ਇਕ ਮਹੀਨੇ 'ਚ ਤੀਜੀ ਘਟਨਾ, ਵੰਦੇ ਭਾਰਤ ਐਕਸਪ੍ਰੈੱਸ ਟਰੇਨ ਗੁਜਰਾਤ 'ਚ ਗਾਂ ਨਾਲ ਟਕਰਾਈ

10/29/2022 1:36:29 PM

ਮੁੰਬਈ (ਭਾਸ਼ਾ)- ਮੁੰਬਈ-ਗਾਂਧੀਨਗਰ ਵੰਦੇ ਭਾਰਤ ਸੁਪਰਫਾਸਟ ਐਕਸਪ੍ਰੈੱਸ ਸ਼ਨੀਵਾਰ ਸਵੇਰੇ ਗੁਜਰਾਤ ਦੇ ਅਤੁਲ ਸਟੇਸ਼ਨ ਨੇੜੇ ਇਕ ਗਾਂ ਨਾਲ ਟਕਰਾ ਗਈ, ਜਿਸ ਕਾਰਨ ਰੇਲ ਗੱਡੀ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ 'ਚ 20 ਮਿੰਟ ਦੀ ਦੇਰੀ ਹੋ ਗਈ। ਰੇਲਵੇ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਰੇਲਵੇ ਸੂਤਰਾਂ ਨੇ ਦੱਸਿਆ ਕਿ ਘਟਨਾ 'ਚ ਰੇਲ ਗੱਡੀ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਅਤੇ ਇਸ ਦੇ ਪਹਿਲੇ ਡੱਬੇ ਦੇ ਉਪਕਰਨਾਂ ਨੂੰ ਵੀ ਨੁਕਸਾਨ ਹੋਇਆ ਹੈ। ਇਸ ਮਹੀਨੇ ਇਸ ਸੈਮੀ-ਹਾਈ ਸਪੀਡ ਟਰੇਨ ਨਾਲ ਸਬੰਧਤ ਇਹ ਤੀਜੀ ਘਟਨਾ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 8.20 ਵਜੇ ਦੇ ਕਰੀਬ ਵਾਪਰੀ। ਉਨ੍ਹਾਂ ਦੱਸਿਆ ਕਿ ਅਤੁਲ ਰੇਲਵੇ ਸਟੇਸ਼ਨ ਨੇੜੇ ਟ੍ਰੈਕ 'ਤੇ ਇਕ ਗਾਂ ਨਾਲ ਰੇਲ ਗੱਡੀ ਦੀ ਟੱਕਰ ਹੋ ਗਈ। ਘਟਨਾ ਕਾਰਨ ਟਰੇਨ ਕਰੀਬ 20 ਮਿੰਟ ਰੁਕੀ ਰਹੀ।

ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸੁਮਿਤ ਠਾਕੁਰ ਨੇ ਕਿਹਾ,“ਰੇਲ ਗੱਡੀ ਨੂੰ ਕੋਈ ਸੰਚਾਲਨ ਨੁਕਸਾਨ ਨਹੀਂ ਹੋਇਆ ਹੈ। 20 ਮਿੰਟ ਰੁਕਣ ਤੋਂ ਬਾਅਦ ਇਸ ਨੇ ਅੱਗੇ ਦਾ ਸਫ਼ਰ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਰੇਲ ਗੱਡੀ 'ਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ। ਇਸ ਤੋਂ ਪਹਿਲਾਂ 6 ਅਕਤੂਬਰ ਨੂੰ ਗੁਜਰਾਤ ਦੇ ਵਟਵਾ ਅਤੇ ਮਣੀਨਗਰ ਰੇਲਵੇ ਸਟੇਸ਼ਨਾਂ ਵਿਚਕਾਰ ਮੁੰਬਈ ਤੋਂ ਗਾਂਧੀਨਗਰ ਜਾਂਦੇ ਸਮੇਂ ਰੇਲਗੱਡੀ ਦੀ ਲਪੇਟ 'ਚ ਆਉਣ ਨਾਲ ਚਾਰ ਮੱਝਾਂ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਦੀ ਇਕ ਘਟਨਾ ਵਿਚ ਅਗਲੇ ਦਿਨ (7 ਅਕਤੂਬਰ) ਨੂੰ ਮੁੰਬਈ ਜਾ ਰਹੇ ਗੁਜਰਾਤ ਦੇ ਆਨੰਦ ਨੇੜੇ ਰੇਲਗੱਡੀ ਇਕ ਗਾਂ ਨਾਲ ਟਕਰਾ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਸਤੰਬਰ ਨੂੰ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਤੋਂ ਵੰਦੇ ਭਾਰਤ ਲੜੀ ਦੀ ਤੀਜੀ ਰੇਲ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ ਅਤੇ ਅਗਲੇ ਦਿਨ ਤੋਂ ਇਸ ਦਾ ਵਪਾਰਕ ਸੰਚਾਲਨ ਸ਼ੁਰੂ ਹੋ ਗਿਆ ਸੀ।

DIsha

This news is Content Editor DIsha