ਯੂ.ਪੀ. ਵਿਧਾਨ ਸਭਾ ’ਚ ਆਪਣੀ ਹੀ ਸਰਕਾਰ ਵਿਰੁੱਧ ਭਾਜਪਾ ਵਿਧਾਇਕਾਂ ਨੇ ਦਿੱਤਾ ਧਰਨਾ

12/17/2019 11:45:03 PM

ਲਖਨਊ (ਨਾਸਿਰ)– ਉੱਤਰ ਪ੍ਰਦੇਸ਼ ਭਾਜਪਾ ਵਿਚ ਸਭ ਕੁਝ ਠੀਕ ਨਹੀਂ ਚੱਲ ਰਿਹਾ। ਸੂਬਾਈ ਵਿਧਾਨ ਸਭਾ ਵਿਚ ਆਪਣੀ ਹੀ ਸਰਕਾਰ ’ਤੇ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਉਂਦੇ ਹੋਏ 200 ਤੋਂ ਵੱਧ ਭਾਜਪਾ ਵਿਧਾਇਕਾਂ ਨੇ ਧਰਨਾ ਦਿੱਤਾ। ਵਿਰੋਧੀ ਧਿਰ ਦੇ ਕਈ ਵਿਧਾਇਕ ਵੀ ਇਸ ਧਰਨੇ ਵਿਚ ਸ਼ਾਮਲ ਹੋਏ। ਇਹ ਪਹਿਲਾ ਮੌਕਾ ਹੈ ਜਦੋਂ ਸੱਤਾ ਧਿਰ ਕਾਰਣ ਹਾਊਸ ਦੀ ਕਾਰਵਾਈ ਨੂੰ ਮੁਲਤਵੀ ਕਰਨਾ ਪਿਆ। ਭਾਜਪਾ ਵਿਚ ਲਖਨਊ ਤੋਂ ਲੈ ਕੇ ਦਿੱਲੀ ਤੱਕ ਭੜਥੂ ਮਚਿਆ ਹੋਇਆ ਹੈ।

ਗਾਜ਼ੀਆਬਾਦ ਤੋਂ ਵਿਧਾਇਕ ਨੰਦ ਕਿਸ਼ੋਰ ਨੇ ਪੁਲਸ ’ਤੇ ਤੰਗ-ਪ੍ਰੇਸ਼ਾਨ ਕਰਨ ਦਾ ਜਦੋਂ ਦੋਸ਼ ਲਾਇਆ ਤਾਂ ਉਨ੍ਹਾਂ ਨੂੰ ਹਾਊਸ ਵਿਚ ਬੋਲਣ ਤੋਂ ਰੋਕ ਦਿੱਤਾ ਗਿਆ। ਇਸ ਦੌਰਾਨ ਭਾਜਪਾ ਵਿਧਾਇਕਾਂ ਨੇ ਉਕਤ ਵਿਧਾਇਕ ਦੇ ਹੱਕ ਵਿਚ ਨਾਅਰੇ ਲਾਏ। ਆਪਣੀ ਹੀ ਪਾਰਟੀ ਦੇ ਵਿਧਾਇਕਾਂ ਦੇ ਇਸ ਰੁਖ਼ ਨੂੰ ਵੇਖ ਕੇ ਭਾਜਪਾ ਦੇ ਚੋਟੀ ਦੇ ਆਗੂ ਪਸੀਨੋ-ਪਸੀਨੀ ਹੋ ਗਏ। ਵਿਧਾਇਕਾਂ ਦਾ ਕਹਿਣਾ ਸੀ ਕਿ ਸੱਤਾਧਾਰੀ ਪਾਰਟੀ ਦੇ ਵਿਧਾਇਕ ਹੋਣ ਦੇ ਬਾਵਜੂਦ ਉਹ ਲੋਕਾਂ ਦੇ ਕੰਮ ਕਰਵਾ ਸਕਣ ਤੋਂ ਅਸਮਰੱਥ ਹਨ। ਪਾਰਟੀ ਅੰਦਰ ਕੋਈ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਕਰਦਾ। ਨਿੱਕੇ-ਨਿੱਕੇ ਕੰਮ ਵੀ ਨਹੀਂ ਹੋ ਰਹੇ। ਇਸ ਦਾ ਸਿੱਧਾ ਅਸਰ ਉਨ੍ਹਾਂ ਦੀ ਵਿਧਾਇਕੀ ’ਤੇ ਪੈਂਦਾ ਹੈ। ਬਾਗੀ ਵਿਧਾਇਕਾਂ ਨੂੰ ਮਨਾਉਣ ਲਈ ਆਏ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਨੂੰ ਵਿਧਾਇਕਾਂ ਨੇ ਬੇਰੰਗ ਵਾਪਸ ਭੇਜ ਦਿੱਤਾ।

Inder Prajapati

This news is Content Editor Inder Prajapati