ਸਬਜ਼ੀ ਵਪਾਰੀਆਂ ਦੀ ਪਿਕਅੱਪ ਵੈਨ ਨੂੰ ਟਰੱਕ ਨੇ ਮਾਰੀ ਟੱਕਰ, 6 ਦੀ ਮੌਤ

05/20/2020 10:04:04 AM

ਇਟਾਵਾ- ਉੱਤਰ ਪ੍ਰਦੇਸ਼ ਦੇ ਬਕੇਵਰ ਕਸਬੇ ਤੋਂ ਇਟਾਵਾ ਦੀ ਥੋਕ ਸਬਜ਼ੀ ਮੰਡੀ 'ਚ ਖਰੀਦਾਰੀ ਕਰਨ ਆ ਰਹੇ ਵਪਾਰੀਆਂ ਦੀ ਪਿਕਅੱਪ ਵੈਨ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਨਾਲ 6 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ। ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਇਸ ਘਟਨਾ 'ਤੇ ਦੁੱਖ ਜਤਾਉਂਦੇ ਹੋਏ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 2-2 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦੇ ਨਿਰਦੇਸ਼ ਦਿੱਤੇ ਹਨ। ਸੀਨੀਅਰ ਪੁਲਸ ਕਮਿਸ਼ਨਰ ਆਕਾਸ਼ ਤੋਮਰ ਨੇ ਦੱਸਿਆ ਕਿ ਨਗਰ ਦੇ ਥਾਣਾ ਫਰੈਂਡਜ਼ ਕਾਲੋਨੀ ਖੇਤਰ ਦੇ ਅਧੀਨ ਨੈਸ਼ਨਲ ਹਾਈਵੇਅ2 'ਤੇ 19 ਮਈ ਦੀ ਰਾਤ ਕਰੀਬ 10 ਵਜੇ ਬਕੇਰ ਕਸਬੇ ਤੋਂ ਸਬਜ਼ੀ ਵਪਾਰੀ ਪਿਕਅੱਪ ਵੈਨ 'ਚ ਸਵਾਰ ਹੋ ਕੇ ਇਟਾਵਾ ਨਵੀਂ ਮੰਡੀ 'ਚ ਸਬਜ਼ੀ ਖਰੀਦਣ ਆਏ ਸਨ। ਲਾਕਡਾਊਨ ਕਾਰਨ ਮੰਡੀ ਰਾਤ 10 ਵਜੇ ਤੋਂ ਸਵੇਰੇ 4 ਵਜੇ ਤੱਕ ਖੁੱਲ੍ਹਦੀ ਹੈ। ਉਦੋਂ ਹਾਈਵੇਅ 'ਤੇ ਤੇਜ਼ ਗਤੀ ਨਾਲ ਆ ਰਹੇ ਟਰੱਕ ਨੇ ਪਿੱਛਿਓਂ ਪਿਕਅੱਪ ਵੈਨ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਵੈਨ ਉੱਛਲ ਕੇ ਸੜਕ ਤੋਂ ਹੇਠਾਂ ਜਾ ਡਿੱਗੀ।

ਹਾਦਸੇ 'ਚ ਵੈਨ 'ਚ ਸਵਾਰ ਰਾਜੇਸ਼ ਯਾਦਵ, ਰਾਜੂ ਪੋਰਵਾਲ, ਜਗਦੀਸ਼ ਕੁਸ਼ਵਾਹਾ, ਜਾਗੇਸ਼ਵਰ ਕੁਸ਼ਵਾਹਾ, ਮਹੇਸ਼ ਕੁਸ਼ਵਾਹਾ, ਬ੍ਰਜੇਸ਼ ਕੁਸ਼ਵਾਹਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ। ਜ਼ਖਮੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਲਖਨਊ 'ਚ ਸਰਕਾਰੀ ਬੁਲਾਰੇ ਨੇ ਬੁੱਧਵਾਰ ਨੂੰ ਦੱਸਿਆ ਕਿ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਟਰੱਕ ਅਤੇ ਪਿਕਅੱਪ ਵੈਨ ਦੀ ਟੱਕਰ ਨਾਲ ਲੋਕਾਂ ਦੀ ਮੌਤ 'ਤੇ ਡੂੰਘਾ ਸੋਗ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਸੋਗ ਪੀੜਤ ਪਰਿਵਾਰਾਂ ਦੇ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਹੈ ਅਤੇ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖਮੀ ਵਿਅਕਤੀ ਦਾ ਇਲਾਜ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 2-2 ਲੱਖ ਰੁਪਏ ਅਤੇ ਗੰਭੀਰ ਰੂਪ ਨਾਲ ਜ਼ਖਮੀ ਵਿਅਕਤੀ ਨੂੰ 50 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੇ ਜਾਣ ਦੇ ਨਿਰਦੇਸ਼ ਵੀ ਦਿੱਤੇ ਹਨ।

DIsha

This news is Content Editor DIsha