22 ਦਿਨ ਦੀ ਬੱਚੀ ਨੂੰ ਗੋਦ ''ਚ ਚੁੱਕ ਡਿਊਟੀ ''ਤੇ ਵਾਪਸ ਆਈ IAS ਬੀਬੀ, ਲੋਕ ਕਰ ਰਹੇ ਸਲਾਮ

10/13/2020 10:11:22 AM

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਕਰਤੱਵ ਨੂੰ ਜ਼ਿੰਮੇਵਾਰੀ ਨਾਲ ਨਿਭਾਉਣ ਦੀ ਇਕ ਸ਼ਾਨਦਾਰ ਉਦਾਹਰਣ ਦੇਖਣ ਨੂੰ ਮਿਲੀ। ਇੱਥੇ ਇਕ ਅਧਿਕਾਰੀ ਬੀਬੀ ਆਪਣੀ ਬੱਚੀ ਨੂੰ ਗੋਦ 'ਚ ਲੈ ਕੇ ਡਿਊਟੀ 'ਤੇ ਵਾਪਸ ਆਈ ਹੈ। ਆਈ.ਏ.ਐੱਸ. ਸੌਮਿਆ ਬੱਚੀ ਨੂੰ ਜਨਮ ਦੇਣ ਦੇ ਠੀਕ 22 ਦਿਨਾਂ ਬਾਅਦ ਹੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਦਫ਼ਤਰ ਪਹੁੰਚ ਗਈ। ਆਈ.ਏ.ਐੱਸ. ਸੌਮਿਆ ਪਾਂਡੇ ਗਾਜ਼ੀਆਬਾਦ ਦੇ ਮੋਦੀਨਗਰ 'ਚ ਐੱਸ.ਡੀ.ਐੱਮ. ਦੇ ਅਹੁਦੇ 'ਤੇ ਤਾਇਨਾਤ ਹੈ। ਇਸ ਵਿਚ ਉਨ੍ਹਾਂ ਨੇ ਇਕ ਧੀ ਨੂੰ ਜਨਮ ਦਿੱਤਾ। ਸੌਮਿਆ ਨੇ ਮਾਂ ਦੇ ਫਰਜ਼ ਦੇ ਨਾਲ-ਨਾਲ ਦੇਸ਼ ਦੇ ਪ੍ਰਤੀ ਵੀ ਆਪਣਾ ਫਰਜ਼ ਯਾਦ ਰੱਖਿਆ ਅਤੇ ਡਿਲਿਵਰੀ ਦੇ 22 ਦਿਨਾਂ ਬਾਅਦ ਹੀ ਉਹ ਕੰਮ 'ਤੇ ਵਾਪਸ ਆ ਗਈ। ਉਨ੍ਹਾਂ ਨੇ ਸਿਰਫ਼ ਇਕ ਮਹੀਨੇ ਦੀ ਮੈਟਰਨਿਟੀ ਲੀਵ (ਜਣੇਪਾ ਛੁੱਟੀ) ਲਈ ਅਤੇ ਇਸ ਤੋਂ ਬਾਅਦ ਆਪਣੀ ਜ਼ਿੰਮੇਵਾਰੀ ਸੰਭਾਲ ਲਈ। ਕੰਮ ਦੇ ਪ੍ਰਤੀ ਉਨ੍ਹਾਂ ਦੀ ਲਗਾਵ ਦੇਖ ਕੇ ਹਰ ਕੋਈ ਉਨ੍ਹਾਂ ਨੂੰ ਸਲਾਮ ਕਰ ਰਿਹਾ ਹੈ।

ਕੋਵਿਡ-19 ਕਾਰਨ ਬੱਚੀ ਦਾ ਵੀ ਰੱਖ ਰਹੀ ਵਿਸ਼ੇਸ਼ ਧਿਆਨ
ਸੌਮਿਆ ਪਾਂਡੇ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਆਪਣੀ ਬੱਚੀ ਨੂੰ ਗੋਦ 'ਚ ਚੁੱਕ ਕੇ ਕੰਮ ਕਰਦੀ ਦਿਖਾਈ ਦੇ ਰਹੀ ਹੈ। ਸੌਮਿਆ ਕਹਿੰਦੀ ਹੈ ਕਿ ਕੋਵਿਡ-19 ਨੂੰ ਧਿਆਨ 'ਚ ਰੱਖਦੇ ਹੋਏ ਉਹ ਆਪਣੇ ਨਾਲ-ਨਾਲ ਬੱਚੀ ਦਾ ਵੀ ਵਿਸ਼ੇਸ਼ ਧਿਆਨ ਰੱਖਦੀ ਹੈ ਅਤੇ ਸਾਰੀਆਂ ਫਾਈਲਾਂ ਨੂੰ ਵੀ ਵਾਰ-ਵਾਰ ਸੈਨੀਟਾਈਜ਼ ਕਰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਗਰਭ ਅਵਸਥਾ ਦੌਰਾਨ ਤੋਂ ਹੀ ਹੁਣ ਤੱਕ ਗਾਜ਼ੀਆਬਾਦ ਜ਼ਿਲ੍ਹਾ ਪ੍ਰਸ਼ਾਸਨ ਦਾ ਉਨ੍ਹਾਂ ਨੂੰ ਵੱਡਾ ਸਹਿਯੋਗ ਮਿਲਿਆ ਹੈ ਅਤੇ ਸਾਰੇ ਕਰਮੀਆਂ ਨੇ ਵੀ ਉਨ੍ਹਾਂ ਦਾ ਬਹੁਤ ਸਾਥ ਦਿੱਤਾ ਹੈ। ਸਮੇਂ 'ਤੇ ਸਾਰੇ ਕੰਮ ਪੂਰੇ ਕੀਤੇ ਹਨ। ਗਾਜ਼ੀਆਬਾਦ ਜ਼ਿਲ੍ਹਾ ਪ੍ਰਸ਼ਾਸਨ ਨੇ ਉਨਾਂ ਦਾ ਇਕ ਪਰਿਵਾਰ ਦੀ ਤਰ੍ਹਾਂ ਸਾਥ ਦਿੱਤਾ ਹੈ। ਇਸ ਲਈ ਹੁਣ ਉਨ੍ਹਾਂ ਦਾ ਕਰਤੱਵ ਬਣਦਾ ਹੈ ਕਿ ਉਹ ਮਾਂ ਦੇ ਧਰਮ ਨੂੰ ਨਿਭਾਉਂਦੇ ਹੋਏ ਆਪਣੀ ਜ਼ਿੰਮੇਵਾਰੀ ਵੀ ਨਿਭਾਏ।

DIsha

This news is Content Editor DIsha