ਸੰਯੁਕਤ ਰਾਸ਼ਟਰ ਨੇ ਦਿੱਤੀ ਚਿਤਾਵਨੀ, ''ਕੇਰਲ ਅਤੇ ਕਰਨਾਟਕ ’ਚ IS ਦੇ ਕਾਫੀ ਅੱਤਵਾਦੀ''

07/26/2020 3:02:58 AM

ਨਿਊਯਾਰਕ – ਅੱਤਵਾਦ ’ਤੇ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ’ਚ ਚਿਤਾਵਨੀ ਗਈ ਹੈ ਕਿ ਕੇਰਲ ਅਤੇ ਕਰਨਾਟਕ ’ਚ ਇਸਲਾਮਿਕ ਸਟੇਟ (ਆਈ. ਐੈੱਸ. ਆਈ. ਐੈੱਸ.) ਅੱਤਵਾਦੀਆਂ ਦੀ ‘ਕਾਫੀ ਗਿਣਤੀ’ ਹੋ ਸਕਦੀ ਹੈ ਅਤੇ ਇਸ ਗੱਲ ’ਤੇ ਵੀ ਧਿਆਨ ਦਿਵਾਇਆ ਕਿ ਭਾਰਤੀ ਉਪ ਮਹਾਦੀਪ ’ਚ ਅਲਕਾਇਦਾ ਹਮਲੇ ਦੀ ਸਾਜਿਸ਼ ਰਚ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸੰਗਠਨ ’ਚ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਮਿਆਂਮਾਰ ਦੇ 150 ਤੋਂ 200 ਅੱਤਵਾਦੀ ਹਨ। ਰਿਪੋਰਟ ’ਚ ਕਿਹਾ ਗਿਆ ਕਿ ਭਾਰਤੀ ਉਪਮਹਾਦੀਪ ’ਚ ਅਲ ਕਾਇਦਾ (ਏ. ਕਿਊ. ਆਈ. ਐੈੱਸ.) ਤਾਲਿਬਾਨ ਤਹਿਤ ਅਫਗਾਨਿਸਤਾਨ ਦੇ ਨਿਮਰੂਜਾ, ਹੈਲਮੰਦ ਅਤੇ ਕੰਧਾਰ ਸੂਬਿਆਂ ਤੋਂ ਕੰਮ ਕਰਦਾ ਹੈ। ਏ. ਕਿਊ. ਆਈ. ਐੈੱਸ. ਆਪਣੇ ਸਾਬਕਾ ਆਕਾ ਦੀ ਮੌਤ ਦਾ ਬਦਲਾ ਲੈਣ ਲਈ ਖੇਤਰ ’ਚ ਜਵਾਬੀ ਕਾਰਵਾਈ ਕਰਨਾ ਚਾਹੁੰਦਾ ਹੈ। 10 ਮਈ 2019 ਨੂੰ ਐਲਾਨੀ ਆਈ. ਐੈੱਸ. ਦੇ ਭਾਰਤੀ ਸਹਿਯੋਗੀ (ਹਿੰਦ ਵਿਲਾਯਾਹ) ’ਚ 180 ਤੋਂ 200 ਦੇ ਵਿਚਾਲੇ ਮੈਂਬਰ ਹਨ। ਪਿਛਲੇ ਸਾਲ ਮਈ ’ਚ ਅੱਤਵਾਦੀ ਸੰਗਠਨ ਨੇ ਭਾਰਤ ’ਚ ਨਵਾਂ ‘ਸੂਬਾ’ ਸਥਾਪਿਤ ਕਰਨ ਦਾ ਦਾਅਵਾ ਕੀਤਾ ਸੀ।

ਅਫਗਾਨਿਸਤਾਨ ’ਚ 6500 ਪਾਕਿਸਤਾਨੀ ਅੱਤਵਾਦੀ ਮੌਜੂਦ

ਰਿਪੋਰਟ ’ਚ ਕਿਹਾ ਗਿਆ ਹੈ ਕਿ ਪਾਕਿਸਤਾਨ ’ਚ ਲਗਭਗ 6500 ਅੱਤਵਾਦੀ ਗੁਆਂਢੀ ਅਫਗਾਨਿਸਤਾਨ ’ਚ ਸਰਗਰਮ ਹਨ, ਜਿਨ੍ਹਾਂਂ ’ਚੋਂ ਵਧੇਰੇ ਦਾ ਸਬੰਧ ‘ਤਹਿਰੀਕ-ਏ-ਤਾਲਿਬਾਨ ਪਾਕਿਸਤਾਨ’ (ਟੀ. ਟੀ. ਪੀ.) ਨਾਲ ਹੈ ਅਤੇ ਉਹ ਦੋਹਾਂ ਦੇਸ਼ਾਂ ਲਈ ਖਤਰਾ ਹੈ।ਟੀ. ਟੀ. ਪੀ. ਨੇ ਪਾਕਿਸਤਾਨ ’ਚ ਕਈ ਹਾਈ ਪ੍ਰੋਫਾਈਲ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ ਅਤੇ ਜਮਾਤ-ਅਲ-ਅਹਰਾਰ ਅਤੇ ਲਸ਼ਕਰ-ਏ-ਇਸਲਾਮ ਵਲੋਂ ਕੀਤੇ ਗਏ ਹੋਰ ਹਮਲਿਆਂ ’ਚ ਮਦਦ ਕੀਤੀ ਹੈ। ਟੀ. ਟੀ. ਪੀ. ਦੇ ਕਈ ਸਾਬਕਾ ਅੱਤਵਾਦੀ ਇਸਲਾਮਿਕ ਸਟੇਟ ਇਨ ਇਰਾਕ ਐਂਡ ਦਿ ਲੈਵੇਂਟ ਖੁਰਾਸਾਨ (ਆਈ. ਐੈੱਸ. ਆਈ. ਐੈੱਲ.-ਕੇ) ਵਿਚ ਸ਼ਾਮਲ ਹੋ ਗਏ ਹਨ।

Khushdeep Jassi

This news is Content Editor Khushdeep Jassi