ਧਨਬਾਦ ਅਗਨੀਕਾਂਡ : ਪਰਿਵਾਰ ਦੇ ਜੀਆਂ ਦੀ ਮੌਤ ਤੋਂ ਬੇਖ਼ਬਰ ਧੀ ਨੇ ਲਏ 7 ਫੇਰੇ

02/02/2023 10:53:58 AM

ਧਨਬਾਦ (ਭਾਸ਼ਾ)- ਸਵਾਤੀ ਮੰਗਲਵਾਰ ਰਾਤ ਜਦੋਂ ਲਾੜੀ ਬਣ ਕੇ 7 ਫੇਰੇ ਲੈ ਰਹੀ ਸੀ, ਉਸ ਸਮੇਂ ਉਸ ਨੂੰ ਇਸ ਗੱਲ ਦੀ ਭਣਕ ਤੱਕ ਨਹੀਂ ਸੀ ਕਿ ਝਾਰਖੰਡ 'ਚ ਧਨਬਾਦ ਦੇ ਆਸ਼ੀਰਵਾਦ ਅਪਾਰਟਮੈਂਟ 'ਚ ਅੱਗ ਲੱਗਣ ਕਾਰਨ ਉਸ ਦੀ ਮਾਂ, ਦਾਦਾ ਅਤੇ ਦਾਦੀ ਸਮੇਤ ਪਰਿਵਾਰ ਦੇ 5 ਲੋਕਾਂ ਦੀ ਜਾਨ ਚਲੀ ਗਈ ਹੈ। ਲਾੜੀ ਆਪਣੇ ਪਰਿਵਾਰ ਨਾਲ ਜੋੜਾਫਾਟਕ 'ਚ ਆਸ਼ੀਰਵਾਦ ਟਾਵਰ ਦੀ ਚੌਥੀ ਮੰਜ਼ਿਲ 'ਤੇ ਇਕ ਫਲੈਟ 'ਚ ਰਹਿੰਦੀ ਸੀ। ਇਸੇ ਟਾਵਰ ਦੀ ਦੂਜੀ ਮੰਜ਼ਿਲ 'ਤੇ ਮੰਗਲਵਾਰ ਸ਼ਾਮ ਨੂੰ ਲੱਗੀ ਅੱਗ ਹੋਰ ਫਲੈਟਾਂ 'ਚ ਵੀ ਫੈਲ ਗਈ, ਜਿਸ 'ਚ ਸਵਾਤੀ ਦੀ ਮਾਂ, ਦਾਦਾ, ਦਾਦੀ, ਮਾਸੀ ਅਤੇ ਮਾਸੀ ਦੇ ਮੁੰਡੇ ਸਮੇਤ 14 ਲੋਕਾਂ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਗ਼ਮਾਂ 'ਚ ਬਦਲੀਆਂ ਖ਼ੁਸ਼ੀਆਂ, ਵਿਆਹ ਸਮਾਗਮ ਦੌਰਾਨ ਦੀਵੇ ਤੋਂ ਲੱਗੀ ਅੱਗ, 14 ਲੋਕਾਂ ਦੀ ਮੌਤ

ਸਵਾਤੀ ਆਪਣੇ ਘਰੋਂ ਕਰੀਬ ਇਕ ਕਿਲੋਮੀਟਰ ਦੂਰ ਸਥਿਤ ਵਿਆਹ ਵਾਲੀ ਜਗ੍ਹਾ 'ਸਿੱਧੀ ਵਿਨਾਇਕ ਰਿਜ਼ੋਰਟ' ਲਈ ਮੰਗਲਵਾਰ ਨੂੰ ਲਗਭਗ 4 ਵਜੇ ਘਰੋਂ ਨਿਕਲੀ, ਜਦੋਂ ਕਿ ਉਸ ਦੇ ਪਿਤਾ ਸੁਬੋਧ ਲਾਲ, ਉਸ ਦੀ ਮਾਂ ਅਤੇ ਪਰਿਵਾਰ ਦੇ ਹੋਰ ਮੈਂਬਰ ਅਜੇ ਵੀ ਫਲੈਟ 'ਚ ਸਨ ਅਤੇ ਵਿਆਹ ਲਈ ਤਿਆਰ ਹੋ ਰਹੇ ਸਨ ਪਰ ਉਦੋਂ ਸ਼ਾਮ ਕਰੀਬ ਸਵਾ 6 ਵਜੇ ਦੂਜੀ ਮੰਜ਼ਿਲ 'ਤੇ ਅੱਗ ਲੱਗ ਗਈ। ਪਰਿਵਾਰ ਦੇ ਇਕ ਮੈਂਬਰ ਨੇ ਦੱਸਿਆ ਕਿ ਸਵਾਤੀ ਦੇ ਪਿਤਾ ਅੱਗ ਦੀਆਂ ਲਪਟਾਂ ਤੋਂ ਬਚ ਗਏ ਪਰ ਉਸ ਦੀ ਮਾਂ, ਦਾਦਾ-ਦਾਦੀ ਅਤੇ 2 ਹੋਰ ਪਰਿਵਾਰ ਵਾਲੇ ਅੱਗ ਦੀ ਲਪੇਟ 'ਚ ਆ ਗਏ। ਉਨ੍ਹਾਂ ਦੱਸਿਆ ਕਿ ਇਸ ਵਿਚ ਵਿਆਹ ਵਾਲੀ ਜਗ੍ਹਾ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਅਤੇ ਸਵਾਤੀ ਵਾਰ-ਵਾਰ ਆਪਣੀ ਮਾਂ ਅਤੇ ਦਾਦਾ-ਦਾਦੀ ਬਾਰੇ ਪੁੱਛਦੀ ਰਹੀ। ਸਵਾਤੀ ਨੂੰ ਘਟਨਾ ਬਾਰੇ ਤੁਰੰਤ ਨਹੀਂ ਦੱਸਿਆ ਗਿਆ। ਉਸ ਦੇ ਪਿਤਾ ਨੂੰ ਬਾਅਦ 'ਚ ਵਿਆਹ ਵਾਲੀ ਜਗ੍ਹਾ ਲਿਜਾਇਆ ਗਿਆ ਪਰ ਸਦਮੇ 'ਚ ਹੋਣ ਕਾਰਨ ਉਹ ਰੀਤੀ-ਰਿਵਾਜਾਂ 'ਚ ਹਿੱਸਾ ਨਹੀਂ ਲੈ ਸਕੇ। ਪਰਿਵਾਰ ਦੇ ਕੁਝ ਹੋਰ ਮੈਂਬਰਾਂ ਨੇ ਰੀਤੀ-ਰਿਵਾਜ ਕੀਤੇ। ਵਿਦਾਈ ਤੋਂ ਬਾਅਦ ਕੁੜੀ ਨੂੰ ਸਾਰੀ ਘਟਨਾ ਬਾਰੇ ਦੱਸਿਆ ਗਿਆ। ਜਿਸ ਤੋਂ ਬਾਅਦ ਉਸ ਨੇ ਹਸਪਤਾਲ ਆਉਣ ਦੀ ਜਿੱਦ ਕੀਤੀ। ਸਹੁਰੇ ਪਰਿਵਾਰ ਵਾਲੇ ਜਦੋਂ ਸਵਾਤੀ ਨੂੰ ਹਸਪਤਾਲ ਲੈ ਕੇ ਪਹੁੰਚੇ ਤਾਂ ਮਾਂ ਦੀ ਲਾਸ਼ ਦੇਖਣ ਤੋਂ ਬਾਅਦ ਉਸ ਦੀ ਹਾਲਤ ਖ਼ਰਾਬ ਹੋ ਗਈ ਅਤੇ ਉਹ ਬੇਹੋਸ਼ ਹੋ ਗਈ। ਜਿਸ ਤੋਂ ਬਾਅਦ ਸਹੁਰੇ ਪਰਿਵਾਰ ਨੇ ਉਸ ਨੂੰ ਸੰਭਾਲਿਆ ਅਤੇ ਸਵਾਤੀ ਨੂੰ ਲੈ ਕੇ ਗਿਰੀਡੀਹ ਲਈ ਰਵਾਨਾ ਹੋ ਗਏ।

ਇਹ ਵੀ ਪੜ੍ਹੋ : ਰੇਪ ਤੋਂ ਬਾਅਦ 3 ਸਾਲਾ ਮਾਸੂਮ ਦਾ ਕੀਤਾ ਸੀ ਕਤਲ, ਕੋਰਟ ਨੇ ਦੋਸ਼ੀ ਨੂੰ ਸੁਣਾਈ ਫਾਂਸੀ ਦੀ ਸਜ਼ਾ

DIsha

This news is Content Editor DIsha