ਓਨਾਵ ਰੇਪ ਕੇਸ : ਪੀ. ਐੱਮ. ਮੋਦੀ ਨੂੰ ਪ੍ਰਿਅੰਕਾ ਗਾਂਧੀ ਨੇ ਕੀਤੀ ਇਹ ਅਪੀਲ

07/30/2019 1:50:31 PM

ਨਵੀਂ ਦਿੱਲੀ— ਓਨਾਵ ਰੇਪ ਕੇਸ 'ਚ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਦੋਸ਼ੀ ਵਿਧਾਇਕ ਕੁਲਦੀਪ ਸਿੰਘ ਸੇਂਗਰ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਪ੍ਰਿਅੰਕਾ ਨੇ ਕਿਹਾ, ''ਅਸੀਂ ਕੁਲਦੀਪ ਸੇਂਗਰ ਵਰਗੇ ਲੋਕਾਂ ਨੂੰ ਰਾਜਨੀਤਕ ਸ਼ਕਤੀ ਅਤੇ ਸੁਰੱਖਿਆ ਕਿਉਂ ਦਿੰਦੇ ਹਾਂ, ਜਦਕਿ ਪੀੜਤਾ ਨੂੰ ਇਕੱਲੇ ਆਪਣੀ ਜ਼ਿੰਦਗੀ ਦੀ ਲੜਾਈ ਲੜਨ ਲਈ ਛੱਡ ਦਿੰਦੇ ਹਾਂ? ਪ੍ਰਿਅੰਕਾ ਨੇ ਪੀ. ਐੱਮ. ਮੋਦੀ ਨੂੰ ਅਪੀਲ ਕਰਦੇ ਹੋਏ ਕਿਹਾ, ''ਮੁਕੱਦਮੇ 'ਚ ਸਾਫ ਹੈ ਕਿ ਪਰਿਵਾਰ ਨੂੰ ਧਮਕੀ ਮਿਲ ਰਹੀ ਸੀ। ਭਗਵਾਨ ਦੀ ਖਾਤਰ ਪ੍ਰਧਾਨ ਮੰਤਰੀ ਜੀ, ਇਸ ਅਪਰਾਧੀ ਅਤੇ ਉਸ ਦੇ ਭਰਾ ਨੂੰ ਆਪਣੀ ਪਾਰਟੀ ਤੋਂ ਮਿਲ ਰਹੀ ਰਾਜਨੀਤਕ ਸੁਰੱਖਿਆ ਨੂੰ ਦੇਣਾ ਬੰਦ ਕਰੋ।''


ਪ੍ਰਿਅੰਕਾ ਨੇ ਭਾਜਪਾ ਸਰਕਾਰ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਰੇਪ ਪੀੜਤਾ ਨਾਲ ਸੜਕ ਹਾਦਸਾ ਹੈਰਾਨ ਕਰਨ ਵਾਲਾ ਹੈ। ਪ੍ਰਿਅੰਕਾ ਨੇ ਅੱਗੇ ਕਿਹਾ ਕਿ ਇਸ ਕੇਸ 'ਚ ਚੱਲ ਰਹੀ ਸੀ. ਬੀ. ਆਈ. ਜਾਂਚ ਕਿੱਥੋਂ ਤਕ ਪਹੁੰਚੀ? ਦੋਸ਼ੀ ਵਿਧਾਇਕ ਅਜੇ ਤਕ ਭਾਜਪਾ ਵਿਚ ਕਿਉਂ ਹੈ? ਪੀੜਤਾ ਅਤੇ ਗਵਾਹਾਂ ਦੀ ਸੁਰੱਖਿਆ 'ਚ ਢਿੱਲ ਮੱਠ ਕਿਉਂ? ਇਨ੍ਹਾਂ ਸਵਾਲਾਂ ਦੇ ਜਵਾਬ ਬਿਨਾਂ ਕੀ ਭਾਜਪਾ ਸਰਕਾਰ ਤੋਂ ਨਿਆਂ ਦੀ ਕੋਈ ਉਮੀਦ ਕੀਤੀ ਜਾ ਸਕਦੀ ਹੈ? ਦੱਸਣਯੋਗ ਹੈ ਕਿ ਕੁਲਦੀਪ ਸਿੰਘ ਸੇਂਗਰ 'ਤੇ ਰੇਪ ਦਾ ਦੋਸ਼ ਲਾਉਣ ਵਾਲੀ ਪੀੜਤਾ ਦੀ ਗੱਡੀ 'ਚ ਐਤਵਾਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਚਾਚੀ ਅਤੇ ਮਾਂ ਦੀ ਮੌਤ ਹੋ ਗਈ, ਜਦਕਿ ਪੀੜਤਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਇਹ ਹਾਦਸਾ ਰਾਏਬਰੇਲੀ 'ਚ ਵਾਪਰਿਆ ਸੀ। ਪੁਲਸ ਇਸ ਮਾਮਲੇ 'ਚ ਹੱਤਿਆ ਦੀ ਸਾਜਿਸ਼ ਅਤੇ ਹਾਦਸਾ, ਦੋਵੇਂ ਮੰਨ ਕੇ ਜਾਂਚ ਕਰ ਰਹੀ ਹੈ।

Tanu

This news is Content Editor Tanu