ਟ੍ਰੈਫਿਕ ਪੁਲਸ ਨੇ ਕਾਹਲੀ ''ਚ ਬੱਸ ਡਰਾਈਵਰ ਦਾ ਕੱਟ ਦਿੱਤਾ ''ਹੈਲਮੇਟ'' ਦਾ ਚਲਾਨ

09/18/2019 2:31:03 PM

ਮਹਿਰਾਜਗੰਜ—ਇਸ ਸਮੇਂ ਜਿੱਥੇ ਪੂਰੇ ਦੇਸ਼ 'ਚ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਉੱਥੇ ਕਈ ਥਾਵਾਂ 'ਤੇ ਟ੍ਰੈਫਿਕ ਪੁਲਸ ਦੀਆਂ ਗਲਤੀਆਂ ਵੀ ਸਾਹਮਣੇ ਆ ਰਹੀਆਂ ਹਨ, ਜਿਸ ਨੂੰ ਲੈ ਕੇ ਪ੍ਰਸ਼ਾਸਨ ਦੀ ਵਿਵਸਥਾ 'ਤੇ ਸਵਾਲ ਚੁੱਕੇ ਜਾ ਰਹੇ ਹਨ। ਟ੍ਰੈਫਿਕ ਚਲਾਨ ਨੂੰ ਲੈ ਕੇ ਅਜਿਹਾ ਹੀ ਇੱਕ ਮਾਮਲਾ ਉੱਤਰ ਪ੍ਰਦੇਸ਼ ਦੇ ਮਹਿਰਾਜਗੰਜ ਜ਼ਿਲੇ ਤੋਂ ਸਾਹਮਣੇ ਆਇਆ ਹੈ। ਇੱਥੇ ਟ੍ਰੈਫਿਕ ਪੁਲਸ ਨੇ ਬੀਤੇ ਮਹੀਨੇ 26 ਅਗਸਤ ਨੂੰ ਡਰਾਈਵਰ ਵੱਲੋਂ ਹੈਲਮੇਟ ਨਾ ਪਹਿਨਣ ਕਾਰਨ ਸਰਕਾਰੀ ਬੱਸ ਦਾ ਚਲਾਨ ਕੱਟ ਦਿੱਤਾ ਹੈ। ਚਲਾਨ ਦੀ ਸਲਿੱਪ (ਪਰਚੀ) ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਨੂੰ ਦੇਖਣ ਤੋਂ ਬਾਅਦ ਲੋਕ ਕਾਫੀ ਹੈਰਾਨ ਹੋ ਗਏ ਹਨ।

ਚਲਾਨ ਪੇਪਰ 'ਤੇ 500 ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ ਅਤੇ ਇਹ ਦਿਖਾਇਆ ਗਿਆ ਹੈ ਕਿ ਬੱਸ ਦਾ ਡਰਾਈਵਰ ਬਿਨਾਂ ਹੈਲਮੇਟ ਤੋਂ ਬੱਸ ਚਲਾ ਰਿਹਾ ਸੀ। ਇਸ ਚਲਾਨ ਦੇ ਨੋਟਿਸ ਦੀ ਕਾਪੀ ਯੂ. ਪੀ. ਐੱਸ. ਆਰ. ਟੀ. ਸੀ. ਦੇ ਜਨਰਲ ਮੈਨੇਜ਼ਰ ਅਤੇ ਰਿਜ਼ਨਲ ਮੈਨੇਜਰ ਗੋਰਖਪੁਰ ਨੂੰ ਭੇਜ ਦਿੱਤੀ ਹੈ। ਇਹ ਬੱਸ ਨਿਚਲੌਲ ਡਿਪੋ ਦੀ ਹੈ, ਜਿਸ ਦਾ ਨੰਬਰ ਯੂ. ਪੀ 53 ਡੀ. ਟੀ. 5460 ਅਤੇ ਚਲਾਨ ਦਾ ਸਥਾਨ ਸਿੰਦੂਰੀਆ ਰੋਡ, ਬਿਸਮਿਲ ਨਗਰ ਮਹਿਰਾਜਗੰਜ ਹੈ। ਇਸ ਅਨੋਖੇ ਚਲਾਨ ਦੇ ਸਹਾਇਕ ਖੇਤਰੀ ਪ੍ਰਬੰਧਕ ਮੈਨੇਜਰ ਏ. ਜੀ. ਐੱਮ. ਭੁਵਨੇਸ਼ਵਰ ਨੂੰ ਵੀ ਕੁਝ ਸਮੇਂ ਲਈ ਚੱਕਰ 'ਚ ਪਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਗਲਤ ਚਲਾਨ ਕੱਟਿਆ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦਿਆ ਏ. ਐੱਸ. ਪੀ ਨੇ ਦੱਸਿਆ ਹੈ ਕਿ ਜਦੋਂ ਇੰਸਪੈਕਟਰ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਇਹ ਸੀਟ ਬੈਲੇਟ ਦਾ ਚਲਾਨ ਹੈ, ਗਲਤੀ ਨਾਲ ਹੈਲਮੇਟ ਨਾ ਪਾਏ ਹੋਣ ਦਾ ਚਲਾਨ ਕੱਟਿਆ ਗਿਆ।

ਜ਼ਿਕਰਯੋਗ ਹੈ ਕਿ ਦੇਸ਼ ਭਰ 'ਚ 1 ਸਤੰਬਰ ਤੋਂ ਨਵਾਂ ਮੋਟਰ ਵ੍ਹੀਕਲ ਐਕਟ ਲਾਗੂ ਹੋ ਗਿਆ ਹੈ। ਨਵੇਂ ਨਿਯਮ ਤਹਿਤ ਇਸ ਤੋਂ ਬਾਅਦ ਟ੍ਰੈਫਿਕ ਚਲਾਨ ਪਹਿਲਾਂ ਦੇ ਮੁਕਾਬਲੇ 10 ਗੁਣਾ ਵਧਾ ਦਿੱਤਾ ਗਿਆ ਹੈ।

Iqbalkaur

This news is Content Editor Iqbalkaur