ਵਾਰਾਣਸੀ ਤੋਂ ਚੋਣ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਨੋਟਿਸ ਜਾਰੀ

07/20/2019 10:26:29 AM

ਪ੍ਰਯਾਗਰਾਜ— ਇਲਾਹਾਬਾਦ ਹਾਈ ਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਰਾਣਸੀ ਤੋਂ ਬਤੌਰ ਸੰਸਦ ਮੈਂਬਰ ਚੋਣ ਨੂੰ ਚੁਣੌਤੀ ਦੇਣ ਵਾਲੀ ਇਕ ਚੋਣ ਪਟੀਸ਼ਨ 'ਤੇ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਨੋਟਿਸ ਜਾਰੀ ਕੀਤਾ। ਜੱਜ ਐੱਮ.ਕੇ. ਗੁਪਤਾ ਨੇ ਇਹ ਨੋਟਿਸ ਜਾਰੀ ਕਰਦੇ ਹੋਏ ਇਸ ਮਾਮਲੇ ਦੀ ਅਗਲੀ ਸੁਣਵਾਈ ਦੀ ਤਾਰੀਕ 21 ਅਗਸਤ ਤੈਅ ਕੀਤੀ। ਇਹ ਚੋਣ ਪਟੀਸ਼ਨ ਸਰਹੱਦੀ ਸੁਰੱਖਿਆ ਫੋਰਸ ਦੇ ਬਰਖ਼ਾਸਤ ਜਵਾਨ ਤੇਜ ਬਹਾਦਰ ਯਾਦਵ ਵਲੋਂ ਦਾਇਰ ਕੀਤੀ ਗਈ ਹੈ। ਯਾਦਵ ਨੂੰ ਸਮਾਜਵਾਦੀ ਪਾਰਟੀ ਨੇ ਵਾਰਾਣਸੀ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨ ਕੀਤਾ ਸੀ ਪਰ ਰਿਟਰਨਿੰਗ ਅਧਿਕਾਰੀ ਵਲੋਂ ਉਨ੍ਹਾਂ ਦਾ ਨਾਮਜ਼ਦਗੀ ਪੱਤਰ ਖਾਰਜ ਕੀਤੇ ਜਾਣ ਨਾਲ ਉਹ ਚੋਣ ਨਹੀਂ ਲੜ ਸਕੇ ਸਨ। ਵਾਰਾਣਸੀ ਦੇ ਜ਼ਿਲਾ ਰਿਟਰਨਿੰਗ ਅਧਿਕਾਰੀ ਨੇ ਯਾਦਵ ਨੂੰ ਇਹ ਪ੍ਰਮਾਣ ਪੱਤਰ ਜਮ੍ਹਾ ਕਰਨ ਲਈ ਕਿਹਾ ਸੀ ਕਿ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਜਾਂ ਬੇਇਮਾਨੀ ਕਾਰਨ ਨਹੀਂ ਹਟਾਇਆ ਗਿਆ ਪਰ ਇਹ ਪ੍ਰਮਾਣ ਪੱਤਰ ਦੇਣ 'ਚ ਅਸਫ਼ਲ ਰਹਿਣ 'ਤੇ ਇਕ ਮਈ 2019 ਨੂੰ ਉਨ੍ਹੰ ਦਾ ਨਾਮਜ਼ਦਗੀ ਪੱਤਰ ਖਾਰਜ ਕਰ ਦਿੱਤਾ ਗਿਆ ਸੀ।

ਤੇਜ ਬਹਾਦਰ ਯਾਦਵ ਨੇ ਆਪਣੀ ਚੋਣ ਪਟੀਸ਼ਨ 'ਚ ਦੋਸ਼ ਲਗਾਇਆ ਹੈ ਕਿ ਵਾਰਾਣਸੀ ਦੇ ਰਿਟਰਨਿੰਗ ਅਧਿਕਾਰੀ ਵਲੋਂ ਗਲਤ ਢੰਗ ਨਾਲ ਉਨ੍ਹਾਂ ਦਾ ਨਾਮਜ਼ਦਗੀ ਪੱਤਰ ਖਾਰਜ ਕੀਤਾ ਗਿਆ ਹੈ, ਜਿਸ ਦੇ ਨਤੀਜੇ ਵਜੋਂ ਉਹ ਲੋਕ ਸਭਾ ਚੋਣਾਂ ਨਹੀਂ ਲੜ ਸਕੇ, ਜੋ ਉਨ੍ਹਾਂ ਦਾ ਸੰਵਿਧਾਨਕ ਅਧਿਕਾਰ ਹੈ। ਉਨ੍ਹਾਂ ਨੇ ਕੋਰਟ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਾਰਾਣਸੀ ਤੋਂ ਬਤੌਰ ਸੰਸਦ ਮੈਂਬਰ ਚੋਣ ਗੈਰ-ਕਾਨੂੰਨੀ ਐਲਾਨ ਕਰਨ ਦੀ ਅਪੀਲ ਕੀਤੀ ਹੈ। ਯਾਦਵ ਨੇ ਦਲੀਲ ਦਿੱਤੀ ਹੈ ਕਿ ਮੋਦੀ ਨੇ ਨਾਮਜ਼ਦਗੀ ਪੱਤਰ 'ਚ ਆਪਣੇ ਪਰਿਵਾਰ ਬਾਰੇ ਵੇਰਵਾ ਨਹੀਂ ਦਿੱਤਾ ਹੈ, ਇਸ ਲਈ ਉਨ੍ਹਾਂ ਦਾ ਨਾਮਜ਼ਦਗੀ ਪੱਤਰ ਵੀ ਰੱਦ ਕੀਤਾ ਜਾਣਾ ਚਾਹੀਦਾ ਸੀ ਜੋ ਨਹੀਂ ਕੀਤਾ ਗਿਆ। ਪਟੀਸ਼ਨਕਰਤਾ ਦੇ ਵਕੀਲ ਦੀ ਇਹ ਦਲੀਲ ਸੁਣਨ ਤੋਂ ਬਾਅਦ ਕਿ ਨਾਮਜ਼ਦਗੀ ਖਾਰਜ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਮੁਵਕਿਲ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ, ਜੱਜ ਐੱਮ.ਕੇ. ਗੁਪਤਾ ਨੇ ਇਹ ਨੋਟਿਸ ਜਾਰੀ ਕੀਤਾ। ਜ਼ਿਕਰਯੋਗ ਹੈ ਕਿ ਕਈ ਨਵੇਂ ਚੁਣੇ ਸੰਸਦ ਮੈਂਬਰਾਂ ਦੀ ਚੋਣ ਨੂੰ ਚੁਣੌਤੀ ਦਿੰਦੇ ਹੋਏ ਇਲਾਹਾਬਾਦ ਹਾਈ ਕੋਰਟ 'ਚ ਕਈ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ। ਰਾਮਪੁਰ ਸੰਸਦੀ ਖੇਤਰ ਤੋਂ ਆਜ਼ਮ ਖਾਨ, ਬਦਾਊਂ ਤੋਂ ਸੰਘ ਮਿਤਰਾ ਮੋਰੀਆ, ਮਿਰਜਾਪੁਰ ਤੋਂ ਅਨੁਪ੍ਰਿਆ ਪਟੇਲ, ਭਦੋਹੀ ਤੋਂ ਰਮੇਸ਼ ਚੰਦ ਅਤੇ ਮਛਲੀ ਸ਼ਹਿਰ ਤੋਂ ਭੋਲਾਨਾਥ ਦੀ ਚੋਣ ਨੂੰ ਇਲਾਹਾਬਾਦ ਹਾਈ ਕੋਰਟ 'ਚ ਚੁਣੌਤੀ ਦਿੱਤੀ ਗਈ ਹੈ ਅਤੇ ਇਹ ਪਟੀਸ਼ਨਾਂ ਪੈਂਡਿੰਗ ਹਨ।

DIsha

This news is Content Editor DIsha