ਹੁਣ ਤਾਂ ਉੱਤਰ ਪ੍ਰਦੇਸ਼ ਨੂੰ ਸਪਾ ਤੇ ਬਸਪਾ ਤੋਂ ਕਰਨਾ ਹੈ ਮੁਕਤ : ਕੇਸ਼ਵ ਪ੍ਰਸਾਦ

02/03/2022 3:59:52 PM

Exclusive : ਪੜ੍ਹੋ ਯੂ. ਪੀ. ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨਾਲ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗ ਬਾਣੀ/ਹਿੰਦ ਸਮਾਚਾਰ ਦੇ ਅਕੁ ਸ਼੍ਰੀਵਾਸਤਵ ਦੀ ਖ਼ਾਸ ਗੱਲਬਾਤ

ਵਿਸ਼ੇਸ਼ ਇੰਟਰਵਿਊ: ਕੇਸ਼ਵ ਪ੍ਰਸਾਦ ਮੌਰੀਆ, ਉਪ ਮੁੱਖ ਮੰਤਰੀ ਉੱਤਰ ਪ੍ਰਦੇਸ਼

ਉੱਤਰ ਪ੍ਰਦੇਸ਼ ਦੀਆਂ ਚੋਣਾਂ ਕਿੰਨੀਆਂ ਅਹਿਮ ਹਨ, ਇਹ ਸਭ ਨੂੰ ਪਤਾ ਹੈ। ਇਨ੍ਹਾਂ ਚੋਣਾਂ ਦਾ ਅਸਰ ਦੂਰਰਸ ਹੈ। ਹਾਲਾਤ ਅਜਿਹੇ ਹੁੰਦੇ ਜਾ ਰਹੇ ਹਨ ਕਿ ਹੌਲੀ-ਹੌਲੀ ਚੋਣਾਂ 2 ਪਾਰਟੀਆਂ ਸੱਤਾਧਾਰੀ ਭਾਜਪਾ ਅਤੇ ਵਿਰੋਧੀ ਪਾਰਟੀ ਸਮਾਜਵਾਦੀ ਪਾਰਟੀ ਦੇ ਗਠਜੋੜ ਜਾਂ ਪਾਰਟੀਆਂ ਦਰਮਿਆਨ ਹੁੰਦੀਆਂ ਜਾ ਰਹੀਆਂ ਹਨ। ਕਾਂਗਰਸ ਅਤੇ ਬਸਪਾ ਨੂੰ ਕਿਨਾਰੇ ’ਤੇ ਰਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਚੋਣਾਂ ’ਚ ਭਾਜਪਾ ਵਲੋਂ ਲਗਾਤਾਰ ਸਿਆਸੀ ਹਮਲੇ ਕੀਤੇ ਜਾ ਰਹੇ ਹਨ। ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਇਕ ਤਰ੍ਹਾਂ ਨਾਲ ਸਾਬਕਾ ਸੂਬਾਈ ਪ੍ਰਧਾਨ ਅਤੇ ਮੌਜੂਦਾ ਉਪ-ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਨੇ ਉਠਾਈ ਹੋਈ ਹੈ। ਜਗ ਬਾਣੀ, ਪੰਜਾਬ ਕੇਸਰੀ, ਨਵੋਦਿਆ ਟਾਈਮਸ ਅਤੇ ਹਿੰਦ ਸਮਾਚਾਰ ਲਈ ਅੱਕੂ ਸ਼੍ਰੀਵਾਸਤਵ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼-

ਕੀ ਵਿਰੋਧੀ ਧਿਰ ਵਧੀਆ ਅਪੋਜ਼ੀਸ਼ਨ ਸਾਬਤ ਨਹੀਂ ਹੋ ਸਕੀ?

ਸਰਕਾਰ ਦੇ ਦੋ ਹੀ ਪੱਖ ਹੁੰਦੇ ਹਨ। ਇਕ ਸੱਤਾ ਧਿਰ ਹੁੰਦੀ ਹੈ ਅਤੇ ਦੂਜੀ ਵਿਰੋਧੀ ਧਿਰ ਹੁੰਦੀ ਹੈ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਯੂ. ਪੀ. ’ਚ ਜੋ ਵਿਰੋਧੀ ਧਿਰ ਹੈ, ਉਹ ਖੁਦ ਨੂੰ ਵਧੀਆ ਵਿਰੋਧੀ ਧਿਰ ਸਾਬਤ ਨਹੀਂ ਕਰ ਸਕੀ। ਉਹ ਸਭ ਜਦੋਂ ਸੱਤਾ ’ਚ ਸਨ, ਉਦੋਂ ਬੁਰੀ ਤਰ੍ਹਾਂ ਫੇਲ ਹੋਏ ਸਨ। ਵਿਰੋਧੀ ਧਿਰ ’ਚ ਰਹੇ ਤਾਂ ਲੋਕਾਂ ਦੇ ਹਿੱਤਾਂ ਨਾਲ ਜੁੜੇ ਮੁੱਦੇ ਲੈ ਕੇ ਉਹ ਕਦੇ ਵੀ ਸਾਹਮਣੇ ਨਹੀਂ ਆ ਸਕੇ। ਚੋਣਾਂ ਆਈਆਂ ਤਾਂ ਟਪੂਸੀ ਮਾਰ ਕੇ ਆ ਗਏ।

ਤੀਰਥ ਥਾਵਾਂ ਨੂੰ ਸ਼ਾਨਦਾਰ ਬਣਾਉਣ ਦੀ ਯੋਜਨਾ ਹੈ। ਕਿਸ ਤਰ੍ਹਾਂ ਕੰਮ ਕਰ ਰਹੇ ਹੋ?

ਜੇ 84 ਕੋਸੀ ਪਰਿਕਰਮਾ ਦਾ ਰਾਹ ਸ਼ਾਨਦਾਰ ਬਣਾਇਆ ਹੈ ਤਾਂ 14 ਕੋਸੀ ਮਾਰਗ ਪਰਿਕਰਮਾ ਨੂੰ ਵੀ ਵਧੀਆ ਬਣਾਉਣ ’ਚ ਅਸੀਂ ਜੁੱਟੇ ਹੋਏ ਹਾਂ। ਸਾਡਾ ਨਿਸ਼ਾਨਾ ਹੈ ਕਿ ਭਗਤ ਦੇ ਰੂਪ ’ਚ ਜਿਹੜੇ ਤੀਰਥ ਯਾਤਰੀ ਆਉਂਦੇ ਹਨ, ਉਨ੍ਹਾਂ ਨੂੰ ਵੇਖਦੇ ਹੋਏ ਵੱਡੀ ਗਿਣਤੀ ’ਚ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ। ਸਾਡੇ ਯੂ.ਪੀ. ’ਚ ਸੈਲਾਨੀ ਦੇਸ਼-ਵਿਦੇਸ਼ ਤੋਂ ਆਉਂਦੇ ਹਨ। ਇਸ ਨਾਲ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ। ਅਸੀਂ ਸਭ ਤੀਰਥ ਅਸਥਾਨਾਂ ਦਾ ਵਿਕਾਸ ਕਰ ਰਹੇ ਹਾਂ। ਅਸੀਂ ਸਿਰਫ ਅਯੁਧਿਆ, ਮਥੁਰਾ ਅਤੇ ਕਾਸ਼ੀ ਹੀ ਨਹੀਂ ਸਗੋਂ ਪ੍ਰਯਾਗਰਾਜ, ਚਿਤਰਕੂਟ ਧਾਮ ਦਾ ਵੀ ਬਹੁਤ ਵਿਕਾਸ ਕੀਤਾ ਹੈ। ਬਿਠੂਰ ਦਾ ਵੀ ਅਤੇ ਗੋਰਖਪੁਰ ਦਾ ਵੀ ਵਿਕਾਸ ਕੀਤਾ ਹੈ। ਸਾਡਾ ਨਿਸ਼ਾਨਾ ਵਿਕਾਸ ਕਰ ਕੇ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ। ਇਸ ’ਚ ਅਸੀਂ ਸਫਲਤਾ ਪੂਰਵਕ ਅੱਗੇ ਵੱਧ ਰਹੇ ਹਾਂ।

ਭਾਜਪਾ ਨਾਲ ਜੋ ਨੇਤਾ ਅਤੇ ਪਾਰਟੀਆਂ ਜੁੜਦੀਆਂ ਹਨ, ਉਨ੍ਹਾਂ ਸਬੰਧੀ ਕੀ ਕਹੋਗੇ?

2014 ਦੀਆਂ ਚੋਣਾਂ ’ਚ ਯ.ਪੀ. ’ਚ ਕਈ ਆਗੂ ਅਤੇ ਪਾਰਟੀਆਂ ਨਾਲ ਨਹੀਂ ਸਨ। ਸਾਡੇ 73 ਐੱਮ.ਪੀ. ਜਿੱਤੇ ਸਨ। 2017 ’ਚ ਇਹ ਸਭ ਨਾਲ ਆਏ ਅਤੇ ਚੋਣਾਂ ਜਿੱਤ ਕੇ ਮੰਤਰੀ ਮੰਡਲ ਦਾ ਹਿੱਸਾ ਬਣੇ। ਕਈ ਪਾਰਟੀਆਂ ਅਜਿਹੀਆਂ ਵੀ ਹਨ ਕਿ ਉਨ੍ਹਾਂ ਨੇ ਸਾਡੇ ਨਾਲ ਗਠਜੋੜ ਕੀਤਾ ਅਤੇ ਉਨ੍ਹਾਂ ਦੇ ਜੇਤੂ ਐੱਮ. ਪੀ. ਮੰਤਰੀ ਬਣ ਸਕੇ। ਅਜਿਹੇ ਹਾਲਾਤ ਨੂੰ ਵੇਖਦੇ ਹੋਏ ਸਪਸ਼ਟ ਗੱਲ ਹੈ ਕਿ ਭਾਜਪਾ ਨਾਲ ਜੋ ਵੀ ਗਠਜੋੜ ਕਰਦਾ ਹੈ, ਉਹ ਅੱਗੇ ਵਧਦਾ ਹੈ। ਜਿਹੜਾ ਭਾਜਪਾ ਦਾ ਸਾਥ ਛੱਡ ਜਾਂਦਾ ਹੈ, ਉਹ ਛੋਟਾ ਹੋ ਜਾਂਦਾ ਹੈ। ਇਸ ਸਬੰਧੀ ਤੁਸੀਂ ਯੂ.ਪੀ. ਅਤੇ ਦੇਸ਼ ਦੀ ਪੂਰਾ ਇਤਿਹਾਸ ਵੇਖ ਸਕਦੇ ਹੋ। ਪਹਿਲਾਂ ਕੋਰੋਨਾ ਅਤੇ ਫਿਰ ਕੁਝ ਮਿਤਰਾਂ ਦੇ ਦੂਜੇ ਧੜੇ ’ਚ ਜਾਣ ਪਿਛੋਂ 2022 ਦੀਆਂ ਅਸੈਂਬਲੀ ਚੋਣਾਂ ’ਚ ਭਾਜਪਾ ਕਿਸ ਸਥਿਤੀ ’ਚ ਹੈ? ਖਾਸ ਤੌਰ ’ਤੇ ਉਦੋ ਜਦੋਂ ਇਸ ਨੂੰ 2024 ਤੋਂ ਪਹਿਲਾਂ ਦੀਆਂ ਸੈਮੀਫਾਈਨਲ ਵਰਗੀਆਂ ਚੋਣਾਂ ਮੰਨਿਅਾ ਜਾ ਰਿਹਾ ਹੈ।

ਜੋ ਸਥਿਤੀ 2014, 2017 ਅਤੇ 2019 ’ਚ ਸੀ, ਅੱਜ ਵੀ ਉਹੋ ਜਿਹੀ ਹੈ। ਸਭ ਵਿਰੋਧੀ ਪਾਰਟੀਆਂ ਇਕਠੀਆਂ ਹੋ ਜਾਣ, ਤਦ ਵੀ ਕਮਲ ਹੀ ਖਿੜੇਗਾ। ਪਹਿਲਾਂ ਸਭ ਇਕ ਹੋ ਕੇ ਲੜੇ, ਹੁਣ ਵੱਖ-ਵੱਖ ਲੜ ਰਹੇ ਹਨ। ਕਿੰਨੇ ਵੀ ਵੱਡੇ ਗਠਜੋੜ ਨਾਲ ਵਿਰੋਧੀ ਧਿਰ ਆਏ, ਸਪਾ ਆਏ, ਕਾਂਗਰਸ ਆਏ, ਪਰ ਯੂ.ਪੀ. ਦੇ ਲੋਕਾਂ ਨੇ ਆਪਣਾ ਮਨ ਬਣਾ ਲਿਆ ਹੈ ਕਿ ਮੁੜ ਤੋਂ ਭਾਜਪਾ ਦੀ ਸਰਕਾਰ ਹੀ ਬਣਾਵਾਂਗੇ। 2022 ਦੀਆਂ ਅਸੈਂਬਲੀ ਚੋਣਾਂ ਅਤੇ ਫਿਰ 2024 ਦੀਆਂ ਲੋਕ ਸਭਾ ਚੋਣਾਂ ਦੋਵੇਂ ਭਾਜਪਾ ਜਿੱਤੇਗੀ।

ਇਸ ਸਵੈ-ਭਰੋਸੇ ਦਾ ਆਧਾਰ ਕੀ ਹੈ ਜਦੋਂ ਕਿ ਕਿਸਾਨ ਨਰਾਜ਼ ਦੱਸੇ ਜਾ ਰਹੇ ਹਨ ਅਤੇ ਪਾਰਟੀ ਦੇ ਕੁਝ ਵੱਡੇ ਨੇਤਾ ਅਤੇ ਛੋਟੀਆਂ ਪਾਰਟੀਅਾਂ ਸਪਾ ਨਾਲ ਜੁੜ ਗਈਆਂ ਹਨ?

ਭਾਜਪਾ ਸੂਬੇ, ਦੇਸ਼ ਅਤੇ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ। ਕਿਸੇ ਦੇ ਜਾਣ ਨਾਲ ਬਹੁਤਾ ਫਰਕ ਨਹੀਂ ਪੈਣ ਵਾਲਾ ਲੋਕਾਂ ਨੇ ਸਮਝ ਲਿਆ ਹੈ ਕਿ ਮੋਦੀ ਦਮਦਾਰ ਅਤੇ ਇਮਾਨਦਾਰ ਨੇਤਾ ਹਨ। ਵਿਰੋਧੀ ਇਕ ਹੋ ਕੇ ਉਨ੍ਹਾਂ ਨੂੰ ਕੰਮ ਨਹੀਂ ਕਰਨ ਦੇਣਾ ਚਾਹੁੰਦੇ। ਇਸੇ ਕਾਰਨ ਉਹ ਭਾਜਪਾ ਨੂੰ ਹਰਾਉਣਾ ਚਾਹੁੰਦੇ ਹਨ। ਮਜ਼ਦੂਰ, ਕਿਸਾਨ, ਪਾਨ ਵਾਲਾ ਹੋਵੇ ਜਾਂ ਕੋਈ ਹੋਰ, ਉਹ ਸਭ ਭਾਜਪਾ ਦੇ ਨਾਲ ਹਨ। ਕਿਸਾਨ ਵੀ ਭਾਜਪਾ ਨਾਲ ਹਨ। ਥੋੜੇ ਕਿਸਾਨ ਸਾਡੇ ਵਿਰੋਧ ’ਚ ਸਨ, ਉਹ ਵੀ ਖੇਤੀਬਾੜੀ ਕਾਨੂੰਨ ਦੇ ਵਾਪਸ ਲਏ ਜਾਣ ਪਿਛੋਂ ਸਾਡੇ ਨਾਲ ਆ ਗਏ ਹਨ। ਇਸੇ ਕਾਰਨ ਸਾਨੂੰ ਜਿੱਤ ਦਾ ਪੂਰਾ ਭਰੋਸਾ ਹੈ। ਵੱਖ-ਵੱਖ ਵਰਗਾਂ ਨਾਲ ਬੈਠਕ ਵਿਚ ਵੀ ਇਹੀ ਗੱਲ ਸਪਸ਼ਟ ਹੋ ਰਹੀ ਹੈ।

ਕੀ ਇਹ ਚੋਣਾਂ ਸਾਬਕਾ ਸਪਾ ਸਰਕਾਰ ਦੀ ਅਮਨ ਕਾਨੂੰਨ ਦੀ ਵਿਵਸਥਾ ਬਨਾਮ ਯੋਗੀ ਸਰਕਾਰ ਦੀ ਅਮਨ ਕਾਨੂੰਨ ਦੀ ਵਿਵਸਥਾ ਦੇ ਨਾਂ ’ਤੇ ਲੜੀਆਂ ਜਾ ਰਹੀਆਂ ਹਨ?

ਸਮਾਜਵਾਦੀ ਪਾਰਟੀ ਨੇ 2012 ਤੋਂ 2017 ਦਰਮਿਆਨ ਅਜਿਹੇ ਹਾਲਾਤ ਬਣਾ ਦਿੱਤੇ ਸਨ ਕਿ ਜੇ ਭਾਜਪਾ ਨਾ ਆਉਂਦੀ ਤਾਂ ਯੂ.ਪੀ. ਨੇ ਬਰਬਾਦ ਹੋ ਜਾਣਾ ਸੀ। ਸਪਾ ਅਤੇ ਬਸਪਾ ਨੇ 15 ਸਾਲ ਦੇ ਕਾਰਜਕਾਲ ਦੌਰਾਨ ਸੂਬੇ ਦਾ ਸ਼ਾਸਨ ਬਰਬਾਦ ਕੀਤਾ ਸੀ। ਅਸੀਂ ਸੁਧਾਰ ਦੀ ਸ਼ੁਰੂਆਤ ਕੀਤੀ ਹੈ। ਇਸੇ ਸ਼ੁਰੂਆਤ ਦੀ ਨਤੀਜਾ ਹੈ ਕਿ ਵੱਡੇ ਤੋਂ ਵੱਡੇ ਵਿਰੋਧੀ ਗਠਜੋੜ ਦੇ ਬਾਵਜੂਦ ਭਾਜਪਾ ਜਿੱਤਦੀ ਹੈ। 2019 ਦੀਆਂ ਲੋਕ ਸਭਾ ਦੀਆਂ ਚੋਣਾਂ ਇਸ ਦੀ ਉਦਾਹਰਣ ਹਨ। ਲੋਕ ਕਹਿੰਦੇ ਹਨ ਕਿ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ’ਚ ਫਰਕ ਹੁੰਦਾ ਹੈ। ਪਰ 2014 ਤੋਂ 2019 ਤਕ 3 ਚੋਣਾਂ ’ਚ ਕੋਈ ਫਰਕ ਨਹੀਂ ਸੀ। ਹੁਣ 2022 ਦੀਆਂ ਚੋਣਾਂ ’ਚ ਵੀ ਕੋਈ ਫਰਕ ਨਹੀਂ ਹੋਵੇਗਾ। ਸਾਡੇ ਵੋਟਰ ਸਾਨੂੰ ਹੀ ਵੋਟ ਦੇਣਗੇ। ਸਾਡੇ ਸੰਗਠਨ ਨੇ ਬੂਥ ਅਤੇ ਪੰਨਾ ਮੁਖੀ ਦੇ ਪੱਧਰ ਤਕ ਲਗਾਤਾਰ ਕੰਮ ਕੀਤਾ ਹੈ। ਡਬਲ ਇੰਜਨ ਦੀ ਸਰਕਾਰ ਰਾਹੀਂ ਅਸੀਂ ਵਿਕਾਸ ਦੇ ਇੰਨੇ ਕੰਮ ਕੀਤੇ ਹਨ ਕਿ ਲੋਕ ਭੁੱਲ ਹੀ ਨਹੀਂ ਸਕਦੇ ਸਾਡੇ ਕੰਮ। ਇਸੇ ਲਈ ਜਦੋਂ ਭਾਜਪਾ, ਸਪਾ, ਕਾਂਗਰਸ ਦਰਮਿਆਨ ਫਰਕ ਕੱਢਣ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਨੂੰ ਫਰਕ ਸਪਸ਼ਟ ਨਜ਼ਰ ਆਉਂਦਾ ਹੈ।

ਪਰ ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜੇ ਦੂਜੀ ਕਹਾਣੀ ਦੱਸਦੇ ਹਨ?

ਸਪਾ-ਬਸਪਾ ਦੀ ਸਰਕਾਰ ’ਚ ਸਪਸ਼ਟ ਹੁਕਮ ਹੁੰਦੇ ਸਨ ਕਿ ਮੁਕੱਦਮੇ ਦੇ ਨੰਬਰ ਵਧੇਰੇ ਨਜ਼ਰ ਨਾ ਆਉਣ ਇਸ ਲਈ ਮੁਕੱਦਮੇ ਦਰਜ ਨਾ ਕੀਤੇ ਜਾਣ। ਸਾਡੀ ਸਰਕਾਰ ’ਚ ਜੋ ਅਪਰਾਧ ਹੁੰਦਾ ਹੈ, ਉਸ ਦੇ ਮਾਮਲੇ ਦਰਜ ਕੀਤੇ ਜਾਂਦੇ ਹਨ। ਉਸ ਤੋਂ ਬਾਅਦ ਵੀ ਸਾਡੀ ਸਰਕਾਰ ’ਚ ਅਪਰਾਧ ਕੰਟ੍ਰੋਲ ਹੇਠ ਹਨ। ਅੱਜ ਯੂ.ਪੀ. ’ਚ ਲੋਕ ਨਹੀਂ, ਅਪਰਾਧੀ ਡਰੇ ਹੋਏ ਹਨ। ਜਦੋਂ ਅਪਰਾਧੀ ਡਰਣ ਅਤੇ ਲੋਕ ਨਿਡਰ ਹੋ ਜਾਣ ਤਾਂ ਉਹੀ ਰਾਜ ਸਭ ਤੋਂ ਸਫਲ ਹੁੰਦਾ ਹੈ।

ਤੁਹਾਡਾ ਦੋਸ਼ ਰਿਹਾ ਹੈ ਕਿ ਸਪਾ, ਬਸਪਾ ਦੀ ਸਰਕਾਰ ’ਚ ਵਰਗ ਵਿਸ਼ੇਸ਼ ਨੂੰ ਉੱਪਰ ਉਠਾਇਆ ਜਾਂਦਾ ਸੀ?

ਇਹ ਲੋਕ ਗੁੰਡਿਆਂ, ਮਾਫੀਆਂ ਅਾਗੂਆਂ ਨੂੰ ਸਿਆਸਤ ’ਚ ਲਿਆਉਂਦੇ ਸਨ। ਇਹ ਵੀ ਇਕ ਕਾਰਨ ਸੀ। ਸੱਤਾ ਜੇ ਸਪਾ, ਬਸਪਾ ਦੀ ਆਉਂਦੀ ਸੀ ਤਾਂ ਫਿਰ ਜ਼ਿਲੇ ਨੂੰ ਅਧਿਕਾਰੀ ਨਹੀਂ, ਉਥੋਂ ਦੇ ਗੁੰਡੇ ਚਲਾਉਂਦੇ ਸਨ। ਤੁਸੀਂ ਅਖਿਲੇਸ਼ ਯਾਦਵ, ਮਾਇਆਵਤੀ ਜਾਂ ਕਿਸੇ ਹੋਰ ਦਾ ਕਾਰਜਕਾਲ ਵੇਖੋ, ਸਰਕਾਰ ਬਨਣ ਪਿਛੋਂ ਲੋਕਾਂ ਤੋਂ ਉਹ ਦੂਰ ਹੋ ਜਾਂਦੇ ਸਨ। ਜਦੋਂ ਤਕ ਸਰਕਾਰ ਰਹਿੰਦੀ ਸੀ, ਉਨ੍ਹਾਂ ਤੋਂ ਵੱਡਾ ਬਾਦਸ਼ਾਹ ਕੋਈ ਨਹੀਂ ਸੀ। ਸਰਕਾਰ ਚਲੀ ਜਾਂਦੀ ਸੀ ਤਾਂ ਸੜਕਾਂ ’ਤੇ ਵੀ ਨਜ਼ਰ ਨਹੀਂ ਆਉਂਦੇ ਸਨ। ਧਰੁਵੀਕਰਨ ਦਾ ਵੀ ਦੋਸ਼ ਸਾਡੇ ’ਤੇ ਗਲਤ ਹੈ।

ਲਾਅ ਐਂਡ ਆਰਡਰ ’ਚ ਜੋ ਦੁਰਗੰਧ ਦਾ ਦੋਸ਼ ਰਿਹਾ ਹੈ, ਉਸ ਨੂੰ ਅਜੇ ਕਿੰਨਾ ਖੁਸ਼ਬੂਦਾਰ ਕੀਤਾ ਜਾਣਾ ਬਾਕੀ ਹੈ?

ਅਜੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਦੋ ਗੱਲਾਂ ਹੁੰਦੀਆਂ ਹਨ। ਮੰਨ ਲਓ ਕਿ ਸਰੀਰ ਅੰਦਰ ਕੋਈ ਬਿਮਾਰੀ ਹੈ ਤਾਂ ਉਸ ਦੇ ਵੱਧ ਜਾਣ ’ਤੇ ਠੀਕ ਹੋਣ ’ਚ ਸਮਾਂ ਲੱਗ ਜਾਂਦਾ ਹੈ। 15 ਸਾਲ ’ਚ ਸਪਾ ਅਤੇ ਬਸਪਾ ਨੇ ਇਸ ਬਿਮਾਰੀ ਨੂੰ ਵਧਾਉਣ ਦਾ ਕੰਮ ਕੀਤਾ। ਕੇਂਦਰ ’ਚ ਸਪਾ ਅਤੇ ਬਸਪਾ ਦੇ ਸਹਾਰੇ ਕਾਂਗਰਸ ਦੀ ਸਰਕਾਰ ਚਲ ਰਹੀ ਸੀ। ਉਸ ਨੇ ਦੇਸ਼ ਦੀ ਬਿਮਾਰੀ ਨੂੰ ਵਧਾਉਣ ਦਾ ਕੰਮ ਕੀਤਾ। ਨਰਿੰਦਰ ਮੋਦੀ ਦੀ ਅਗਵਾਈ ’ਚ ਦੇਸ਼ ’ਚ ਉਸ ਬਿਮਾਰੀ ਦਾ ਇਲਾਜ ਹੁਣ ਚੰਗੇ ਢੰਗ ਨਾਲ ਹੋ ਰਿਹਾ ਹੈ। ਯੋਗੀ ਅਾਦਿਤਿਆਨਾਥ ਦੀ ਅਗਵਾਈ ’ਚ ਯੂ.ਪੀ. ’ਚ ਉਸ ਬਿਮਾਰੀ ਦਾ ਵਧੀਆ ਇਲਾਜ ਹੋਇਆ ਹੈ।

ਸੂਬਾ ਪੱਧਰ ’ਤੇ ਨੌਕਰੀਆਂ ਵਧਣ, ਇਸ ਲਈ ਕਿੰਨਾਂ ਕੰਮ ਹੋਇਆ ਹੋ?

ਸਰਕਾਰੀ ਨੌਕਰੀ ਹਾਸਲ ਕਰਨਾ ਹੀ ਰੋਜ਼ਗਾਰ ਨਹੀਂ ਹੁੰਦਾ। ਸਰਕਾਰੀ ਨੌਕਰੀਅਾਂ ਦੇਣ ਦਾ ਕੰਮ ਵੀ ਅਸੀਂ ਕਰ ਰਹੇ ਹਾਂ। ਸਾਬਕਾ ਸਰਕਾਰਾਂ ’ਚ ਬਿਨਾਂ ਪੈਸੇ ਦਿੱਤੇ ਨੌਕਰੀ ਨਹੀਂ ਮਿਲਦੀ ਸੀ। ਸਾਡੀ ਸਰਕਾਰ ’ਚ ਕੋਈ ਗੜਬੜ ਨਹੀਂ ਹੋਈ। ਇਸ ਨੂੰ ਵਿਰੋਧੀ ਧਿਰ ਵਾਲੇ ਵੀ ਮੰਨਦੇ ਹਨ। ਅਸੀਂ ਵਿਕਾਸ ਦੇ ਸਭ ਕੰਮ ਤੇਜ਼ੀ ਨਾਲ ਪੂਰੇ ਕਰ ਰਹੇ ਹਾਂ। ਇਸ ਕਾਰਨ ਸਾਨੂੰ 300 ਤੋਂ ਵੱਧ ਸੀਟਾਂ ਮਿਲਣਗੀਆਂ।

ਸਵਾਮੀ ਪ੍ਰਸਾਦ ਮੌਰੀਆ ਅਤੇ ਕਈ ਵੱਡੇ ਆਗੂਆਂ ਦੇ ਜਾਣ ਨਾਲ ਕੋਈ ਨੁਕਸਾਨ ਨਹੀਂ ਤਾਂ ਬਾਹਰ ਤੋਂ ਆਉਣ ਵਾਲੇ ਆਗੂਆਂ ਨਾਲ ਲਾਭ ਕਿੰਨਾ ਹੋਵੇਗਾ?

ਅਸੀਂ ਤਾਂ ਚਾਹੁੰਦੇ ਹਾਂ ਕਿ ਸਪਾ, ਬਸਪਾ ਅਤੇ ਕਾਂਗਰਸ ਨਾਂ ਦੀ ਜਿਹੜੀ ਬਿਮਾਰੀ ਹੈ, ਉਸ ਤੋਂ ਦੇਸ਼ ਮੁਕਤ ਹੋ ਜਾਏ। ਦੇਸ਼ ’ਚ ਕਾਂਗਰਸ ਅਤੇ ਯੂ.ਪੀ. ’ਚ ਸਪਾ ਤੇ ਬਸਪਾ ਬਿਮਾਰੀ ਹਨ। ਜਿਹੜੇ ਚੰਗੇ ਲੋਕ ਹਨ, ਨੂੰ ਅਸੀਂ ਲੈ ਰਹੇ ਹਾਂ। ਜਿਹੜੇ ਹੋਰ ਹਨ, ਉਨ੍ਹਾਂ ਦੇ ਆਉਣ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਦੀ ਉਦਾਹਰਣ ਪਹਿਲਾਂ ਹੀ ਦਿੱਤੀ ਹੈ।

ਕਾਂਗਰਸ ਅਤੇ ਭਾਜਪਾ ਹੀ ਇਸ ਦੇਸ਼ ’ਚ ਰਹਿਣ, ਕੀ ਪ੍ਰਧਾਨ ਮੰਤਰੀ ਨੇ ਜੋ ਪਹਿਲ ਕੀਤੀ ਹੈ ਰਾਸ਼ਟਰਪਤੀ ਰਾਜ ਪ੍ਰਣਾਲੀ ਲਈ, ਤੁਹਾਡਾ ਇਸ ਮਾਮਲੇ ’ਚ ਕੀ ਕਹਿਣਾ ਹੈ?

ਮੇਰੇ ਧਿਆਨ ’ਚ ਇਹ ਵਿਸ਼ਾ ਨਹੀਂ ਹੈ। ਪਾਰਟੀ ਦੇ ਪੱਧਰ ’ਤੇ ਅਸੀਂ ਉਥੇ ਰਹਿੰਦੇ ਹਾਂ। ਯੂ.ਪੀ. ’ਚ ਸਪਾ ਅਤੇ ਬਸਪਾ ਸਿਆਸੀ ਪਾਰਟੀਅਾਂ ਨਹੀਂ ਸਗੋਂ ਇਕ ਪ੍ਰਾਈਵੇਟ ਲਿਮਟਿਡ ਕੰਪਨੀ ਵਾਂਗ ਯੂ.ਪੀ. ਦੇ ਲੋਕਾਂ ਲਈ ਖਤਰੇ ਦੇ ਰੂਪ ’ਚ ਹਨ। ਅਜਿਹੀਆਂ ਪਾਰਟੀਆਂ ਦਾ ਸਿਆਸਤ ’ਚ ਆਉਣਾ ਯੂ.ਪੀ. ਦੇ ਲੋਕਾਂ ਦੇ ਹਿੱਤਾਂ ’ਚ ਨਹੀਂ ਹੈ। ਇਹ ਗੱਲ ਲੋਕ ਸਮਝ ਰਹੇ ਹਨ। ਕਾਂਗਰਸ ਇਸ ਦੇਸ਼ ’ਚ ਲਗਭਗ ਖਤਮ ਹੋ ਗਈ ਹੈ। ਉਸ ਕੋਲ ਹੁਣ ਕੁਝ ਵੀ ਨਹੀਂ ਬਚਿਆ। 2017 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇ ਸਪਾ ਨਾਲ ਗਠਜੋੜ ਕੀਤਾ ਸੀ। ਉਸ ਦੇ 7 ਵਿਧਾਇਕ ਜਿੱਤੇ ਸਨ। ਇਨ੍ਹਾਂ ਚੋਣਾਂ ’ਚ ਉਹ 7 ਵਿਧਾਇਕ ਵੀ ਮੁੜ ਜਿੱਤ ਸਕਣਗੇ, ਨੂੰ ਲੈ ਕੇ ਮੈਨੂੰ ਸ਼ੱਕ ਹੈ।

ਪ੍ਰਿਯੰਕਾ ਦੀ ਸਕੂਟਰੀ ਤੁਸੀਂ ਬਿਲਕੁਲ ਪੰਕਚਰ ਕਰ ਦਿੱਤੀ ਹੈ?

ਮੈਂ ਪੰਕਚਰ ਨਹੀਂ ਕੀਤੀ। ਉਹ ਤਾਂ ਸਿਰਫ ਤੁਸੀਂ ਸਭ ਲੋਕਾਂ ਨੇ ਉਨ੍ਹਾਂ ਨੂੰ ਸਕੂਟਰੀ ’ਚ ਬਿਠਾ ਕੇ ਰੱਖਿਆ ਹੋਇਆ ਸੀ। ਯੂ.ਪੀ. ਦੇ ਲੋਕਾਂ ਨੇ ਤਾਂ 2014 ਤੋਂ ਹੀ ਸਕੂਟਰੀ ਕਹੋ, ਕਾਰ ਕਹੋ ਜਾਂ ਉਨ੍ਹਾਂ ਦੀ ਪਾਰਟੀ ਕਹੋ, ਉਸ ਨੂੰ ਪੰਕਚਰ ਕਰਨ ਦਾ ਕੰਮ ਕੀਤਾ ਹੈ। ਖੁਦ ਰਾਹੁਲ ਗਾਂਧੀ ਕਾਂਗਰਸ ਦੇ ਕੌਮੀ ਪ੍ਰਧਾਨ ਰਹਿੰਦੇ ਹੋਏ ਅਮੇਠੀ ਤੋਂ ਚੋਣ ਹਾਰ ਚੁੱਕੇ ਹਨ। ਅਸੀਂ ਨਹੀਂ, ਲੋਕਾਂ ਨੇ ਉਨ੍ਹਾਂ ਨੂੰ ਹਰਾਇਆ ਹੈ। ਲੋਕਰਾਜ ’ਚ ਲੋਕਾਂ ਦੀ ਅਦਾਲਤ ਹੀ ਸਭ ਤੋਂ ਵੱਡੀ ਅਦਾਲਤ ਹੁੰਦੀ ਹੈ। ਲੋਕਾਂ ਨੇ ਹੀ ਭਾਜਪਾ ਨੂੰ ਜਿੱਤ ਦੁਆਈ ਹੈ।

ਕੋਰੋਨਾ ਕਾਲ ’ਚ ਪਾਬੰਦੀਆਂ ਕਾਰਨ ਲਾਭ ਹੋ ਰਹੇ ਹਨ ਜਾਂ ਨੁਕਸਾਨ?

ਅਜਿਹਾ ਨਹੀਂ ਹੈ। ਕੋਰੋਨਾ ਦੀ ਜੋ ਬਿਮਾਰੀ ਹੈ, ਉਸ ਕਾਰਨ ਦੇਸ਼ ਅਤੇ ਸੂਬੇ ਨੇ ਬਹੁਤ ਕੁਝ ਗੁਆਇਆ ਹੈ। ਜੇ ਇਹ ਬਿਮਾਰੀ ਨਾ ਹੁੰਦੀ ਤਾਂ ਸਾਡੇ ਕੋਲ ਜਿੰਨੇ ਵੱਡੇ ਨੇਤਾ ਅਤੇ ਚਿਹਰੇ ਹਨ, ਦੀ ਆਮਦ ’ਤੇ ਅਸੀਂ ਲੱਖਾਂ ਲੋਕਾਂ ਦੀ ਰੈਲੀ ਕਰਦੇ ਪਰ ਅਸੀਂ ਅਜਿਹੀਆਂ ਰੈਲੀਆਂ ਨਹੀਂ ਕਰ ਸਕੇ। ਇਸ ਕਾਰਨ ਅਸੀਂ ਕਹਿ ਸਕਦੇ ਹਾਂ ਕਿ ਚੋਣ ਕਮਿਸ਼ਨ ਨੇ ਜੋ ਫੈਸਲਾ ਕੀਤਾ ਹੈ, ਅਸੀਂ ਉਸ ਦਾ ਸਵਾਗਤ ਕਰਦੇ ਹਾਂ। ਆਦਰਸ਼ ਚੋਣ ਜ਼ਾਬਤੇ ਮੁਤਾਬਕ ਜੋ ਨਿਰਧਾਰਤ ਗਿਣਤੀ ਹੈ, ਉਸ ਮੁਤਾਬਕ ਅਸੀਂ ਬੈਠਕਾਂ ਅਤੇ ਪ੍ਰੋਗਰਾਮ ਕਰਾਂਗੇ। ਯਕੀਨੀ ਤੌਰ ’ਤੇ ਸਾਡਾ ਸੰਗਠਨ ਮਜ਼ਬੂਤ ਹੈ। ਜੇ ਵਿਰੋਧੀ ਪਾਰਟੀਆਂ ਦਾ ਸੰਗਠਨ ਕਮਜ਼ੋਰ ਹੈ ਤਾਂ ਉਸ ਪਿਛੇ ਉਨ੍ਹਾਂ ਦੇ ਹੀ ਕਰਮ ਹਨ। ਲੋਕਾਂ ਨੇ ਹੀ ਉਨ੍ਹਾਂ ਦੇ ਕਰਮਾਂ ਦਾ ਫਲ ਦਿੱਤਾ ਹੈ। ਉਨ੍ਹਾਂ ਕੋਲ ਗੁੰਡੇ ਅਤੇ ਮਾਫੀਆ ਆਗੂਆਂ ਦੀ ਫੌਜ ਹੈ। ਸਾਡੇ ਕੋਲ ਦੇਸ਼ ਦੇ ਹਿੱਤਾਂ ’ਚ ਲੋਕਾਂ ਪ੍ਰਤੀ ਸਮਰਪਿਤ ਰਹਿਣ ਵਾਲੇ ਵਰਕਰਾਂ ਦੀ ਫੌਜ ਹੈ।

ਮਥੁਰਾ ਅਤੇ ਵਰਿੰਦਾਵਨ ਨੂੰ ਵੀ ਸਜਾਵਾਂਗੇ, ਵਿਸ਼ਾਲ ਬਣਾਵਾਂਗੇ

ਰਾਮ ਮੰਦਰ ਅਤੇ ਕਾਸ਼ੀ ਵਿਸ਼ਵਨਾਥ ਤੋਂ ਬਾਅਦ ਤੁਸੀਂ ਮਥੁਰਾ ਦੀ ਵਾਰੀ ਕਹਿ ਕੇ ਮਾਹੌਲ ਨੂੰ ਗਰਮ ਕਰ ਦਿੱਤਾ ਹੈ?

ਅਯੁਧਿਆ ’ਚ ਵਿਸ਼ਾਲ ਮੰਦਰ ਦੀ ਉਸਾਰੀ ਦੇਸ਼ ਦੀ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੋ ਰਹੀ ਹੈ। ਕਾਸ਼ੀ ’ਚ ਕੋਈ ਮੰਦਰ, ਮਸਜਿਦ ਦਾ ਵਿਵਾਦ ਖੜਾ ਨਹੀਂ ਹੋਇਆ। ਉਥੇ ਤਾਂ ਬਾਬਾ ਵਿਸ਼ਵਨਾਥ ਦੇ ਧਾਮ ਨੂੰ ਦਿਵਿਆ ਅਤੇ ਵਿਸ਼ਾਲ ਬਣਾਉਣ ਦਾ ਕੰਮ ਹੋਇਆ ਹੈ। ਉਸ ਧਾਮ ਦੇ ਵਿਸ਼ਾਲ ਰੂਪ ’ਚ ਬਣ ਜਾਣ ਨਾਲ ਸ਼ਿਵ ਭਗਤਾਂ ਨੂੰ ਖੁਸ਼ੀ ਮਿਲ ਰਹੀ ਹੈ। ਮਥੁਰਾ ਅਤੇ ਵਰਿੰਦਾਵਨ ਦੀ ਵੀ ਸਜਾਵਟ ਕਰਨ ਅਤੇ ਵਿਸ਼ਾਲ ਬਣਾਉਣ ਦਾ ਇਰਾਦਾ ਹੈ।

Tanu

This news is Content Editor Tanu