ਇਸ ਤਾਰੀਖ਼ ਨੂੰ ਬੰਦ ਹੋਣਗੇ ਬਦਰੀਨਾਥ ਧਾਮ ਦੇ ਕਿਵਾੜ, ਚਾਰ ਧਾਮ ਯਾਤਰਾ ਦੀ ਹੋਵੇਗੀ ਸਮਾਪਤੀ

10/24/2023 3:57:40 PM

ਦੇਹਰਾਦੂਨ- ਉੱਤਰਾਖੰਡ 'ਚ ਸਥਿਤ ਪ੍ਰਸਿੱਧ ਬਦਰੀਨਾਥ ਧਾਮ ਦੇ ਕਿਵਾੜ ਸਰਦ ਰੁੱਤ ਲਈ 18 ਨਵੰਬਰ ਨੂੰ ਬੰਦ ਕਰ ਦਿੱਤੇ ਜਾਣਗੇ ਅਤੇ ਇਸ ਦੇ ਨਾਲ ਹੀ ਇਸ ਸਾਲ ਦੀ ਚਾਰ ਧਾਮ ਯਾਤਰਾ ਦੀ ਸਮਾਪਤੀ ਹੋ ਜਾਵੇਗੀ। ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਪ੍ਰਧਾਨ ਅਜੇਂਦਰ ਅਜੇ ਨੇ ਦੱਸਿਆ ਕਿ ਬਦਰੀਨਾਥ ਧਾਮ ਦੇ ਕਿਵਾੜ 18 ਨਵੰਬਰ ਨੂੰ 3.30 ਵਜੇ ਸਰਦ ਰੁੱਤ ਲਈ ਬੰਦ ਹੋ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਵਿਜਯਦਸ਼ਮੀ ਦੇ ਪਾਵਨ ਤਿਉਹਾਰ 'ਤੇ ਬਦਰੀਨਾਥ ਮੰਦਰ ਕੰਪਲੈਕਸ 'ਚ ਆਯੋਜਿਤ ਇਕ ਸਮਾਰੋਹ 'ਚ ਧਾਰਮਿਕ ਆਗੂਆਂ ਅਤੇ ਤੀਰਥ ਸਥਾਨਾਂ ਦੇ ਪੁਜਾਰੀਆਂ ਦੀ ਮੌਜੂਦਗੀ 'ਚ ਪਚਾਂਗ ਗਣਨਾ ਮਗਰੋਂ ਕਿਵਾੜ ਬੰਦ ਹੋਣ ਦੀ ਤਾਰੀਖ਼ ਅਤੇ ਸਮਾਂ ਤੈਅ ਕੀਤਾ ਗਿਆ। 

ਅਜੇ ਨੇ ਦੱਸਿਆ ਕਿ ਇਸ ਸਮਾਗਮ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਧਾਮ 'ਚ ਮੌਜੂਦ ਸਨ। ਚਾਰ ਧਾਮ 'ਚੋਂ ਸਿਰਫ਼ ਬਦਰੀਨਾਥ ਮੰਦਰ ਦੇ ਦਰਵਾਜ਼ੇ ਬੰਦ ਕਰਨ ਦੀ ਤਾਰੀਖ਼ ਤੈਅ ਕੀਤੀ ਜਾਂਦੀ ਹੈ, ਜਦੋਂ ਕਿ ਬਾਕੀ ਤਿੰਨ ਧਾਮਾਂ ਦੀ ਤਾਰੀਖ ਦੀਵਾਲੀ ਦੇ ਤਿਉਹਾਰ ਵਲੋਂ ਤੈਅ ਕੀਤੀ ਜਾਂਦੀ ਹੈ। ਦੀਵਾਲੀ ਦੇ ਅਗਲੇ ਦਿਨ ਗੋਵਰਧਨ ਪੂਜਾ ਅਤੇ ਅੰਨਕੂਟ ਤਿਉਹਾਰ ਦੇ ਦਿਨ ਗੰਗੋਤਰੀ ਮੰਦਰ ਦੇ ਦਰਵਾਜ਼ੇ ਬੰਦ ਰਹਿਣਗੇ, ਜਦਕਿ ਭਈਆ ਦੂਜ ਦੇ ਤਿਉਹਾਰ 'ਤੇ ਕੇਦਾਰਨਾਥ ਅਤੇ ਯਮੁਨੋਤਰੀ ਮੰਦਰਾਂ ਦੇ ਦਰਵਾਜ਼ੇ ਬੰਦ ਰਹਿਣਗੇ। 

ਇਸ ਸਾਲ ਦੀ ਚਾਰ ਧਾਮ ਯਾਤਰਾ ਵੀ 18 ਨਵੰਬਰ ਨੂੰ ਬਦਰੀਨਾਥ ਮੰਦਰ ਦੇ ਦਰਵਾਜ਼ੇ ਬੰਦ ਹੋਣ ਨਾਲ ਸਮਾਪਤ ਹੋਵੇਗੀ। ਇਸ ਸਾਲ ਬਦਰੀਨਾਥ ਧਾਮ ਦੇ ਦਰਵਾਜ਼ੇ 27 ਅਪ੍ਰੈਲ ਨੂੰ ਸ਼ਰਧਾਲੂਆਂ ਲਈ ਖੋਲ੍ਹੇ ਗਏ ਸਨ। ਮੌਜੂਦਾ ਯਾਤਰਾ ਦੌਰਾਨ ਹੁਣ ਤੱਕ ਰਿਕਾਰਡ 16 ਲੱਖ ਸ਼ਰਧਾਲੂਆਂ ਨੇ ਭਗਵਾਨ ਬਦਰੀ ਵਿਸ਼ਾਲ ਦੇ ਦਰਸ਼ਨ ਕੀਤੇ ਹਨ।

Tanu

This news is Content Editor Tanu