ਵਿਜੇ ਕੁਮਾਰ ਨੇ ਨਿੱਜੀ ਕਾਰਨਾਂ ਕਰ ਕੇ ਗ੍ਰਹਿ ਮੰਤਰਾਲਾ ਦੇ ਸੁਰੱਖਿਆ ਸਲਾਹਕਾਰ ਅਹੁਦੇ ਤੋਂ ਅਸਤੀਫ਼ਾ ਦਿੱਤਾ

10/15/2022 6:21:47 PM

ਨਵੀਂ ਦਿੱਲੀ (ਭਾਸ਼ਾ)- ਚੰਦਨ ਤਸਕਰ ਵੀਰੱਪਨ ਨੂੰ ਮਾਰਨ ਵਾਲੇ ਦਿੱਗਜ ਪੁਲਸ ਅਧਿਕਾਰੀ ਕੇ. ਵਿਜੇ ਕੁਮਾਰ ਨੇ ਨਿੱਜੀ ਕਾਰਨਾਂ ਕਰ ਕੇ ਗ੍ਰਹਿ ਮੰਤਰਾਲਾ (ਐੱਮ.ਐੱਚ.ਏ.) ਦੇ ਸੀਨੀਅਰ ਸੁਰੱਖਿਆ ਸਲਾਹਕਾਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕੁਝ ਸਮੇਂ ਪਹਿਲਾਂ ਨਿੱਜੀ ਕਾਰਨਾਂ ਕਰ ਕੇ ਅਸਤੀਫ਼ਾ ਦੇਣ ਵਾਲੇ ਕੁਮਾਰ ਨੇ ਦਿੱਲੀ 'ਚ ਆਪਣਾ ਘਰ ਵੀ ਖ਼ਾਲੀ ਕਰ ਦਿੱਤਾ ਹੈ ਅਤੇ ਚੇਨਈ ਚੱਲੇ ਗਏ ਹਨ। ਉਨ੍ਹਾਂ ਕਿਹਾ,''ਮੈਂ ਹੁਣ ਚੇਨਈ 'ਚ ਰਹਿੰਦਾ ਹਾਂ। ਮੈਂ ਨਿੱਜੀ ਕਾਰਨਾਂ ਕਰ ਕੇ ਐੱਮ.ਐੱਚ.ਏ. 'ਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।''

ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਐੱਮ.ਐੱਚ.ਏ. ਅਧਿਕਾਰੀਆਂ ਅਤੇ ਸਾਰੇ ਪ੍ਰਦੇਸ਼ਾਂ ਦੀਆਂ ਪੁਲਸ ਫ਼ੋਰਸਾਂ ਦੇ ਪ੍ਰਮੁੱਖਾਂ ਦੇ ਪ੍ਰਤੀ ਉਨ੍ਹਾਂ ਦੇ ਕਾਰਜਕਾਲ ਦੌਰਾਨ ਸਹਿਯੋਗ ਲਈ ਧੰਨਵਾਦ ਕੀਤਾ। ਉਹ ਮੁੱਖ ਰੂਪ ਨਾਲ ਖੱਬੇ ਪੱਖੀ ਕੱਟੜਪੰਥੀਆਂ ਅਤੇ ਜੰਮੂ ਕਸ਼ਮੀਰ ਦੇ ਮੁੱਦਿਆਂ 'ਤੇ ਸਰਕਾਰ ਨੂੰ ਸਲਾਹ ਦੇ ਰਹੇ ਸਨ। ਭਾਰਤੀ ਪੁਲਸ ਸੇਵਾ ਦੇ 1975 ਬੈਚ ਦੇ ਅਧਿਕਾਰੀ ਨੂੰ 2012 'ਚ ਐੱਮ.ਐੱਚ.ਏ. 'ਚ ਨਿਯੁਕਤੀ ਮਿਲੀ ਸੀ। ਉਹ ਇਸੇ ਸਾਲ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਡਾਇਰੈਕਟਰ ਜਨਰਲ ਵਜੋਂ ਸੇਵਾਮੁਕਤ ਹੋਏ ਸਨ। ਉਹ ਜੰਮੂ ਕਸ਼ਮੀਰ ਦੇ ਰਾਜਪਾਲ ਦੇ ਸਲਾਹਕਾਰ ਵੀ ਰਹੇ ਅਤੇ 2019 'ਚ ਮੁੜ ਗ੍ਰਹਿ ਮੰਤਰਾਲਾ 'ਚ ਸੀਨੀਅਰ ਸੁਰੱਖਿਆ ਸਲਾਹਕਾਰ ਬਣੇ।

DIsha

This news is Content Editor DIsha