ਓਨਾਵ : ਗੈਂਗਰੇਪ ਪੀੜਤਾ ਨੂੰ ਪੈਟਰੋਲ ਸੁੱਟ ਕੇ ਜਿਉਂਦੇ ਸਾੜਿਆ, ਹਾਲਤ ਗੰਭੀਰ

12/05/2019 11:02:13 AM

ਓਨਾਵ— ਉੱਤਰ ਪ੍ਰਦੇਸ਼ ਦੇ ਓਨਾਵ 'ਚ ਬਿਹਾਰ ਥਾਣਾ ਖੇਤਰ ਦੇ ਇਕ ਪਿੰਡ 'ਚ ਰਹਿਣ ਵਾਲੇ ਗੈਂਗਰੇਪ ਪੀੜਤਾ ਨੂੰ ਵੀਰਵਾਰ ਸਵੇਰੇ 5 ਨੌਜਵਾਨਾਂ ਨੇ ਪੈਟਰੋਲ ਸੁੱਟ ਕੇ ਸਾੜ ਦਿੱਤਾ। ਪਿਤਾ ਦੀ ਸੂਚਨਾ 'ਤੇ ਪੁੱਜੀ ਪੁਲਸ ਨੇ ਪੀੜਤਾ ਨੂੰ ਜ਼ਿਲਾ ਹਸਪਤਾਲ ਪਹੁੰਚਾਇਆ। ਇੱਥੇ ਪੀੜਤਾ ਦੀ ਹਾਲਤ ਗੰਭੀਰ ਦੇਖ ਕੇ ਲਖਨਊ ਰੈਫਰ ਕੀਤਾ ਗਿਆ ਹੈ। ਫਿਲਹਾਲ ਪੁਲਸ ਤਿੰਨ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਕੇ ਉਨ੍ਹਾਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਕਾਂਗਰਸ ਦੀ ਜਨਰਲ ਪ੍ਰਿਯੰਕਾ ਗਾਂਧੀ ਨੇ ਯੋਗੀ ਸਰਕਾਰ 'ਤੇ ਹਮਲਾ ਬੋਲਿਆ ਹੈ।

ਪੀੜਤਾ ਨੇ ਦਿੱਤਾ ਬਿਆਨ
ਪੀੜਤਾ ਨੇ ਬਿਆਨ ਦਿੱਤਾ ਹੈ ਕਿ ਵੀਰਵਾਰ ਤੜਕੇ 4 ਵਜੇ ਉਹ ਰਾਏਬਰੇਲੀ ਜਾਣ ਲਈ ਟਰੇਨ ਫੜਨ ਬੈਸਵਾਰਾ ਬਿਹਾਰ ਰੇਲਵੇ ਸਟੇਸ਼ਨ ਜਾ ਰਹੀ ਸੀ। ਗੌਰਾ ਮੋੜ 'ਤੇ ਪਿੰਡ ਦੇ ਹਰਿਸ਼ੰਕਰ ਤ੍ਰਿਵੇਦੀ, ਕਿਸ਼ੋਰ ਸ਼ੁਭਮ, ਉਮੇਸ਼ ਨੇ ਉਸ ਨੂੰ ਘੇਰ ਲਿਆ ਅਤੇ ਸਿਰ 'ਤੇ ਡੰਡੇ ਨਾਲ ਅਤੇ ਗਲੇ 'ਤੇ ਚਾਕੂ ਨਾਲ ਵਾਰ ਕੀਤਾ। ਇਸ ਦੌਰਾਨ ਉਹ ਚੱਕਰ ਆਉਣ ਕਾਰਨ ਡਿੱਗੀ ਤਾਂ ਦੋਸ਼ੀਆਂ ਨੇ ਪੈਟਰੋਲ ਸੁੱਟ ਕੇ ਅੱਗ ਲਗਾ ਦਿੱਤੀ। ਦੱਸਣਯੋਗ ਹੈ ਕਿ ਇਸ ਕੇਸ ਦੀ ਜਾਂਚ ਰਾਏਬਰੇਲੀ ਪੁਲਸ ਨੇ ਕੀਤੀ ਸੀ। ਇਸ ਕੇਸ 'ਚ ਕੁਝ ਦੋਸ਼ੀ ਜੇਲ ਤੋਂ ਜ਼ਮਾਨਤ 'ਤੇ ਬਾਹਰ ਆਏ ਸਨ।

ਇਸ ਸਾਲ ਪੀੜਤਾ ਨਾਲ ਹੋਇਆ ਸੀ ਰੇਪ
ਰੌਲਾ ਪੈਣ 'ਤੇ ਭੀੜ ਨੂੰ ਆਉਂਦਾ ਦੇਖ ਦੋਸ਼ੀ ਦੌੜ ਗਏ। ਪੀੜਤਾ ਨੇ ਦੱਸਿਆ ਕਿ ਇਸੇ ਸਾਲ ਮਾਰਚ 'ਚ ਦੋਸ਼ੀਆਂ ਨੇ ਉਸ ਨਾਲ ਰੇਪ ਕੀਤਾ ਸੀ। ਦੂਜੇ ਪਾਸੇ ਘਟਨਾ ਦੀ ਜਾਣਕਾਰੀ ਮਿਲਣ 'ਤੇ ਡੀ.ਐੱਮ. ਦੇਵੇਂਦਰ ਪਾਂਡੇ, ਐੱਸ.ਪੀ. ਵਿਕਰਾਂਤ ਵੀਰ ਸਮੇਤ ਕਈ ਥਾਣਿਆਂ ਦੀ ਪੁਲਸ ਫੋਰਸ ਮੌਕੇ 'ਤੇ ਪੁੱਜੀ। ਐੱਸ.ਪੀ. ਓਨਾਵ ਨੇ ਦੱਸਿਆ ਕਿ ਪੀੜਤਾ ਨੇ 5 ਦੋਸ਼ੀਆਂ ਦੇ ਨਾਂ ਲਏ ਹਨ। ਇਨ੍ਹਾਂ 'ਚੋਂ 3 ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਹੋਰ 2 ਦੀ ਤਲਾਸ਼ ਜਾਰੀ ਹੈ।

ਪੁਲਸ ਨੇ 3 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ
ਦੂਜੇ ਪਾਸੇ ਯੂ.ਪੀ. ਪੁਲਸ ਨੇ ਦਾਅਵਾ ਕੀਤਾ ਹੈ ਕਿ ਘਟਨਾ ਦੇ ਤੁਰੰਤ ਬਾਅਦ ਪੀੜਤਾ ਦੇ ਬਿਆਨ ਦੇ ਆਧਾਰ 'ਤੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਜਦੋਂ ਦੋਸ਼ੀਆਂ ਦੇ ਘਰ ਛਾਪੇ ਮਾਰੇ ਤਾਂ ਸਾਰੇ ਆਪਣੇ-ਆਪਣੇ ਘਰ ਪਰਿਵਾਰ ਵਾਲਿਆਂ ਦਰਮਿਆਨ ਮੌਜੂਦ ਮਿਲੇ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਨਾਲ ਜੁੜੇ ਕੁਝ ਹੋਰ ਤੱਤ ਵੀ ਮਿਲੇ ਹਨ, ਜਿਨ੍ਹਾਂ ਦੀ ਪੁਲਸ ਜਾਂਚ ਕਰ ਰਹੀ ਹੈ।

ਪ੍ਰਿਯੰਕਾ ਗਾਂਧੀ ਨੇ ਯੋਗੀ ਸਰਕਾਰ 'ਤੇ ਕੀਤਾ ਹਮਲਾ
ਇਸ ਮਾਮਲੇ ਨੂੰ ਲੈ ਕੇ ਯੂ.ਪੀ. ਸਰਕਾਰ 'ਤੇ ਹਮਲਾ ਬੋਲਦੇ ਹੋਏ ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ,''ਕੱਲ ਦੇਸ਼ ਦੇ ਗ੍ਰਹਿ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸਾਫ਼-ਸਾਫ਼ ਝੂਠ ਬੋਲਿਆ ਕਿ ਯੂ.ਪੀ. ਦੀ ਕਾਨੂੰਨ ਵਿਵਸਥਾ ਚੰਗੀ ਹੋ ਚੁਕੀ ਹੈ। ਹਰ ਰੋਜ਼ ਅਜਿਹੀਆਂ ਘਟਨਾਵਾਂ ਨੂੰ ਦੇਖ ਕੇ ਮਨ 'ਚ ਰੋਸ ਹੁੰਦਾ ਹੈ। ਭਾਜਪਾ ਨੇਤਾਵਾਂ ਨੂੰ ਵੀ ਹੁਣ ਫਰਜ਼ੀ ਪ੍ਰਚਾਰ ਤੋਂ ਬਾਹਰ ਨਿਕਲਣਾ ਚਾਹੀਦਾ।''

DIsha

This news is Content Editor DIsha