ਉਨਾਵ ਪੀੜਤਾ ਦੀ ਕਬਰ 'ਤੇ ਪ੍ਰਸ਼ਾਸਨ ਵੱਲੋਂ ਚਬੂਤਰਾ ਬਣਾਏ ਜਾਣ ਦਾ ਪਰਿਵਾਰਿਕ ਮੈਂਬਰਾਂ ਨੇ ਕੀਤਾ ਵਿਰੋਧ

12/10/2019 1:23:26 PM

ਉਨਾਵ—ਜ਼ਿਲੇ ਦੇ ਬਿਹਾਰ ਥਾਣਾ ਖੇਤਰ 'ਚ ਜੀਉਂਦੀ ਸਾੜੀ ਗਈ ਜਬਰ ਜ਼ਨਾਹ ਪੀੜਤਾ ਦੀ ਕਬਰ 'ਤੇ ਪ੍ਰਸ਼ਾਸਨ ਵੱਲੋਂ ਬਣਵਾਏ ਜਾ ਰਹੇ ਚਬੂਤਰੇ ਦੇ ਨਿਰਮਾਣ ਦਾ ਪਰਿਵਾਰਿਕ ਮੈਂਬਰਾ ਨੇ ਵਿਰੋਧ ਕੀਤਾ ਅਤੇ ਕਬਰ 'ਤੇ ਲਗਾਈਆਂ ਗਈਆਂ ਇੱਟਾਂ ਨੂੰ ਉਖਾੜ ਦਿੱਤਾ। ਦੱਸ ਦੇਈਏ ਕਿ ਪ੍ਰਸ਼ਾਸਨ ਨੇ ਸੋਮਵਾਰ ਸ਼ਾਮ ਨੂੰ ਕਬਰ 'ਤੇ ਨਿਰਮਾਣ ਕੰਮ ਸ਼ੁਰੂ ਕਰਵਾਇਆ ਸੀ। 

ਬਿਹਾਰ ਥਾਣਾ ਮੁਖੀ ਵਿਕਾਸ ਪਾਂਡੇ ਨੇ ਦੱਸਿਆ ਹੈ ਕਿ ਪਰਿਵਾਰਿਕ ਮੈਂਬਰਾਂ ਦੇ ਵਿਰੋਧ ਤੋਂ ਬਾਅਦ ਨਿਰਮਾਣ ਕੰਮ ਰੋਕ ਦਿੱਤਾ ਗਿਆ ਹੈ। ਕਬਰ 'ਤੇ ਵੀ ਸੁਰੱਖਿਆ ਦੀ ਵਿਵਸਥਾ ਕੀਤੀ ਗਈ ਹੈ। ਪੀੜਤਾ ਦੇ ਪਰਿਵਾਰ ਨੇ ਕਿਹਾ ਹੈ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਣਗੀਆਂ, ਉਦੋਂ ਤੱਕ ਨਿਰਮਾਣ ਨਹੀਂ ਕਰਵਾਇਆ ਜਾਵੇਗਾ।

ਜ਼ਿਲਾ ਹਸਪਤਾਲ 'ਚ ਇਲਾਜ ਕਰਵਾ ਰਹੀ ਪੀੜਤਾ ਦੀ ਵੱਡੀ ਭੈਣ ਨੇ ਕਿਹਾ ਹੈ ਕਿ ਮੰਗਾਂ ਸਮੇਂ 'ਤੇ ਪੂਰੀਆਂ ਨਾ ਹੋਣ 'ਤੇ ਖੁਦਕੁਸ਼ੀ ਕਰਾਂਗੇ। ਮ੍ਰਿਤਕਾਂ ਦੇ ਪਿਤਾ ਨੌਕਰੀ, ਸ਼ਸ਼ਤਰ ਲਾਇਸੈਂਸ ਅਤੇ ਰਿਹਾਇਸ਼ ਦੀ ਮੰਗ ਕਰ ਰਹੇ ਹਨ। ਪੀੜਤ ਪਰਿਵਾਰ ਨੂੰ 25 ਲੱਖ ਰੁਪਏ ਦੀ ਆਰਥਿਕ ਸਹਾਇਤਾ ਪ੍ਰਸ਼ਾਸਨ ਦੇ ਚੁੱਕਾ ਹੈ। ਕਾਂਗਰਸ ਨੇਤਾ ਸਾਬਕਾ ਸੰਸਦ ਮੈਂਬਰ ਅਨੂ ਟੰਡਨ ਨੇ 5 ਲੱਖ ਰੁਪਏ ਦੀ ਸਹਾਇਤਾ ਅਤੇ ਸਮਾਜਵਾਦੀ ਪਾਰਟੀ ਨੇ ਇੱਕ ਲੱਖ ਰੁਪਏ ਦੀ ਸਹਾਇਤਾ ਦਿੱਤੀ ਹੈ। ਇਸ ਮਾਮਲੇ ਦੇ ਇੱਕ ਦੋਸ਼ੀ ਸ਼ੁਭਮ ਦੀ ਮਾਂ ਨੇ ਮਾਮਲੇ ਦੀ ਸੀ.ਬੀ.ਆਈ. ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਜ਼ਿਕਰਯੋਗ ਹੈ ਕਿ ਬਿਹਾਰ ਦੇ ਉਨਾਵ ਜ਼ਿਲੇ ਦੀ ਰਹਿਣ ਵਾਲੀ 23 ਸਾਲਾ ਲੜਕੀ ਦਾ ਵੀਰਵਾਰ ਸਵੇਰਸਾਰ (5 ਦਸੰਬਰ) ਨੂੰ ਰੇਲਵੇ ਸਟੇਸ਼ਨ ਜਾਂਦੇ ਸਮੇਂ ਰਸਤੇ 'ਚ 5 ਦਰਿੰਦਿਆਂ ਵੱਲੋਂ ਜਬਰ ਜ਼ਨਾਹ ਕੀਤਾ ਗਿਆ ਅਤੇ ਇਸ ਤੋਂ ਬਾਅਦ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਪੀੜਤਾ ਨੇ ਦਿੱਲੀ ਦੇ ਸਫਦਰਗੰਜ ਹਸਪਤਾਲ 'ਚ ਸ਼ੁੱਕਰਵਾਰ ਦੇਰ ਰਾਤ ਦਮ ਤੋੜ ਦਿੱਤਾ। 

Iqbalkaur

This news is Content Editor Iqbalkaur