ਕੇਰਲ ਹੜ੍ਹ ਪੀੜਤਾਂ ਲਈ ਅਮਰੀਕਾ ''ਚ ਭਾਰਤੀ ਐੱਨ.ਜੀ.ਓ. ਨੇ ਇਕੱਠੇ ਕੀਤੇ 10,000 ਡਾਲਰ

08/20/2018 11:52:02 AM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਇਕ ਭਾਰਤੀ ਗੈਰ-ਲਾਭਕਾਰੀ ਸੰਗਠਨ (ਐੱਨ.ਜੀ.ਓ.) 'ਸੇਵਾ ਇੰਟਰਨੈਸ਼ਨਲ' ਨੇ ਹੜ੍ਹ ਪੀੜਤ ਕੇਰਲ ਵਿਚ ਰਾਹਤ ਅਤੇ ਬਚਾਅ ਕੰਮ ਵਿਚ ਮਦਦ ਲਈ 10,000 ਡਾਲਰ ਇਕੱਠੇ ਕੀਤੇ ਹਨ। ਕੇਰਲ ਵਿਚ ਹੜ੍ਹ ਨਾਲ ਮਚੀ ਤਬਾਹੀ ਕਾਰਨ 8 ਅਗਸਤ ਤੋਂ ਹੁਣ ਤੱਕ ਕਰੀਬ 200 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 3.14 ਲੱਖ ਲੋਕਾਂ ਨੂੰ ਵਿਸਥਾਪਿਤ ਕੀਤਾ ਗਿਆ ਹੈ। ਇਹ ਦੱਖਣੀ ਰਾਜ ਬੀਤੇ 100 ਸਾਲਾਂ ਵਿਚ ਆਈ ਸਭ ਤੋਂ ਖਤਰਨਾਕ ਕੁਦਰਤੀ ਮੁਸੀਬਤ ਦਾ ਸਾਹਮਣਾ ਕਰ ਰਿਹਾ ਹੈ। ਇੱਥੇ 80 ਪੁਲਾਂ ਨੂੰ ਖੋਲ੍ਹ ਦਿੱਤਾ ਗਿਆ ਹੈ ਅਤੇ ਸਾਰੀਆਂ ਨਦੀਆਂ ਵਿਚ ਹੜ੍ਹ ਆਇਆ ਹੋਇਆ ਹੈ। ਰਾਜ ਵਿਚ ਹਰ ਪਾਸੇ ਤਬਾਹੀ ਦਾ ਨਜ਼ਾਰਾ ਹੈ ਅਤੇ ਕਈ ਢਾਂਚੇ, ਖੜ੍ਹੀਆਂ ਫਸਲਾਂ ਅਤੇ ਸੈਲਾਨੀ ਸਹੂਲਤਾਂ ਪ੍ਰਭਾਵਿਤ ਹੋਈਆਂ ਹਨ। 

ਹਿਊਸਟਨ ਵਿਚ ਕਰੀਬ ਇਕ ਸਾਲ ਪਹਿਲਾਂ ਆਏ ਤੂਫਾਨ 'ਨਾਰਵੇ' ਦੇ ਪੀੜਤਾਂ ਦੀ ਮਦਦ ਅਤੇ ਬਚਾਅ ਕੰਮ ਲਈ ਵੀ 'ਸੇਵਾ ਇੰਟਰਨੈਸ਼ਨਲ' ਨੇ ਆਪਣੇ ਭਾਰਤੀ ਹਿੱਸੇਦਾਰ 'ਦੇਸੀਆ ਸੇਵਾ ਭਾਰਤੀ ਕੇਰਲਮ' ਦੇ ਨਾਲ ਮਿਲ ਕੇ 1,00,000 ਡਾਲਰ ਇਕੱਠੇ ਕੀਤੇ ਸਨ। ਜਿੱਥੇ ਸੇਵਾ ਦੇ 5,000 ਤੋਂ ਵਧੇਰੇ ਵਾਲੰਟੀਅਰ ਭੋਜਨ ਦੇ ਪੈਕੇਟ ਅਤੇ ਖਾਣਾ ਬਣਾਉਣ ਦੀਆਂ ਕਿੱਟਾਂ ਵੰਡ ਰਹੇ ਹਨ, ਉੱਥੇ ਹੜ੍ਹ ਪੀੜਤ ਇਲਾਕਿਆਂ ਵਿਚ ਉਹ ਮੁਫਤ ਰਸੋਈ ਅਤੇ ਮੈਡੀਕਲ ਕੈਂਪ ਵੀ ਖੋਲ੍ਹ ਰਹੇ ਹਨ। ਇਸ ਵਿਚਕਾਰ ਕੇਰਲ ਮੂਲ ਦੇ ਹਿਊਸਟਨ ਨਿਵਾਸੀ ਜੋ ਓਣਮ ਦੀਆਂ ਤਿਆਰੀਆਂ ਵਿਚ ਜੁਟੇ ਸਨ, ਉਨ੍ਹਾਂ ਨੇ ਸਾਰੇ ਸਮਾਰੋਹ ਰੱਦ ਕਰ ਦਿੱਤੇ ਹਨ। ਗੌਰਤਲਬ ਹੈ ਕਿ ਹਿਊਸਟਨ ਵਿਚ ਕਰੀਬ 62000 ਕੇਰਲ ਵਾਸੀ ਰਹਿੰਦੇ ਹਨ।