ਨਿਯਮਾਂ ਦੀ ਅਣਦੇਖੀ ਨੇ ਲੈ ਲਈ ਜਾਨ, ਸੜਕ ਹਾਦਸੇ ''ਚ 2 ਸਕੇ ਭਰਾਵਾਂ ਦੀ ਮੌਤ

09/24/2017 12:10:49 PM

ਨਵੀਂ ਦਿੱਲੀ— ਦੱਖਣੀ ਪੱਛਮੀ ਦਿੱਲੀ ਦੇ ਦਿੱਲੀ ਕੈਂਟ ਇਲਾਕੇ 'ਚ ਆਵਾਜਾਈ ਨਿਯਮਾਂ ਦੀ ਅਣਦੇਖੀ ਕਰਨਾ 2 ਸਕੇ ਭਰਾਵਾਂ ਲਈ ਜਾਨਲੇਵਾ ਸਾਬਤ ਹੋਇਆ। ਤਿੰਨ ਭਰਾ ਬਾਈਕ 'ਤੇ ਜਾ ਰਹੇ ਸਨ। ਟ੍ਰਿਪਲ ਸਵਾਰੀ ਕਾਰਨ ਬਾਈਕ ਬੇਕਾਬੂ ਹੋ ਕੇ ਸੜਕ 'ਤੇ ਡਿਵਾਈਡਰ ਨਾਲ ਟਕਰਾ ਗਈ, ਹਾਦਸੇ ਦੀ ਸੂਚਨਾ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਦੀ ਟੀਮ ਤਿੰਨਾਂ ਨੂੰ ਹਸਪਤਾਲ ਲੈ ਗਈ, ਜਿੱਥੇ ਮਨੀਸ਼ ਅਤੇ ਕਨ੍ਹਈਆ ਨਾਮੀ ਦੋਹਾਂ ਭਰਾਵਾਂ ਨੂੰ ਡਾਕਟਰ ਨੇ ਮ੍ਰਿਤ ਐਲਾਨ ਕਰ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਤਿੰਨੋਂ ਭਰਾ ਵੀਰਵਾਰ ਨੂੰ ਛੱਤਰਪੁਰ ਮੰਦਰ ਦਰਸ਼ਨ ਲਈ ਗਏ ਹੋਏ ਸਨ। ਦਰਸ਼ਨ ਤੋਂ ਬਾਅਦ ਰਾਤ ਦੇ ਸਮੇਂ ਆਉਂਦੇ ਹੋਏ ਬਾਈਕ ਵਿੱਕੀ ਚੱਲਾ ਰਿਹਾ ਸੀ। ਇਸੇ ਦੌਰਾਨ ਦਿੱਲੀ ਕੈਂਟ ਇਲਾਕੇ 'ਚ ਬਾਈਕ ਦੀ ਰਫ਼ਤਾਰ ਕਾਫੀ ਤੇਜ਼ ਸੀ। ਰਾਤ ਹੋਣ ਦੇ ਨਾਲ ਹੀ ਟ੍ਰਿਪਲ ਸਵਾਰੀ ਕਾਰਨ ਉਨ੍ਹਾਂ ਦੀ ਬਾਈਕ ਬੇਕਾਬੂ ਹੋ ਗਈ ਅਤੇ ਸੜਕ 'ਤੇ ਡਿਵਾਈਡਰ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਤਿੰਨੋਂ ਸੜਕ 'ਤੇ ਦੂਰ ਜਾ ਡਿੱਗੇ। ਇਸ ਦੌਰਾਨ ਜਿੱਥੇ ਵਿੱਕੀ ਵੱਲੋਂ ਹੈਲਮੇਟ ਪਾਏ ਹੋਏ ਹੋਣ ਕਾਰਨ ਉਸ ਦੇ ਸਿਰ 'ਚ ਗੰਭੀਰ ਸੱਟਾਂ ਨਹੀਂ ਲੱਗੀਆਂ ਪਰ ਦੋਵੇਂ ਭਰਾਵਾਂ ਦਾ ਸਿਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।