ਸ਼ਿਮਲਾ ’ਚ ਪਾਣੀ ਦੀ ਕਿੱਲਤ; ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟਿਆ, ਸੜਕਾਂ ’ਤੇ ਉਤਰੇ

06/14/2022 4:46:19 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਸ਼ਹਿਰ ’ਚ ਪਾਣੀ ਦੀ ਸਮੱਸਿਆ ਗੰਭੀਰ ਹੋਣ ਕਾਰਨ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟਣ ਲੱਗਾ ਹੈ ਅਤੇ ਉਹ ਸੜਕਾਂ ’ਤੇ ਉਤਰ ਆਏ ਹਨ। ਸ਼ਹਿਰ ਵਿਚ 3 ਦਿਨ ਬਾਅਦ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ, ਜਿਸ ਨਾਲ ਭਿਆਨਕ ਗਰਮੀ ’ਚ ਲੋਕ ਪਾਣੀ ਨੂੰ ਤਰਸ ਰਹੇ ਹਨ। ਸ਼ਹਿਰ ਦੇ ਲੋਕ ਇਸ ਲਈ ਨਗਰ ਨਿਗਮ ਮਾੜੀ ਵਿਵਸਥਾ ਅਤੇ ਸ਼ਿਮਲਾ ਜਲ ਪ੍ਰਬੰਧਨ ਨਿਗਮ ਦੀ ਵੰਡ ਪ੍ਰਣਾਲੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਕੁਝ ਇਲਾਕਿਆਂ ’ਚ ਤਾਂ ਬੇਚਾਰੇ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ। 

ਓਧਰ ਪਾਣੀ ਦੀ ਦਿੱਕਤ ਨੂੰ ਲੈ ਕੇ ਭੀਮ ਆਰਮੀ ਏਕਤਾ ਮਿਸ਼ਨ ਦੇ ਪ੍ਰਧਾਨ ਅਤੇ ਸਮਾਜਿਕ ਵਰਕਰ ਰਵੀ ਦਲਿਤ ਅਤੇ ਸ਼ਹਿਰ ਦੇ ਹੋਰ ਲੋਕ ਅੱਜ ਮੇਅਰ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠ ਗਏ ਹਨ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸ਼ਹਿਰ ਦੇ ਲੋਕਾਂ ਨੂੰ ਰੋਜ਼ਾਨਾ ਪਾਣੀ ਨਹੀਂ ਮਿਲਦਾ ਹੈ ਤਾਂ ਉਹ ਕੇਂਦਰੀ ਮੰਤਰੀ ਸੁਰੇਸ਼ ਭਾਰਦਵਾਜ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨਗੇ। 

ਰਵੀ ਨੇ ਕਿਹਾ ਕਿ ਭਾਜਪਾ ਸ਼ਾਸਿਤ ਨਗਰ ਨਿਗਮ ਨੇ ਸ਼ਹਿਰ ਦਾ ਪਾਣੀ ਨਿਜੀ ਕੰਪਨੀ ਨੂੰ ਸੌਂਪ ਦਿੱਤਾ ਹੈ, ਜਿਸ ਤੋਂ ਬਾਅਦ ਹੋਟਲਾਂ ਨੂੰ ਤਾਂ ਪਾਣੀ ਮਿਲ ਰਿਹਾ ਹੈ ਪਰ ਜਨਤਾ ਪਾਣੀ ਲਈ ਤਰਸ ਰਹੀ ਹੈ। ਪ੍ਰਦੇਸ਼ ’ਚ 24 ਘੰਟੇ ਪਾਣੀ ਦੇਣ ਦੇ ਭਾਜਪਾ ਦੇ ਦਾਅਵੇ ਖ਼ੋਖਲੇ ਸਾਬਤ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਪਾਣੀ ਦੀ ਸਮੱਸਿਆ ਨਾਲ ਜੂਝਣਾ ਨਾ ਪਏ, ਇਸ ਲਈ 24 ਘੰਟੇ ਪਾਣੀ ਦੇਣਾ ਹੋਵੇਗਾ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਸ਼ਹਿਰੀ ਵਿਕਾਸ ਮੰਤਰੀ ਸੁਰੇਸ਼ ਭਾਰਦਵਾਜ ਦੇ ਘਰ ਦੇ ਬਾਹਰ ਧਰਨੇ ’ਤੇ ਬੈਠ ਜਾਣਗੇ।

Tanu

This news is Content Editor Tanu