ਕੇਦਾਰਨਾਥ, ਬਦਰੀਨਾਥ ''ਚ ਭਾਰੀ ਬਰਫ਼ਬਾਰੀ ਜਾਰੀ, ਯਾਤਰਾ ਦੀਆਂ ਤਿਆਰੀਆਂ ''ਤੇ ਲੱਗੀ ''ਬਰੇਕ''

04/01/2023 1:39:04 PM

ਕੇਦਾਰਨਾਥ- ਉੱਤਰਾਖੰਡ 'ਚ ਸ਼ੁੱਕਰਵਾਰ ਸਵੇਰ ਤੋਂ ਹੀ ਮੌਸਮ ਵਿਚ ਬਦਲਾਅ ਵੇਖਿਆ ਗਿਆ। ਮੈਦਾਨੀ ਇਲਾਕਿਆਂ 'ਚ ਮੀਂਹ ਪਿਆ, ਜਦਕਿ ਪਹਾੜਾਂ 'ਚ ਬਰਫ਼ਬਾਰੀ ਹੋਈ ਹੈ। ਕੇਦਾਰਨਾਥ ਧਾਮ 'ਚ ਭਾਰੀ ਬਰਫ਼ਬਾਰੀ ਕਾਰਨ ਯਾਤਰਾ ਦੀਆਂ ਤਿਆਰੀਆਂ 'ਤੇ ਵੀ ਅਸਰ ਪਿਆ ਹੈ। ਥਾਂ-ਥਾਂ ਚੱਲ ਰਹੇ ਨਿਰਮਾਣ ਕੰਮਾਂ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਹੈ। ਇਹ ਯਾਤਰਾ 25 ਅਪ੍ਰੈਲ ਨੂੰ ਸ਼ੁਰੂ ਹੋਣ ਜਾ ਰਹੀ ਹੈ। ਦੱਸ ਦੇਈਏ ਕਿ ਚਾਰਧਾਮ ਯਾਤਰਾ 22 ਅਪ੍ਰੈਲ ਨੂੰ ਯਮੁਨੋਤਰੀ ਅਤੇ ਗੰਗੋਤਰੀ ਮੰਦਰਾਂ ਦੇ ਖੁੱਲਣ ਨਾਲ ਸ਼ੁਰੂ ਹੋਵੇਗੀ। ਕੇਦਾਰਨਾਥ 25 ਅਪ੍ਰੈਲ ਅਤੇ ਬਦਰੀਨਾਥ 27 ਅਪ੍ਰੈਲ ਨੂੰ ਖੁੱਲ੍ਹੇਗਾ।

ਪ੍ਰਸ਼ਾਸਨ ਨੇ ਸੂਬੇ ਵਿਚ ਸਾਵਧਾਨੀ ਦੇ ਨਾਲ-ਨਾਲ ਬਚਾਅ ਕੰਮ ਵੀ ਸ਼ੁਰੂ ਕੀਤੇ ਹਨ। ਪੁਲਸ ਨੇ ਕਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਮੌਸਮ ਦਾ ਮਿਜਾਜ਼ ਬਦਲਦੇ ਹੀ ਬਦਰੀਨਾਥ ਧਾਮ 'ਚ ਵੀ ਬਰਫਬਾਰੀ ਸ਼ੁਰੂ ਹੋ ਗਈ। ਭਗਵਾਨ ਬਦਰੀਨਾਥ ਦੇ ਦਰਵਾਜ਼ੇ 27 ਅਪ੍ਰੈਲ ਨੂੰ ਖੋਲ੍ਹੇ ਜਾਣੇ ਹਨ। ਵਾਰ-ਵਾਰ ਖਰਾਬ ਮੌਸਮ ਅਤੇ ਕੜਾਕੇ ਦੀ ਠੰਡ ਕਾਰਨ ਯਾਤਰਾ ਦੀਆਂ ਤਿਆਰੀਆਂ ਅਤੇ ਮਾਸਟਰ ਪਲਾਨ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਨਰ ਨਾਰਾਇਣ, ਨੀਲਕੰਠ ਅਤੇ ਮਾਨਾ ਸਮੇਤ ਹੋਰ ਚੋਟੀਆਂ 'ਤੇ ਭਾਰੀ ਬਰਫ਼ਬਾਰੀ ਨਾਲ ਤਾਪਮਾਨ ਹੇਠਾਂ ਡਿੱਗ ਰਿਹਾ ਹੈ। ਉੱਤਰਾਖੰਡ ਵਿਚ ਚਾਰਧਾਮ ਯਾਤਰਾ ਭਾਰਤ ਵਿਚ ਸਭ ਤੋਂ ਪ੍ਰਸਿੱਧ ਹਿੰਦੂ ਤੀਰਥ ਸਥਾਨਾਂ ਵਿਚੋਂ ਇੱਕ ਹੈ। ਇਹ ਤੀਰਥ ਯਾਤਰਾ ਚਾਰ ਪਵਿੱਤਰ ਸਥਾਨਾਂ - ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਦੀ ਯਾਤਰਾ ਹੈ। ਧਾਮ ਹਿਮਾਲਿਆ ਵਿਚ ਉੱਚੀ ਸਥਾਨ 'ਤੇ ਸਥਿਤ ਹੈ। ਉੱਚਾਈ ਵਾਲੇ ਅਸਥਾਨ ਹਰ ਸਾਲ ਲਗਭਗ 6 ਮਹੀਨਿਆਂ ਲਈ ਬੰਦ ਰਹਿੰਦੇ ਹਨ। ਗਰਮੀਆਂ (ਅਪ੍ਰੈਲ ਜਾਂ ਮਈ) ਵਿੱਚ ਖੁੱਲ੍ਹਦੇ ਹਨ ਅਤੇ ਸਰਦੀਆਂ (ਅਕਤੂਬਰ ਜਾਂ ਨਵੰਬਰ) ਦੀ ਸ਼ੁਰੂਆਤ ਦੇ ਨਾਲ ਬੰਦ ਹੋ ਜਾਂਦੇ ਹਨ। 


 

Tanu

This news is Content Editor Tanu