ਬਾਂਦਰਾਂ ਦੇ ਆਤੰਕ ਤੋਂ ਪਰੇਸ਼ਾਨ ਪਿੰਡ ਵਾਸੀ ਅਪਣਾ ਰਹੇ ਇਹ ਅਨੋਖਾ ਤਰੀਕਾ

02/01/2020 3:55:34 PM

ਸ਼ਾਹਜਹਾਂਪੁਰ— ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ ਬਾਂਦਰਾਂ ਦੇ ਆਤੰਕ ਤੋਂ ਪਰੇਸ਼ਾਨ ਜ਼ਿਲੇ ਦੇ ਲੋਕਾਂ ਨੇ ਅਨੋਖਾ ਤਰੀਕਾ ਅਪਣਾਇਆ ਹੈ। ਲੋਕ ਭਾਲੂ ਦੀ ਡਰੈੱਸ ਪਹਿਨ ਕੇ ਪਿੰਡ 'ਚ ਘੁੰਮ-ਘੁੰਮ ਕੇ ਬਾਂਦਰਾਂ ਨੂੰ ਦੌੜਾ ਰਹੇ ਹਨ। ਚੰਗੀ ਗੱਲ ਇਹ ਹੈ ਕਿ ਪਿੰਡ ਵਾਸੀਆਂ ਦਾ ਇਹ ਪ੍ਰਯੋਗ ਸਫ਼ਲ ਹੁੰਦਾ ਦਿੱਸ ਰਿਹਾ ਹੈ। ਜ਼ਿਲੇ ਦੇ ਜਲਾਲਾਬਾਦ ਤਹਿਸੀਲ 'ਚ ਸਿਕੰਦਰਪੁਰ ਅਫਗਾਨ ਨਾਂ ਦਾ ਇਕ ਪਿੰਡ ਹੈ। ਪਿੰਡ ਦੇ ਲੋਕ ਪਿਛਲੇ ਇਕ ਦਹਾਕੇ ਤੋਂ ਬਾਂਦਰਾਂ ਦੇ ਆਤੰਕ ਨਾਲ ਜੂਝ ਰਹੇ ਹਨ। ਪਿੰਡ ਵਾਸੀ ਇਸ ਤੋਂ ਇੰਨਾ ਪਰੇਸ਼ਾਨ ਹੋ ਚੁਕੇ ਹਨ ਕਿ ਉਨ੍ਹਾਂ ਨੇ ਤਹਿਸੀਲ ਦਿਵਸ 'ਚ ਬਾਂਦਰਾਂ ਦੀ ਸਮੱਸਿਆ ਪ੍ਰਸ਼ਾਸਨ ਦੇ ਸਾਹਮਣੇ ਰੱਖੀ ਪਰ ਪ੍ਰਸ਼ਾਸਨ ਨੇ ਉਸ ਨੂੰ ਕੋਈ ਤਵੱਜੋ ਨਹੀਂ ਦਿੱਤੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬਾਂਦਰ ਸਾਡੇ ਖੇਤਾਂ 'ਚ ਖੜ੍ਹੀਆਂ ਫਸਲਾਂ ਨੂੰ ਬਰਬਾਦ ਕਰ ਦਿੰਦੇ ਹਨ, ਘਰਾਂ 'ਚ ਰੱਖਿਆ ਖਾਣ-ਪੀਣ ਦਾ ਸਾਮਾਨ ਚੁੱਕ ਕੇ ਲੈ ਜਾਂਦੇ ਹੈ, ਬੱਚਿਆਂ ਨੂੰ ਕੱਟ ਲੈਂਦੇ ਹਨ। ਇੰਨਾ ਹੀ ਨਹੀਂ ਪਿਛਲੇ 5 ਸਾਲਾਂ 'ਚ ਬਾਂਦਰਾਂ ਦੇ ਡਰ ਕਾਰਨ ਛੱਤ ਤੋਂ ਡਿੱਗ ਕੇ 2 ਔਰਤਾਂ ਦੀ ਮੌਤ ਵੀ ਹੋ ਚੁਕੀ ਹੈ।

ਉਨ੍ਹਾਂ ਨੇ ਦੱਸਿਆ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਅਸੀਂ ਭਾਲੂ ਦੀ ਪੋਸ਼ਾਕ (ਕੱਪੜੇ) ਬਣਵਾਈ, ਜਿਸ ਨੂੰ ਪਹਿਨ ਕੇ 2 ਨੌਜਵਾ ਪੂਰੇ ਪਿੰਡ 'ਚ ਘੁੰਮ-ਘੁੰਮ ਕੇ ਬਾਂਦਰਾਂ ਨੂੰ ਦੌੜਾ ਰਹੇ ਹਨ। ਪਿੰਡ ਵਾਸੀ ਅਸ਼ੋਕ ਕੁਸ਼ਵਾਹਾ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਸਾਲ ਪਹਿਲਾਂ ਅਧਿਕਾਰੀ ਨੂੰ ਮਿਲ ਕੇ ਆਪਣੀ ਸਮੱਸਿਆ ਦੱਸੀ ਸੀ। ਉਸ ਸਮੇਂ ਜੰਗਲਾਤ ਵਿਭਾਗ ਦੀ ਇਕ ਟੀਮ ਪਿੰਡ 'ਚ ਆਈ ਸੀ। ਉਨ੍ਹਾਂ ਨੇ ਮਥੁਰਾ ਦੀ ਇਕ ਫਰਮ ਤੋਂ ਬਾਂਦਰ ਫੜਨ ਦੀ ਗੱਲ ਪਿੰਡ ਵਾਸੀਆਂ ਨਾਲ ਕਰਵਾਈ ਪਰ ਉਹ ਹਰੇਕ ਬਾਂਦਰ ਲਈ 300 ਰੁਪਏ ਮੰਗ ਰਹੇ ਸਨ। ਬਾਂਦਰਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਗੱਲ ਨਹੀਂ ਬਣ ਸਕੀ। ਜ਼ਿਲਾ ਜੰਗਲਾਤ ਅਧਿਕਾਰੀ ਆਦਰਸ਼ ਕੁਮਾਰ ਨੇ ਫੋਨ 'ਤੇ ਦੱਸਿਆ ਕਿ ਬਾਂਦਰਾਂ ਨੂੰ ਕੋਈ ਪਕੜ ਨਹੀਂ ਰਿਹਾ। ਉਹ ਲੋਕ ਸਿਰਫ਼ ਭਾਲੂ ਦੀ ਪੋਸ਼ਾਕ ਪਹਿਨ ਕੇ ਬਾਂਦਰਾਂ ਨੂੰ ਦੌੜਾ ਰਹੇ ਹਨ। ਹਾਲ 'ਚ ਉਨ੍ਹਾਂ ਕੋਲ ਬਾਂਦਰਾਂ ਨੂੰ ਲੈ ਕੇ ਕੋਈ ਸ਼ਿਕਾਇਤ ਨਹੀਂ ਆਈ ਹੈ। ਜੇਕਰ ਪਿੰਡ ਵਾਸੀ ਕੋਈ ਸ਼ਿਕਾਇਤ ਕਰਦੇ ਹਨ ਤਾਂ ਬਾਂਦਰਾਂ ਨੂੰ ਫੜਨ ਦੀ ਮਨਜ਼ੂਰੀ ਦਿੱਤੀ ਜਾਵੇਗੀ।

DIsha

This news is Content Editor DIsha