੇ ਸਾਲ ਅਕਤੂਬਰ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਇਸ ਲਈ ਮਨੋਹਰ ਲਾਲ ਨੇ ਨਾ ਸਿਰਫ਼ ਹੁਣ ਤੋਂ ਹੀ ਕਮਰ ਕੱਸ ਲਈ ਹੈ, ਸਗੋਂ ਤੀਜੀ ਵਾਰ ਸਰਕਾਰ ਬਣਾਉਣ ਦਾ ਦਾਅਵਾ ਵੀ ਕੀਤਾ ਹੈ।

ਪੰਜਾਬ ਕੇਸਰੀ ਦਫ਼ਤਰ ਵਿਖੇ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਨੇ ਵਿਸ਼ੇਸ਼ ਗੱਲਬਾਤ ਦੌਰਾਨ ਨਾ ਸਿਰਫ਼ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਸਗੋਂ ਵਿਰੋਧੀਆਂ ਦੇ ਹਰ ਹਮਲੇ ਦਾ ਮੂੰਹ ਤੋੜਵਾਂ ਜਵਾਬ ਵੀ ਦਿੱਤਾ। ਪੇਸ਼ ਹਨ ਸੀ. ਐੱਮ. ਮਨੋਹਰ ਲਾਲ ਨਾਲ ਇੰਟਰਵਿਊ ਦੇ ਮੁੱਖ ਅੰਸ਼ :-

ਇਹ ਵੀ ਪੜ੍ਹੋ-  81 ਹਜ਼ਾਰ ਤੋਂ ਵਧੇਰੇ ਕਿਸਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ, ਮੋੜਨੇ ਪੈਣਗੇ PM ਕਿਸਾਨ ਯੋਜਨਾ ਦੇ ਪੈਸੇ

• ਤੁਹਾਨੂੰ ਸਰਕਾਰ ਚਲਾਉਂਦੇ ਹੋਏ 9 ਸਾਲ ਹੋ ਗਏ ਹਨ। ਅਗਲੇ ਸਾਲ ਚੋਣਾਂ ਹੋਣੀਆਂ ਹਨ। ਤੁਸੀਂ ਕਿਹੜੇ ਮੁੱਦਿਆਂ ਨੂੰ ਲੈ ਕੇ ਜਨਤਾ ਵਿਚਕਾਰ ਜਾਓਗੇ?

ਸਾਡੀ ਸਰਕਾਰ ਨੇ 2014 ਤੋਂ ਲੈ ਕੇ ਹੁਣ ਤੱਕ ਸੂਬੇ ਦੇ ਲੋਕਾਂ ਦੇ ਹਿੱਤ ਵਿਚ ਕਈ ਕੰਮ ਕੀਤੇ ਹਨ। ਮੈਂ ਦਾਅਵਾ ਕਰਦਾ ਹਾਂ ਕਿ ਕਾਂਗਰਸ ਸਰਕਾਰ ਦੇ 10 ਸਾਲਾਂ ਵਿਚ ਜਿੰਨਾ ਕੰਮ ਨਹੀਂ ਹੋਇਆ, ਉਸ ਤੋਂ ਵੱਧ ਕੰਮ ਅਸੀਂ ਸਿਰਫ਼ 9 ਸਾਲਾਂ ਵਿਚ ਹੀ ਕੀਤੇ ਹਨ। ਅਸੀਂ ਕਈ ਅਜਿਹੇ ਕੰਮ ਕੀਤੇ ਹਨ, ਜੋ ਪਿਛਲੀਆਂ ਸਰਕਾਰਾਂ ਨੇ ਕਰਨ ਬਾਰੇ ਸੋਚਿਆ ਵੀ ਨਹੀਂ ਸੀ। ਲੋਕਾਂ ਦੇ ਜੀਵਨ ਨੂੰ ਕਿਵੇਂ ਸਰਲ ਬਣਾਇਆ ਜਾਵੇ, ਉਨ੍ਹਾਂ ਨੂੰ ਖੁਸ਼ਹਾਲ ਬਣਾਇਆ ਜਾਵੇ ਅਤੇ ਉਨ੍ਹਾਂ ਨੂੰ ਸਰਕਾਰੀ ਸਕੀਮਾਂ ਦਾ ਪੂਰਾ ਲਾਭ ਮਿਲਣਾ ਯਕੀਨੀ ਬਣਾਉਣਾ ਸਾਡੀ ਤਰਜੀਹ ਰਹੀ ਹੈ। ਸਾਡਾ ਧਿਆਨ ਇਸ ਗੱਲ ’ਤੇ ਹੈ ਕਿ ਲੋਕ ਘਰ ਬੈਠੇ ਸੇਵਾਵਾਂ ਕਿਵੇਂ ਪ੍ਰਾਪਤ ਕਰ ਸਕਦੇ ਹਨ। ਅਸੀਂ ਪਾਰਦਰਸ਼ੀ ਢੰਗ ਨਾਲ ਨੌਕਰੀਆਂ ਦਿੱਤੀਆਂ। ਨੌਜਵਾਨਾਂ ਨੂੰ ਬਿਨਾਂ ਕਿਸੇ ਪਰਚੀ ਦੇ ਅਤੇ ਬਿਨਾਂ ਕਿਸੇ ਖਰਚੇ ਤੋਂ ਸਰਕਾਰੀ ਵਿਭਾਗਾਂ ਵਿਚ ਸੇਵਾਵਾਂ ਦਿੱਤੀਆਂ ਗਈਆਂ। ਲੋਕ ਹੁਣ ਮਹਿਸੂਸ ਕਰਦੇ ਹਨ ਕਿ ਗਰੀਬ ਪਰਿਵਾਰ ਦੇ ਪੜ੍ਹੇ-ਲਿਖੇ ਨੌਜਵਾਨ ਨੂੰ ਵੀ ਨੌਕਰੀ ਮਿਲ ਸਕਦੀ ਹੈ। ਪਹਿਲਾਂ ਪੈਸੇ ਦੇ ਕੇ ਵੀ ਨੌਕਰੀਆਂ ਨਹੀਂ ਮਿਲਦੀਆਂ ਸਨ। ਅਸੀਂ ਪਰਿਵਾਰ ਪਛਾਣ ਪੱਤਰ ਸ਼ੁਰੂ ਕੀਤਾ। ਅਸੀਂ ਇਹ ਸਭ ਚੋਣਾਂ ਦੌਰਾਨ ਲੋਕਾਂ ਵਿਚ ਲੈ ਕੇ ਜਾਵਾਂਗੇ ਅਤੇ ਸਾਨੂੰ ਯਕੀਨ ਹੈ ਕਿ ਤੀਜੀ ਵਾਰ ਵੀ ਲੋਕਾਂ ਦਾ ਪਿਆਰ ਅਤੇ ਆਸ਼ੀਰਵਾਦ ਜ਼ਰੂਰ ਮਿਲੇਗਾ।

• ਇਕ ਦੇਸ਼ ਇਕ ਚੋਣ ਦੀ ਬਹੁਤ ਚਰਚਾ ਹੈ। ਜੇਕਰ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੋ ਸਮੇਂ ਹੋਣ ਤਾਂ ਤੁਹਾਡੀ ਕੀ ਤਿਆਰੀ ਹੈ?

ਚੋਣਾਂ ਦੀ ਕਈ ਤਰ੍ਹਾਂ ਨਾਲ ਚਰਚਾ ਹੋ ਰਹੀ ਹੈ। ਵਿਧਾਨ ਸਭਾ ਚੋਣਾਂ ਲੋਕ ਸਭਾ ਦੇ ਨਾਲ- ਹੋਣ ਜਾਂ ਆਪਣੇ ਸਮੇਂ ’ਤੇ, ਅਸੀਂ ਦੋਵੇਂ ਸਥਿਤੀਆਂ ਲਈ ਪੂਰੀ ਤਰ੍ਹਾਂ ਤਿਆਰ ਹਾਂ। 2019 ਵਾਂਗ 2024 ਵਿਚ ਵੀ ਅਸੀਂ ਹਰਿਆਣਾ ’ਚੋਂ 10 ਵਿਚੋਂ 10 ਸੀਟਾਂ ਜਿੱਤ ਕੇ ਮੋਦੀ ਜੀ ਨੂੰ ਮਜ਼ਬੂਤ ​​ਕਰਾਂਗੇ ਅਤੇ ਕੇਂਦਰ ਵਿਚ ਲਗਾਤਾਰ ਤੀਜੀ ਵਾਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਵਾਂਗੇ। ਅਸੀਂ ਵਿਧਾਨ ਸਭਾ ਚੋਣਾਂ ਲਈ ਵੀ ਤਿਆਰ ਹਾਂ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਭਾਰਤੀ ਜਨਤਾ ਪਾਰਟੀ ਆਸਾਨੀ ਨਾਲ ਪੂਰਨ ਬਹੁਮਤ ਦਾ ਅੰਕੜਾ ਪਾਰ ਕਰ ਲਵੇਗੀ।

ਇਹ ਵੀ ਪੜ੍ਹੋ-  ਪ੍ਰੇਮ ਸਬੰਧਾਂ ਦੇ ਸ਼ੱਕ ਨੇ ਪੱਟਿਆ ਹੱਸਦਾ-ਖੇਡਦਾ ਪਰਿਵਾਰ, ਪਤੀ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ

• ਭੁਪਿੰਦਰ ਸਿੰਘ ਹੁੱਡਾ ਦਾ ਕਹਿਣਾ ਹੈ ਕਿ ਹਰਿਆਣਾ ’ਚ ਪੋਰਟਲ ਦੀ ਸਰਕਾਰ ਹੈ। ਪੋਰਟਲ ਬੰਦ ਹੋਣਾ ਚਾਹੀਦਾ ਹੈ, ਲੋਕ ਬਹੁਤ ਪ੍ਰੇਸ਼ਾਨ ਹਨ। ਤੁਸੀਂ ਕੀ ਕਹੋਗੇ?

ਸਭ ਤੋਂ ਪਹਿਲਾਂ ਮੈਂ ਹੁੱਡਾ ਜੀ ਦਾ ਧੰਨਵਾਦ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਉਹ ਇਹ ਕਹਿੰਦੇ ਰਹਿਣ ਅਤੇ ਸਾਡੀ ਆਲੋਚਨਾ ਕਰਦੇ ਰਹਿਣ। ਜੇਕਰ ਉਹ ਅਜਿਹਾ ਹੀ ਕਰਦੇ ਰਹੇ ਤਾਂ ਉਨ੍ਹਾਂ ਦਾ ਚਿਹਰਾ ਲੋਕਾਂ ਦੇ ਸਾਹਮਣੇ ਬੇਨਕਾਬ ਹੋ ਜਾਵੇਗਾ, ਜੋ ਇਨ੍ਹਾਂ ਪੋਰਟਲਾਂ ਤੋਂ ਲਾਭ ਲੈ ਰਹੇ ਹਨ। ਜਿੰਨਾ ਜ਼ਿਆਦਾ ਉਹ ਇਸ ਵਿਸ਼ੇ ਨੂੰ ਜਾਰੀ ਰੱਖਣਗੇ, ਉਨਾ ਹੀ ਸਾਨੂੰ ਫਾਇਦਾ ਹੋਵੇਗਾ। ਜਿੰਨੀ ਤੇਜ਼ੀ ਨਾਲ ਉਹ ਇਸ ਦੀ ਆਲੋਚਨਾ ਕਰਨਗੇ, ਓਨੀ ਹੀ ਤੇਜ਼ੀ ਨਾਲ ਅਸੀਂ ਲੋਕਾਂ ਨੂੰ ਦੱਸਾਂਗੇ ਕਿ ਅਸੀਂ ਕਿਹੜੀਆਂ ਚੀਜ਼ਾਂ ਲੋਕਾਂ ਤੱਕ ਪਹੁੰਚਾਈਆਂ ਹਨ। ਮਿਸਾਲ ਦੇ ਤੌਰ ’ਤੇ ਅੱਜ ਜੇਕਰ ਕੋਈ ਪੱਛੜੀ ਸ਼੍ਰੇਣੀ ਦਾ ਵਿਅਕਤੀ ਸਰਟੀਫਿਕੇਟ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਇਕ ਕਲਿੱਕ ’ਤੇ ਤੁਰੰਤ ਉਹ ਸਰਟੀਫਿਕੇਟ ਮਿਲ ਜਾਂਦਾ ਹੈ, ਭਾਵੇਂ ਆਮਦਨ ਸਰਟੀਫਿਕੇਟ ਹੋਵੇ ਜਾਂ ਸਿੱਖਿਆ ਸਰਟੀਫਿਕੇਟ, ਸਭ ਕੁਝ ਮਿੰਟਾਂ ਵਿਚ ਉਪਲਬਧ ਹੋ ਜਾਂਦਾ ਹੈ। ਅੱਜ ਲੋਕ ਘਰ ਬੈਠੇ ਹੀ ਬੁਢਾਪਾ ਪੈਨਸ਼ਨ ਦਾ ਲਾਭ ਲੈ ਰਹੇ ਹਨ, ਜਿਸ ਲਈ ਉਨ੍ਹਾਂ ਨੂੰ ਮਹੀਨਿਆਂ ਬੱਧੀ ਭੱਜ-ਦੌੜ ਕਰਨੀ ਪੈਂਦੀ ਸੀ। ਵਿਰੋਧੀ ਜੋ ਮਰਜ਼ੀ ਕਹਿਣ, ਜਨਤਾ ਸਾਡਾ ਸਮਰਥਨ ਕਰਦੀ ਹੈ।

• ਤੁਹਾਡੇ ਡ੍ਰੀਮ ਪ੍ਰਾਜੈਕਟ ਕਿਹੜੇ ਹਨ, ਜੋ 9 ਸਾਲਾਂ ’ਚ ਪੂਰੇ ਕਰ ਦਿੱਤੇ ਅਤੇ ਅਗਲੇ ਇਕ ਸਾਲ ’ਚ ਕਰਨੇ ਹਨ?

ਅਸੀਂ ਸਰਕਾਰੀ ਪ੍ਰਣਾਲੀ ਵਿਚ ਪਾਰਦਰਸ਼ਤਾ ਲਿਆਂਦੀ ਹੈ। ਅਸੀਂ ਆਨਲਾਈਨ ਟ੍ਰਾਂਸਫਰ ਨੀਤੀ ਬਣਾਈ ਹੈ, ਜਿਸ ਦੀ ਦੇਸ਼ ਦੇ ਕਈ ਸੂਬਿਆਂ ਵੱਲੋਂ ਪ੍ਰਸ਼ੰਸਾ ਕੀਤੀ ਗਈ ਅਤੇ ਅਪਣਾਈ ਗਈ। ਪ੍ਰਧਾਨ ਮੰਤਰੀ ਵੱਲੋਂ ਐਲਾਨੀ ਗਈ ‘ਸਵਾਮਿਤਵ’ ਯੋਜਨਾ’ ਨੂੰ ਲਾਗੂ ਕੀਤਾ, ਜਿਸ ਦਾ ਮੁੱਖ ਮੰਤਵ ਪਿੰਡ ਅੰਦਰੋਂ ‘ਲਾਲ ਡੋਰਾ’ ਨੂੰ ਖ਼ਤਮ ਕਰਨਾ ਸੀ। ਇਹ ਸਾਡੀ ਵੱਡੀ ਪ੍ਰਾਪਤੀ ਹੈ। ਕਈ ਸੂਬੇ ਵੀ ਇਸ ਨੂੰ ਅਪਨਾ ਰਹੇ ਹਨ।

ਇਹ ਵੀ ਪੜ੍ਹੋ- ਗੰਭੀਰ ਜੈਨੇਟਿਕ ਬੀਮਾਰੀ ਤੋਂ ਪੀੜਤ 18 ਮਹੀਨੇ ਦੇ ਕਣਵ ਨੂੰ ਮਿਲੇ CM ਕੇਜਰੀਵਾਲ, ਲੱਗਣਾ ਸੀ 17.5 ਕਰੋੜ ਦਾ ਟੀਕਾ

ਹਰ ਪਰਿਵਾਰ ਨੂੰ ਘਰ ਬੈਠੇ ਹੀ ਰਾਸ਼ਨ ਕਾਰਡ ਮਿਲ ਰਿਹਾ ਹੈ ਜਦ ਕਿ ਪਹਿਲਾਂ ਕਈ ਸਾਲਾਂ ਤੋਂ ਲੋਕ ਇੱਧਰ-ਉੱਧਰ ਘੁੰਮਦੇ ਸਨ ਪਰ ਰਾਸ਼ਨ ਕਾਰਡ ਨਹੀਂ ਬਣਦੇ ਸਨ। ਅਸੀਂ ਚਿਰਾਯੂ ਸਕੀਮ ਨੂੰ ਕੇਂਦਰ ਦੀ ਆਯੁਸ਼ਮਾਨ ਭਾਰਤ ਯੋਜਨਾ ਨਾਲ ਜੋੜਿਆ ਹੈ ਅਤੇ ਇਸ ਦਾ ਲਾਭ 14 ਲੱਖ ਪਰਿਵਾਰਾਂ ਤੱਕ ਪਹੁੰਚਾਇਆ ਹੈ। ਨਿਰੋਗੀ ਹਰਿਆਣਾ ਯੋਜਨਾ ਬਣਾਈ, ਜਿਸ ਵਿਚ ਅਸੀਂ ਸਾਲ ਵਿਚ ਇਕ ਵਾਰ 1 ਕਰੋੜ 41 ਲੱਖ ਲੋਕਾਂ ਦੀ ਮੁਫਤ ਸਿਹਤ ਜਾਂਚ ਕਰਵਾ ਰਹੇ ਹਾਂ। ਅਸੀਂ ਕਿਸਾਨਾਂ ਲਈ ਮੇਰੀ ਫਸਲ ਮੇਰਾ ਬਿਓਰਾ ਸਕੀਮ ਲੈ ਕੇ ਆਏ ਹਾਂ, ਜਿਸ ਵਿਚ ਖੇਤ ਵਿਚ ਬੀਜੀ ਗਈ ਫਸਲ ਦੀ ਜਾਣਕਾਰੀ ਤੋਂ ਲੈ ਕੇ ਇਸ ਦੀ ਵਿਕਰੀ ਅਤੇ ਖਰੀਦ ਤੱਕ ਹਰ ਚੀਜ਼ ਲਈ ਅਸੀਂ ਜ਼ਿੰਮੇਵਾਰ ਹਾਂ। ਸਰਕਾਰ ਸੋਕੇ, ਗੜ੍ਹੇਮਾਰੀ ਅਤੇ ਹੜ੍ਹਾਂ ਵਰਗੇ ਨੁਕਸਾਨ ਦੀ ਸਥਿਤੀ ਵਿਚ ਕਿਸਾਨਾਂ ਨੂੰ ਸਮੇਂ ਸਿਰ ਮਦਦ ਦੇਣ ਲਈ ਤਿਆਰ ਹੈ। ਕਿਸਾਨਾਂ ਦੀਆਂ ਫ਼ਸਲਾਂ ਦੀ ਖ਼ਰੀਦ ਤੋਂ ਬਾਅਦ ਪੈਸੇ ਸਿੱਧੇ ਉਨ੍ਹਾਂ ਦੇ ਖਾਤਿਆਂ ਵਿਚ ਜਮ੍ਹਾ ਕਰਵਾਏ ਜਾ ਰਹੇ ਹਨ। ਮੁੱਖ ਮੰਤਰੀ ਅੰਤੋਦਿਆ ਪਰਿਵਾਰ ਉਤਥਾਨ ਯੋਜਨਾ ਤਹਿਤ ਅਸੀਂ ਕਤਾਰ ਵਿਚ ਖੜ੍ਹੇ ਆਖਰੀ ਵਿਅਕਤੀ ਨੂੰ ਸਰਕਾਰੀ ਲਾਭ ਪ੍ਰਦਾਨ ਕਰ ਰਹੇ ਹਾਂ। ਅਸੀਂ ਇਕ ਲੱਖ ਰੁਪਏ ਤੋਂ ਘੱਟ ਆਮਦਨ ਵਾਲੇ ਹਰ ਪਰਿਵਾਰ ਦੇ ਇਕ ਵਿਅਕਤੀ ਨੂੰ ਟ੍ਰੇਨਿੰਗ ਪ੍ਰਦਾਨ ਕਰ ਰਹੇ ਹਾਂ ਤਾਂ ਜੋ ਉਹ ਆਪਣੇ ਪੈਰਾਂ ’ਤੇ ਖੜ੍ਹਾ ਹੋ ਸਕੇ।

• ਤੁਸੀਂ ਕਹਿੰਦੇ ਹੋ ਭ੍ਰਿਸ਼ਟਾਚਾਰ ਦਾ ਕਾਲ ਮਨੋਹਰ ਲਾਲ। ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ’ਚ ਕਿੰਨੇ ਕਾਮਯਾਬ ਹੋਏ?

ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਵਿਚ ਕਾਫੀ ਹੱਦ ਤੱਕ ਸਫਲ ਹੋਏ ਹਾਂ। ਅੱਜ ਕਿਸੇ ਵਿਚ ਖੁੱਲ੍ਹ ਕੇ ਰਿਸ਼ਵਤ ਮੰਗਣ ਜਾਂ ਲੈਣ ਦੀ ਹਿੰਮਤ ਨਹੀਂ ਹੈ। ਹਾਂ, ਸਾਨੂੰ ਅਜੇ ਵੀ ਰਿਸ਼ਵਤਖੋਰੀ ਦੀਆਂ ਸ਼ਿਕਾਇਤਾਂ ਮਿਲਦੀਆਂ ਹਨ। ਭ੍ਰਿਸ਼ਟਾਚਾਰ ਨੂੰ 100 ਫੀਸਦੀ ਖਤਮ ਕਰਨ ਲਈ ਲੋਕਾਂ ਨੂੰ ਖੁਦ ਨੂੰ ਬਦਲਣਾ ਪਵੇਗਾ। ਭਾਵੇਂ ਉਹ ਆਗੂ ਹੋਵੇ, ਅਧਿਕਾਰੀ ਜਾਂ ਕਰਮਚਾਰੀ। ਲੋਕ ਕਈ ਵਾਰ ਆਪਸੀ ਸਹਿਮਤੀ ਨਾਲ ਜੋ ਕੁਝ ਕਰਦੇ ਹਨ, ਉਸ ਨੂੰ ਖਤਮ ਕਰਨ ਦੀ ਲੋੜ ਹੈ। ਅਸੀਂ ਇਸ ਦੇ ਲਈ ਤਕਨੀਕ ਦੀ ਮਦਦ ਵੀ ਲੈ ਰਹੇ ਹਾਂ। ਏਜੰਸੀ ਵੀ ਕੰਮ ਕਰ ਰਹੀ ਹੈ। ਸਾਡਾ ਧਿਆਨ ਭ੍ਰਿਸ਼ਟਾਚਾਰ ਮੁਕਤ ਪ੍ਰਣਾਲੀ ਪ੍ਰਦਾਨ ਕਰਨ ’ਤੇ ਹੈ।

ਇਹ ਵੀ ਪੜ੍ਹੋ- VK ਸਿੰਘ ਦਾ ਵੱਡਾ ਬਿਆਨ, ਕਿਹਾ- POK ਖ਼ੁਦ-ਬ-ਖ਼ੁਦ ਭਾਰਤ 'ਚ ਸ਼ਾਮਲ ਹੋ ਜਾਵੇਗਾ, ਥੋੜ੍ਹੀ ਉਡੀਕ ਕਰੋ

ਹਰਿਆਣਾ ਦੇ ਲੋਕਾਂ ਲਈ ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਮੈਂ ਪਿਛਲੇ 9 ਸਾਲਾਂ ’ਚ ਜੋ ਵੀ ਕੀਤਾ ਹੈ, ਉਸ ਤੋਂ ਸੰਤੁਸ਼ਟ ਹਾਂ ਪਰ ਮੇਰੀਆਂ ਕੋਸ਼ਿਸ਼ਾਂ ਨਾ ਤਾਂ ਰੁਕਣਗੀਆਂ ਅਤੇ ਨਾ ਹੀ ਮੈਂ ਥੱਕਾਂਗਾ।

• ਤੁਸੀਂ ਆਪਣਾ ਸਿਆਸੀ ਗੁਰੂ ਕਿਸ ਨੂੰ ਮੰਨਦੇ ਹੋ?

ਅਸੀਂ ਸੰਗਠਨ ਦੇ ਲੋਕ ਹਾਂ। ਸਾਨੂੰ ਸੰਗਠਨ ਤੋਂ ਸੰਸਕਾਰ ਮਿਲਦੇ ਹਨ। ਅਸੀਂ ਜਿਥੇ ਵੀ ਹਾਂ, ਇਹ ਸੰਸਕਾਰਾਂ ਦਾ ਹੀ ਪ੍ਰਤਾਪ ਹੈ। ਸਾਡੇ ਸੰਗਠਨ ਦਾ ਸਭ ਤੋਂ ਵੱਡਾ ਵਿਅਕਤੀ ਹੋਵੇ ਜਾਂ ਸਭ ਤੋਂ ਛੋਟਾ ਵਰਕਰ, ਉਹ ਆਪਣੇ ਸੰਸਕਾਰਾਂ ਦੇ ਆਧਾਰ ’ਤੇ ਹੀ ਅੱਗੇ ਵੱਧਦਾ ਹੈ। ਸਿਆਸੀ ਤੌਰ ’ਤੇ ਸਾਨੂੰ ਅਟਲ ਜੀ, ਕੁਸ਼ਾ ਭਾਉ ਠਾਕਰੇ ਜੀ ਤੋਂ ਸੇਧ ਮਿਲੀ ਹੈ। ਹੁਣ ਨਰਿੰਦਰ ਮੋਦੀ ਜੀ ਸਾਡੇ ਆਦਰਸ਼ ਹਨ। ਮੈਂ ਸੰਘ ਵਿਚ ਮੋਦੀ ਜੀ ਨਾਲ ਕੰਮ ਕਰਦਾ ਸੀ। ਉਨ੍ਹਾਂ ਦਾ ਕੇਂਦਰ ਪੰਚਕੂਲਾ ਵਿਚ ਸੀ ਅਤੇ ਮੇਰਾ ਵੀ। ਮੈਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ।

• ਤੁਹਾਡੇ ਵਿਰੋਧੀ ਕਹਿੰਦੇ ਹਨ ਕਿ ਹਰਿਆਣਾ ’ਚ ਅਫਸਰਸ਼ਾਹੀ ਬੇਲਗਾਮ ਹੈ। ਤੁਹਾਡੀ ਕੀ ਪ੍ਰਤੀਕਿਰਿਆ ਹੈ?

ਅਜਿਹਾ ਨਹੀਂ ਹੈ ਕਿ ਅਧਿਕਾਰੀ ਬੇਲਗਾਮ ਹਨ ਪਰ ਜਿਸ ਤਰ੍ਹਾਂ ਦਾ ਵਿਵਹਾਰ ਅਫਸਰਸ਼ਾਹੀ ’ਤੇ ਦੋਸ਼ ਲਾਉਣ ਵਾਲੇ ਕਰਦੇ ਸਨ, ਅਸੀਂ ਉਸ ਤਰ੍ਹਾਂ ਦਾ ਵਿਵਹਾਰ ਉਨ੍ਹਾਂ ਨਾਲ ਨਹੀਂ ਕਰਦੇ। ਉਨ੍ਹਾਂ ਨੇ ਕਈ ਤਰੀਕਿਆਂ ਨਾਲ ਅਫਸਰਾਂ ਲਈ ਮੁਸ਼ਕਲਾਂ ਖੜ੍ਹੀਆਂ ਕੀਤੀਆਂ। ਅਧਿਕਾਰੀ ਵੀ ਇਸ ਗੱਲੋਂ ਚਿੰਤਤ ਸਨ ਕਿ ਕੀ ਕੰਮ ਕਰਨਾ ਹੈ ਤੇ ਕੀ ਨਹੀਂ। ਇਕ ਨੇਤਾ ਨੇ ਤਾਂ ਰਾਜਪਾਲ ਨੂੰ ਥੱਪੜ ਵੀ ਮਾਰ ਦਿੱਤਾ ਸੀ ਅਤੇ ਕੁਝ ਨੇਤਾ ਤਾਂ ਅਧਿਕਾਰੀਆਂ ਨੂੰ ਝਿੜਕਦੇ ਵੀ ਸਨ। ਅਧਿਕਾਰੀ ਉਨ੍ਹਾਂ ਤੋਂ ਕਦੇ ਵੀ ਖੁਸ਼ ਨਹੀਂ ਰਹਿੰਦੇ ਸਨ। ਸਾਡਾ ਮੰਨਣਾ ਹੈ ਕਿ ਨੀਤੀ ਨੂੰ ਚਲਾਉਣਾ ਸਰਕਾਰ ਦਾ ਕੰਮ ਹੈ ਅਤੇ ਇਸ ਨੂੰ ਲਾਗੂ ਕਰਨਾ ਅਧਿਕਾਰੀਆਂ ਦਾ ਕੰਮ ਹੈ। ਅਧਿਕਾਰੀ ਲਗਭਗ ਠੀਕ ਹੁੰਦੇ ਹਨ, ਜੋ ਨਹੀਂ ਹਨ, ਅਸੀਂ ਉਨ੍ਹਾਂ ਨਾਲ ਜੋ ਵੀ ਕਰਨਾ ਹੁੰਦਾ ਹੈ, ਉਹ ਕਰਦੇ ਹਾਂ। ਮੁਖੀ ਜੋ ਵੀ ਚਾਹੁੰਦਾ ਹੈ, ਅਧਿਕਾਰੀ ਉਹ ਸਮਝ ਲੈਂਦੇ ਹਨ ਅਤੇ ਉਸ ਅਨੁਸਾਰ ਚੱਲਦੇ ਹਨ। ਇਸ ਵਿਚ ਅਫਸਰਾਂ ਦਾ ਕੋਈ ਕਸੂਰ ਨਹੀਂ ਹੈ।

• ਨੂਹ ਹਿੰਸਾ ਲਈ ਕਿਸ ਨੂੰ ਦੋਸ਼ੀ ਮੰਨਦੇ ਹੋ ਅਤੇ ਸਰਕਾਰ ਉਨ੍ਹਾਂ ਵਿਰੁੱਧ ਕੀ ਕਾਰਵਾਈ ਕਰ ਰਹੀ ਹੈ?

ਬ੍ਰਜਮੰਡਲ ਯਾਤਰਾ ਦੌਰਾਨ ਜੋ ਵੀ ਹੋਇਆ, ਉਹ ਬਹੁਤ ਦੁੱਖਦਾਈ ਸੀ। ਕੁਝ ਸ਼ਰਾਰਤੀ ਨੌਜਵਾਨਾਂ ਨੇ ਸੋਸ਼ਲ ਮੀਡੀਆ ’ਤੇ ਮਾਹੌਲ ਖਰਾਬ ਕਰ ਦਿੱਤਾ ਅਤੇ ਉਹ ਨੂਹ ਤੋਂ ਵੀ ਨਹੀਂ ਸਨ। ਕੁਝ ਮਹੀਨੇ ਪਹਿਲਾਂ ਅਸੀਂ ਪੁਨਹਾਣਾ ਵਿਚ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਬਣਾਇਆ ਸੀ। ਪੁਨਹਾਣਾ ਵਿਚ ਅਸੀਂ 14 ਪਿੰਡਾਂ ਵਿਚ ਯੋਜਨਾਬੱਧ ਤਰੀਕੇ ਨਾਲ 5,000 ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕਰ ਕੇ ਇਕ ਦਿਨ ਦੀ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਸੈਂਕੜੇ ਨੌਜਵਾਨ ਅਜਿਹੇ ਫੜੇ ਗਏ, ਜੋ ਸਾਈਬਰ ਕ੍ਰਾਈਮ ਦੇ ਮਾਹਿਰ ਸਨ। ਸਾਈਬਰ ਕ੍ਰਾਈਮ ਦੀਆਂ 100 ਕਰੋੜ ਰੁਪਏ ਤੋਂ ਵੱਧ ਦੀਆਂ ਸ਼ਿਕਾਇਤਾਂ ਦਾ ਖੁਲਾਸਾ ਹੋਇਆ। ਅਸੀਂ ਉਨ੍ਹਾਂ ਦਾ ਸਾਰਾ ਨੈਕਸਸ ਤਬਾਹ ਕਰ ਦਿੱਤਾ। ਇਸ ਦਾ ਬਦਲਾ ਲੈਣ ਲਈ ਨੂਹ ਵਿਚ ਹਿੰਸਾ ਕਰਵਾਈ ਗਈ। ਯਾਤਰਾ ਤੋਂ ਪਹਿਲਾਂ ਪ੍ਰਸ਼ਾਸਨ ਨੇ ਸਾਰੀਆਂ ਧਿਰਾਂ ਨਾਲ ਗੱਲਬਾਤ ਕਰ ਕੇ ਸ਼ਾਂਤੀ ਲਈ ਵਿਸ਼ਵਾਸ ਬਣਾਈ ਰੱਖਿਆ ਪਰ ਉਸ ਤੋਂ ਬਾਅਦ ਵੀ ਅਜਿਹੀ ਘਟਨਾ ਵਾਪਰੀ, ਜਿਸ ਨੇ ਪੂਰੇ ਸੂਬੇ ਨੂੰ ਠੇਸ ਪਹੁੰਚਾਈ। ਅਸੀਂ ਨੂਹ ਵਿਚ ਹੋਏ ਨੁਕਸਾਨ ਤੋਂ ਦੁਖੀ ਹਾਂ, 6 ਜਾਨਾਂ ਚਲੀਆਂ ਗਈਆਂ, ਫਿਰ ਵੀ ਅਸੀਂ ਕੇਂਦਰ ਦੀ ਮਦਦ ਨਾਲ ਸਥਿਤੀ ਨੂੰ ਕਾਬੂ ਕੀਤਾ।

• ਤੁਸੀਂ 2024 ਲਈ ਆਮ ਆਦਮੀ ਪਾਰਟੀ ਨੂੰ ਕਿੰਨੀ ਵੱਡੀ ਚੁਣੌਤੀ ਸਮਝਦੇ ਹੋ?

ਅਜਿਹਾ ਕੁਝ ਨਹੀਂ। ਆਮ ਆਦਮੀ ਪਾਰਟੀ ਦੋ-ਤਿੰਨ ਚੋਣਾਂ ਤੋਂ ਕੋਸ਼ਿਸ਼ ਕਰ ਰਹੀ ਹੈ ਅਤੇ ਹਰਿਆਣਾ ਦੇ ਲੋਕ ਇਸ ਨੂੰ ਕੋਈ ਮਹੱਤਵ ਨਹੀਂ ਦਿੰਦੇ। ਮੈਂ ਦਿੱਲੀ ਅਤੇ ਪੰਜਾਬ ਵਿਚ ‘ਆਪ’ ਦੀ ਸਰਕਾਰ ਦੇਖੀ, ਦੋਵੇਂ ਸੂਬਿਆਂ ਦੇ ਲੋਕ ਜਿਸ ਤਰ੍ਹਾਂ ਦੇ ਨਾਅਰੇ ਲਗਾਉਂਦੇ ਹਨ, ਉਸ ਤੋਂ ਬਿਲਕੁਲ ਉਲਟ ਕਹਾਣੀਆਂ ਸੁਣਾਉਂਦੇ ਹਨ। ਦਿੱਲੀ ਹੋਵੇ ਜਾਂ ਪੰਜਾਬ, ਉਥੇ ਖਾਲੀਪਣ ਸੀ, ਭਾਜਪਾ ਨਹੀਂ ਸੀ, ਇਸ ਲਈ ਉਨ੍ਹਾਂ ਨੂੰ ਥਾਂ ਮਿਲੀ। ਹਰਿਆਣਾ ’ਚ ਮੁਕਾਬਲਾ ਸਿਰਫ ਕਾਂਗਰਸ ਅਤੇ ਭਾਜਪਾ ਵਿਚਾਲੇ ਹੈ ਅਤੇ ਅਸੀਂ ਚੰਗੀ ਸਥਿਤੀ ’ਚ ਹਾਂ।

• ਜਦੋਂ ਤੁਸੀਂ ਪਹਿਲੀ ਵਾਰ ਮੁੱਖ ਮੰਤਰੀ ਬਣੇ ਤਾਂ ਤੁਸੀਂ ਆਪਣੇ ਰਸੋਈਏ ਨੂੰ ਸਾਈਡ ’ਤੇ ਕਰ ਦਿੱਤਾ ਅਤੇ ਖੁਦ ਆਪਣੇ ਲਈ ਚਾਹ ਬਣਾਈ। ਕੀ ਇਹ ਕਸਰਤ ਅੱਜ ਵੀ ਜਾਰੀ ਹੈ?

ਜਦੋਂ ਮੈਂ ਸੰਘ ਦਾ ਪ੍ਰਚਾਰਕ ਸੀ ਤਾਂ ਪਰਿਵਾਰ ਵਿਚ ਇਸ ਸਬੰਧ ਵਿਚ ਮੈਂ ਇਕੱਲਾ ਸੀ। ਪ੍ਰਚਾਰਕ ਹੋਣ ਕਰ ਕੇ ਵਿਆਹ ਨਹੀਂ ਕਰਵਾਇਆ, ਕਦੇ-ਕਦੇ ਖੁਦ ਚਾਹ ਬਣਾ ਲੈਂਦਾ ਸੀ ਤੇ ਕਦੇ ਰਸੋਈਆ ਬਣਾਉਂਦਾ ਸੀ। ਉਸ ਸਮੇਂ ਮੈਂ ਮੋਦੀ ਜੀ ਨਾਲ ਖਿਚੜੀ ਵੀ ਬਣਾਈ ਸੀ ਅਤੇ ਇਹ ਉਨ੍ਹਾਂ ਦਾ ਸ਼ੌਕ ਸੀ। ਮੈਂ ਕਦੇ-ਕਦੇ ਨਾ ਸਿਰਫ ਚਾਹ, ਸਗੋਂ ਖਾਣਾ ਵੀ ਤਿਆਰ ਕਰਦਾ ਸੀ ਅਤੇ ਹੁਣ ਵੀ ਕਦੇ-ਕਦੇ ਆਪਣੀ ਪ੍ਰੈਕਟਿਸ ਨੂੰ ਬਰਕਰਾਰ ਰੱਖਣ ਲਈ ਕਰਦਾ ਹਾਂ। ਇਸ ਨਾਲ ਕੋਈ ਵੱਡਾ ਜਾਂ ਛੋਟਾ ਨਹੀਂ ਹੁੰਦਾ। ਰਸੋਈਆ ਵੀ ਸਾਡੇ ਵਰਗਾ ਹੈ ਤੇ ਅਸੀਂ ਵੀ ਉਹਦੇ ਵਰਗੇ ਹੀ ਹਾਂ ਕਿਉਂਕਿ ਇਹ ਮੈਨੇਜਮੈਂਟ ਦਾ ਕੰਮ ਹੈ, ਉਸ ਦਾ ਰਸੋਈ ਦਾ ਅਤੇ ਸਾਡਾ ਸਰਕਾਰ ਦਾ।

• ਤੁਸੀਂ ਜਨ ਸੰਵਾਦ ਪ੍ਰੋਗਰਾਮ ਤਹਿਤ 6 ਜ਼ਿਲ੍ਹਿਆਂ ਨੂੰ ਕਵਰ ਕੀਤਾ ਹੈ। ਲੋਕਾਂ ਦਾ ਕਿੰਨਾ ਸਹਿਯੋਗ ਮਿਲ ਰਿਹਾ ਹੈ। ਤੁਸੀਂ ਜ਼ਮੀਨ ’ਤੇ ਕਿਹੜੀਆਂ ਸਮੱਸਿਆਵਾਂ ਦੇਖ ਰਹੇ ਹੋ?

ਜਨ ਸੰਵਾਦ ਪ੍ਰੋਗਰਾਮ ਪੂਰੀ ਤਰ੍ਹਾਂ ਕਾਮਯਾਬ ਹੋ ਰਿਹਾ ਹੈ। ਇਸ ਤੋਂ ਸੂਬੇ ਦੇ ਲੋਕ ਕਾਫੀ ਖੁਸ਼ ਹਨ। ਅਸੀਂ ‘ਡਾਊਨ ਟੂ ਅਰਥ’ ਕੰਮ ਕਰ ਰਹੇ ਹਾਂ। ਇਸ ਪ੍ਰੋਗਰਾਮ ਵਿਚ ਇਕ ਪਿੰਡ ਦੇ ਲੋਕ ਹਿੱਸਾ ਲੈਂਦੇ ਹਨ, ਨੇੜਲੇ ਇਲਾਕੇ ਦੇ ਮੁਖੀ ਇਕੱਠੇ ਹੁੰਦੇ ਹਨ। ਹੁਣ ਤੱਕ 70 ਪਿੰਡ ਹੋ ਚੁੱਕੇ ਹਨ। ਅਸੀਂ ਆਪਣੀ ਸਰਕਾਰ ਦੀਆਂ ਸਕੀਮਾਂ ਨੂੰ ਲੋਕਾਂ ਵਿਚ ਲੈ ਕੇ ਜਾਂਦੇ ਹਾਂ ਅਤੇ ਦੇਖਦੇ ਹਾਂ ਕਿ ਉਨ੍ਹਾਂ ਯੋਜਨਾਵਾਂ ਦਾ ਲੋਕਾਂ ਨੂੰ ਕਿੰਨਾ ਲਾਭ ਮਿਲ ਰਿਹਾ ਹੈ। ਅਸੀਂ ਉਤਸ਼ਾਹਿਤ ਹਾਂ ਕਿ ਲੋਕ ਸਰਕਾਰੀ ਸਕੀਮਾਂ ਦਾ ਲਾਭ ਲੈ ਰਹੇ ਹਨ। ਪ੍ਰੋਗਰਾਮ ਵਿਚ ਲੋਕ ਆਪੋ-ਆਪਣੇ ਵਿਕਾਸ ਕਾਰਜਾਂ ਦੀ ਮੰਗ ਰੱਖਦੇ ਹਨ, ਜਿਨ੍ਹਾਂ ਨੂੰ ਅਸੀਂ ਪੂਰਾ ਵੀ ਕਰਦੇ ਹਾਂ। ਵਿਰੋਧੀ ਧਿਰ ਜੋ ਵੀ ਕਹੇ, ਜ਼ਮੀਨ ’ਤੇ ਲੋਕ ਸਾਡੇ ਤੋਂ ਸੰਤੁਸ਼ਟ ਹਨ। ਲੋਕਾਂ ਦਾ ਕਹਿਣਾ ਹੈ ਕਿ ਹਰਿਆਣਾ ਵਿਚ ਤੀਜੀ ਵਾਰ ਮਨੋਹਰ ਲਾਲ ਦੀ ਸਰਕਾਰ ਬਣੇਗੀ।

Tanu

This news is Content Editor Tanu