ਵੈਲੇਨਟਾਈਨ ਡੇਅ 'ਤੇ ਪ੍ਰਧਾਨ ਮੰਤਰੀ ਨੂੰ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਦਾ ਸੱਦਾ

02/14/2020 4:31:50 PM


ਨਵੀਂ ਦਿੱਲੀ— ਦਿੱਲੀ ਦੇ ਸ਼ਾਹੀਨ ਬਾਗ 'ਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ 2 ਮਹੀਨਿਆਂ ਤੋਂ ਵਧ ਸਮੇਂ ਤੋਂ ਪ੍ਰਦਰਸ਼ਨ ਚੱਲ ਰਿਹਾ ਹੈ। ਸ਼ਾਹੀਨ ਬਾਗ ਦਾ ਮੁੱਦਾ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਵੀ ਛਾਇਆ ਰਿਹਾ। ਇਸ 'ਤੇ ਜੰਮ ਕੇ ਰਾਜਨੀਤੀ ਹੋਈ ਪਰ ਸ਼ੁੱਕਰਵਾਰ ਨੂੰ ਇੱਥੇ ਕੁਝ ਵੱਖ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀ ਵੈਲੇਨਟਾਈਨ ਡੇਅ ਮੌਕੇ ਦਿਲ ਵਾਲੀਆਂ ਤਖਤੀਆਂ ਲੈ ਕੇ ਪ੍ਰਦਰਸ਼ਨ ਕਰਦੇ ਦਿੱਸੇ।

ਨਰਿੰਦਰ ਮੋਦੀ ਤੋਂ ਇੱਥੇ ਆਉਣ ਦੀ ਅਪੀਲ ਕੀਤੀ
ਇਸ ਦੌਰਾਨ ਉਨ੍ਹਾਂ ਨੇ ਪੀ.ਐੱਮ. ਨਰਿੰਦਰ ਮੋਦੀ ਤੋਂ ਇੱਥੇ ਆਉਣ ਦੀ ਅਪੀਲ ਕੀਤੀ। ਇਨ੍ਹਾਂ ਤਖਤੀਆਂ 'ਤੇ ਲਿਖਿਆ ਹੈ,''ਪੀ.ਐੱਮ. ਮੋਦੀ ਤੁਸੀਂ ਸ਼ਾਹੀਨ ਬਾਗ ਆਓ।'' ਦਿੱਲੀ ਦੇ ਸ਼ਾਹੀਨ ਬਾਗ 'ਚ ਪਿਛਲੇ 15 ਦਸੰਬਰ ਨੂੰ ਸੀ.ਏ.ਏ. ਵਿਰੁੱਧ ਪ੍ਰਦਰਸ਼ਨ ਦੀ ਸ਼ੁਰੂਆਤ ਹੋਈ ਸੀ। ਜਾਮੀਆ ਨਗਰ 'ਚ ਸੀ.ਏ.ਏ. ਵਿਰੁੱਧ ਹੋਏ ਹਿੰਸਕ ਪ੍ਰਦਰਸ਼ਨ ਦੇ ਠੀਕ ਬਾਅਦ ਸ਼ੁਰੂ ਹੋਏ ਸ਼ਾਹੀਨ ਬਾਗ ਪ੍ਰਦਰਸ਼ਨ 'ਚ ਸਿਆਸੀ ਦਲਾਂ ਦੇ ਵਰਕਰ ਅਤੇ ਸੋਸ਼ਲ ਵਰਕਰਾਂ ਨੇ ਮੰਚ ਸਾਂਝਾ ਕੀਤਾ। ਦੇਸ਼ ਦੇ ਕਈ ਹੋਰ ਰਾਜਾਂ 'ਚ ਵੀ ਸ਼ਾਹੀਨ ਬਾਗ ਦੀ ਤਰਜ 'ਤੇ ਪ੍ਰਦਰਸ਼ਨ ਹੋ ਰਹੇ ਹਨ। ਯੂ.ਪੀ. ਦੇ ਅਲੀਗੜ੍ਹ ਅਤੇ ਪ੍ਰਯਾਗਰਾਜ 'ਚ ਵੀ ਮੁਸਲਿਮ ਸਮਾਜ ਦੇ ਲੋਕ ਅਤੇ ਵਿਦਿਆਰਥੀ ਸੀ.ਏ.ਏ., ਐੱਨ.ਆਰ.ਸੀ. ਦਾ ਲਗਾਤਾਰ ਵਿਰੋਧ ਕਰ ਰਹੇ ਹਨ।

ਆਮ ਲੋਕਾਂ ਦੀਆਂ ਸਮੱਸਿਆਵਾਂ ਵਧੀਆਂ
ਸ਼ਾਹੀਨ ਬਾਗ 'ਚ ਚੱਲ ਰਹੇ ਇਸ ਪ੍ਰਦਰਸ਼ਨ ਕੌਰਾਨ ਆਮ ਲੋਕਾਂ ਦੀਆਂ ਸਮੱਸਿਆਵਾਂ ਵਧਣ ਦੀ ਗੱਲ ਵੀ ਕਹੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰਦਰਸ਼ਨ ਕਾਰਨ ਦਿੱਲੀ ਦੇ ਬਦਰਪੁਰ, ਕਾਲਿੰਦੀ ਕੁੰਜ ਅਤੇ ਦੱਖਣੀ ਪੂਰਬੀ ਦਿੱਲੀ ਦੇ ਹੋਰ ਇਲਾਕਿਆਂ ਨੂੰ ਨੋਇਡਾ ਨਾਲ ਜੋੜਨ ਵਾਲੀ ਮੁੱਖ ਸੜਕ ਲੰਬੇ ਸਮੇਂ ਤੋਂ ਬੰਦ ਹੈ। ਜਿਸ ਕਾਰਨ ਆਮ ਲੋਕਾਂ ਸਮੱਸਿਆਵਾਂ ਹੋ ਰਹੀਆਂ ਹਨ।

DIsha

This news is Content Editor DIsha