ਵੀਰ ਸਾਵਰਕਰ ਨੇ ਰਚੀ ਸੀ ਗਾਂਧੀ ਦੀ ਹੱਤਿਆ ਦੀ ਸਾਜ਼ਿਸ਼ : ਦਿਗਵਿਜੇ ਸਿੰਘ

10/18/2019 12:46:49 AM

ਭੋਪਾਲ – ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਅਕਸਰ ਆਪਣੇ ਬਿਆਨਾਂ ਕਾਰਣ ਚਰਚਾ ਵਿਚ ਰਹਿੰਦੇ ਹਨ। ਹਾਲ ਹੀ ਵਿਚ ਉਹ ਵੀਰ ਸਾਵਰਕਰ ਨੂੰ ਲੈ ਕੇ ਸੁਰਖੀਆਂ ਵਿਚ ਹਨ। ਦਿਗਵਿਜੇ ਸਿੰਘ ਨੇ ਕਿਹਾ ਕਿ ਵੀਰ ਸਾਵਰਕਰ ਦੇ ਜੀਵਨ ਦੇ 2 ਪਹਿਲੂ ਸਨ। ਪਹਿਲੇ ਵਿਚ ਉਨ੍ਹਾਂ ਦਾ ਜੇਲ ਤੋਂ ਪਰਤਣ ਤੋਂ ਬਾਅਦ ਆਜ਼ਾਦੀ ਦੀ ਲੜਾਈ ਵਿਚ ਸ਼ਾਮਲ ਹੋਣਾ ਤੇ ਦੂਸਰੇ ਪਹਿਲੂ ਵਿਚ ਉਨ੍ਹਾਂ ਦਾ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਹੱਤਿਆ ਵਿਚ ਸ਼ਾਮਲ ਹੋਣਾ। ਉਨ੍ਹਾਂ ਕਿਹਾ ਕਿ ਭਾਜਪਾ ਇਕ ਅਜਿਹੇ ਵਿਅਕਤੀ ਨੂੰ ਭਾਰਤ ਰਤਨ ਦੇਣ ਦੀ ਮੰਗ ਕਰ ਰਹੀ ਹੈ, ਜਿਸ ’ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਹੱਤਿਆ ਵਿਚ ਸ਼ਾਮਲ ਹੋਣ ਦਾ ਦੋਸ਼ ਹੈ। ਜ਼ਿਕਰਯੋਗ ਹੈ ਕਿ ਭਾਜਪਾ ਨੇ ਮਹਾਰਾਸ਼ਟਰ ਵਿਚ ਜਾਰੀ ਆਪਣੇ ਚੋਣ ਮੈਨੀਫੈਸਟੋ ਵਿਚ ਸਾਵਰਕਰ ਨੂੰ ਲੈ ਕੇ ਇਕ ਖਾਸ ਪ੍ਰਸਤਾਵ ਰੱਖਿਆ ਹੈ।

ਦਰਅਸਲ ਭਾਜਪਾ ਨੇ ਮਹਾਰਾਸ਼ਟਰ ਚੋਣਾਂ ਲਈ ਜਾਰੀ ਆਪਣੇ ਚੋਣ ਮੈਨੀਫੈਸਟੋ ਵਿਚ ਕਿਹਾ ਹੈ ਕਿ ਜੇਕਰ ਸੂਬੇ ਵਿਚ ਇਕ ਵਾਰ ਫਿਰ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਵੀਰ ਸਾਵਰਕਰ ਨੂੰ ਭਾਰਤ ਰਤਨ ਦੇਣ ਲਈ ਕੇਂਦਰ ਨੂੰ ਪ੍ਰਸਤਾਵ ਭੇਜਣਗੇ। ਭਾਜਪਾ ਦੇ ਇਸ ਐਲਾਨ ਤੋਂ ਬਾਅਦ ਸਾਰੀਆਂ ਵਿਰੋਧੀ ਪਾਰਟੀਆਂ ਨੇ ਉਸ ’ਤੇ ਨਿਸ਼ਾਨਾ ਵਿੰਨ੍ਹਣਾ ਸ਼ੁਰੂ ਕਰ ਦਿੱਤਾ ਹੈ,ਜਦਕਿ ਦਿਗਵਿਜੇ ਸਿੰਘ ਨੇ ਉਨ੍ਹਾਂ ਤੋਂ ਇਕ ਕਦਮ ਹੋਰ ਅੱਗੇ ਨਿਕਲਦਿਆਂ ਸਾਵਰਕਰ ਨੂੰ ਗਾਂਧੀ ਦੀ ਹੱਤਿਆ ਦੀ ਸਾਜ਼ਿਸ਼ ਰਚਣ ਵਾਲਾ ਕਰਾਰ ਦਿੱਤਾ ਹੈ।

Inder Prajapati

This news is Content Editor Inder Prajapati