ਦਿੱਲੀ ਤੋਂ ਕਟੜਾ ਜਾਣ ਲਈ 'ਵੰਦੇ ਭਾਰਤ ਐਕਸਪ੍ਰੈੱਸ' ਨੂੰ ਅਮਿਤ ਸ਼ਾਹ ਨੇ ਦਿਖਾਈ ਹਰੀ ਝੰਡੀ

10/03/2019 11:49:28 AM

ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਭਾਵ ਅੱਜ ਸਵੇਰੇ ਦਿੱਲੀ ਤੋਂ ਕਟੜਾ ਜਾਣ ਵਾਲੀ 'ਵੰਦੇ ਭਾਰਤ ਐਕਸਪ੍ਰੈੱਸ' ਟਰੇਨ ਨੂੰ ਹਰੀ ਝੰਡੀ ਦਿਖਾਈ। ਸ਼ਾਹ ਨੇ ਦਿੱਲੀ ਤੋਂ ਕਟੜਾ ਜਾਣ ਵਾਲੀ ਇਸ ਟਰੇਨ ਦਾ ਸ਼ੁੱਭ ਆਰੰਭ ਕੀਤਾ ਹੈ। ਇਸ ਦੌਰਾਨ ਰੇਲ ਮੰਤਰੀ ਪਿਊਸ਼ ਗੋਇਲ, ਕੇਂਦਰੀ ਮੰਤਰੀ ਜਤਿੰਦਰ ਸਿੰਘ ਤੋਮਰ ਅਤੇ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਵੀ ਮੌਜੂਦ ਰਹੇ। ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈੱਸ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਸਵੇਰੇ 6:00 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 2 ਵਜੇ ਕਟੜਾ ਪਹੁੰਚ ਜਾਵੇਗੀ। ਟਰੇਨ ਅੰਬਾਲਾ ਕੈਂਟ, ਲੁਧਿਆਣਾ ਅਤੇ ਜੰਮੂ ਤਵੀ 'ਚ 2-2 ਮਿੰਟ ਰੁੱਕੇਗੀ। ਉਸੇ ਦਿਨ ਵਾਪਸੀ ਯਾਤਰਾ 'ਤੇ ਕਟੜਾ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਦੁਪਹਿਰ 3:00 ਵਜੇ ਕਟੜਾ ਰੇਲਵੇ ਸੇਟਸ਼ਨ ਤੋਂ ਰਵਾਨਾ ਹੋਵੇਗੀ ਅਤੇ ਰਾਤ 11 ਵਜੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਪਹੁੰਚੇਗੀ।

ਹਾਲਾਂਕਿ ਇਹ ਟਰੇਨ 5 ਅਕਤੂਬਰ ਤੋਂ ਚਲੇਗੀ ਅਤੇ ਇਸ ਲਈ ਬੁਕਿੰਗ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕੀ ਹੈ। ਇਸ ਟਰੇਨ ਦੇ ਸ਼ੁਰੂ ਹੋਣ ਨਾਲ ਯਾਤਰੀਆਂ ਦਾ 4 ਘੰਟੇ ਦਾ ਸਮਾਂ ਬਚੇਗਾ। ਇਹ ਟਰੇਨ 8 ਘੰਟਿਆਂ 'ਚ ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਨੂੰ ਦਿੱਲੀ ਤੋਂ ਕਟੜਾ ਲੈ ਕੇ ਪਹੁੰਚੇਗੀ। ਦੂਜੀਆਂ ਟਰੇਨਾਂ 'ਚ ਦਿੱਲੀ ਤੋਂ ਕਟੜਾ ਤਕ ਦਾ ਸਫਰ 12 ਘੰਟਿਆਂ ਵਿਚ ਤੈਅ ਕੀਤਾ ਜਾਂਦਾ ਹੈ। ਅਮਿਤ ਸ਼ਾਹ ਨੇ ਕਿਹਾ ਕਿ ਇਹ ਹਾਈ ਸਪੀਡ ਟਰੇਨ ਮਾਤਾ ਵੈਸ਼ਨੋ ਦੇਵੀ ਜਾਵੇਗੀ। ਇਸ ਨਾਲ ਇਕ ਨਵੀਂ ਸ਼ੁਰੂਆਤ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਯਾਤਰੀਆਂ ਦੀ ਸਹੂਲਤ ਲਈ ਹੋਣ ਜਾ ਰਹੀ ਹੈ। ਉਨ੍ਹਾਂ ਨੇ ਰੇਲ ਮੰਤਰੀ ਪਿਊਸ਼ ਗੋਇਲ ਨੂੰ ਕਿਹਾ ਕਿ ਅੱਜ ਨਰਾਤੇ ਦੇ ਸ਼ੁੱਭ ਮੌਕੇ 'ਤੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡਾ ਤੋਹਫਾ ਦੇਣ ਦਾ ਕੰਮ ਕੀਤਾ ਹੈ।

 

ਵੰਦੇ ਭਾਰਤ ਐਕਸਪ੍ਰੈੱਸ ਦੀ ਖਾਸੀਅਤ
—ਟਰੇਨ 'ਚ 1100 ਯਾਤਰੀ ਸਵਾਰ ਹੋ ਸਕਦੇ ਹਨ।
—5 ਅਕਤੂਬਰ ਤੋਂ ਇਹ ਟਰੇਨ ਰੋਜ਼ਾਨਾ ਦਿੱਲੀ ਤੋਂ ਕਟੜਾ ਅਤੇ ਕਟੜਾ ਤੋਂ ਦਿੱਲੀ ਲਈ ਦੌੜੇਗੀ।
—ਇਸ ਟਰੇਨ 'ਚ 16 ਡੱਬੇ ਹਨ, ਜਿਸ 'ਚ 14 ਚੇਅਰ ਕਾਰ ਅਤੇ 2 ਐਗਜ਼ੀਕਿਊਟਿਵ ਕਲਾਸ ਦੇ ਹਨ। ਹਰ ਚੇਅਰ ਕਾਰ ਕੋਚ 'ਚ 78 ਕੁਰਸੀਆਂ ਹਨ। 
— ਦਿੱਲੀ ਤੋਂ ਕਟੜਾ ਲਈ ਚੇਅਰ ਕਾਰ ਦਾ ਕਿਰਾਇਆ 1630 ਰੁਪਏ ਜਦਕਿ  ਐਗਜ਼ੀਕਿਊਟਿਵ ਕਾਰ ਚੇਅਰ'ਚ 3015 ਰੁਪਏ ਹੋਵੇਗਾ।

Tanu

This news is Content Editor Tanu