ਗਊ-ਰੱਖਿਅਕਾਂ ਦੀ ਗੁੰਡਾਗਰਦੀ ਦਾ ਵੀਡੀਓ ਵਾਇਰਲ, ਆਟੋ ਡਰਾਈਵਰ ਦੀ ਹੋਈ ਕੁੱਟਮਾਰ

10/14/2017 3:21:12 PM

ਫਰੀਦਾਬਾਦ — ਗਊ ਰੱਖਿਆ ਦੇ ਨਾਂ 'ਤੇ ਹੋ ਰਹੀ ਗੁੰਡਾਗਰਦੀ ਘੱਟ ਹੋਣ ਦਾ ਨਾਂ ਹੀ ਨਹੀਂ ਲੈ ਰਹੀ। ਇਸ ਤਰ੍ਹਾਂ ਦਾ ਹੀ ਇਕ ਮਾਮਲਾ ਦਿੱਲੀ ਦੇ ਨਾਲ ਲੱਗਦੇ ਫਰੀਦਾਬਾਦ ਦਾ ਹੈ। ਜਿਥੇ ਇਕ ਆਟੋ 'ਚ ਗਊ ਮਾਸ ਹੋਣ ਦੇ ਸ਼ੱਕ ਦੇ ਕਾਰਨ ਕਥਿਤ ਗਊ ਰੱਖਿਅਕਾਂ ਨੇ ਆਟੋ ਡਰਾਈਵਰ ਅਤੇ ਉਸਦੇ ਸਾਥੀ ਨਾਲ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਉਸਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਗਊਰੱਖਿਆ ਦੇ ਨਾਂ 'ਤੇ ਗੁੰਡਾਗਰਦੀ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ। 


ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਇਕ ਵਿਅਕਤੀ ਦੀ ਕੁੱਟਮਾਰ ਹੋਈ ਅਤੇ ਕਿਸ ਤਰ੍ਹਾਂ ਉਸਨੂੰ ਭਾਰਤ ਮਾਤਾ ਅਤੇ ਹਨੂੰਮਾਨ ਦੀ ਜੈ ਬੋਲਣ ਲਈ ਕਿਹਾ ਗਿਆ। ਪੀੜਤ ਵਿਅਕਤੀ ਅਨੁਸਾਰ ਉਹ ਆਪਣੇ ਸਾਥੀ ਦੀ ਮੀਟ ਦੀ ਦੁਕਾਨ ਦੇ ਲਈ ਆਟੋ 'ਚ ਮੀਟ ਰੱਖ ਕੇ ਲੈ ਜਾ ਰਿਹਾ ਸੀ। ਪੀੜਤ ਵਿਅਕਤੀ ਆਪਣੇ ਸਾਥੀ ਨਾਲ ਜਿਵੇਂ ਹੀ ਫਰੀਦਾਬਾਦ ਦੇ ਬਾਜੜੀ ਪਿੰਡ ਦੇ ਕੋਲ ਪੁੱਜੇ ਤਾਂ ਪਿਛੋਂ ਆਈ ਕਾਰ 'ਚ ਸਵਾਰ ਕੁਝ ਵਿਅਕਤੀਆਂ ਨੇ ਆਟੋ ਨੂੰ ਰੁਕਵਾ ਲਿਆ ਅਤੇ ਕਿਸੇ ਲੜਕੇ ਬਾਰੇ ਪੁੱਛਿਆ ਅਤੇ ਜਦੋਂ ਉਨ੍ਹਾਂ ਨੇ ਕਿਹਾ ਕਿ ਉਹ ਨਹੀਂ ਜਾਣਦੇ ਤਾਂ ਦੋਸ਼ੀਆਂ ਨੇ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਜ਼ਖਮੀਆਂ ਵਿਅਕਤੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਦੋਸ਼ੀਆਂ ਨੇ ਆਟੋ ਚਾਲਕ ਨੂੰ ਭਾਰਤ ਮਾਤਾ ਦੀ ਜੈ ਬੋਲਣ ਲਈ ਕਿਹਾ ਅਤੇ ਨਾ ਬੋਲਣ 'ਤੇ ਕੁੱਟਮਾਰ ਕਰਕੇ ਲਹੂ-ਲੁਹਾਨ ਕਰ ਦਿੱਤਾ। ਇਸ ਦੌਰਾਨ ਆਟੋ ਚਾਲਕ ਦੀ ਸਹਾਇਤਾ ਕਰਨ ਆਏ ਤਿੰਨ ਹੋਰ ਵਿਅਕਤੀਆਂ ਨੂੰ ਵੀ ਕੁੱਟਿਆ ਗਿਆ। ਪੀੜਤ ਵਿਅਕਤੀ ਦਾ ਕਹਿਣਾ ਹੈ ਕਿ ਜੇਕਰ ਗਾਂ ਦਾ ਮੀਟ ਨਿਕਲਿਆਂ ਤਾਂ ਮੈਨੂੰ ਫਾਂਸੀ ਦੇ ਦੇਣਾ ਨਹੀਂ ਤਾਂ ਮੈਨੂੰ ਇਨਸਾਫ ਚਾਹੀਦੈ।


ਫਿਲਹਾਲ ਪੁਲਸ ਨੇ ਪੰਜਾਂ ਪੀੜਤਾ ਦੇ ਖਿਲਾਫ ਹੀ ਗਊ ਰੱਖਿਆ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦੇ ਮੁਤਾਬਕ ਸ਼ਿਕਾਇਤ ਮਿਲਣ 'ਤੇ ਮਾਮਲਾ ਦਰਜ ਕਰ ਲਿਆ ਹੈ ਹੁਣ ਜਾਂਚ ਦੇ ਬਾਅਦ ਹੀ ਪਤਾ ਲੱਗ ਸਕੇਗਾ ਕਿ ਗੱਡੀ 'ਚ ਗਊ ਮਾਸ ਸੀ ਜਾਂ ਨਹੀਂ।