ਤੁਰਕੀ ਨੇ ਰੂਸ ਤੋਂ ਖਰੀਦੀ S-400 ਤਾਂ ਅਮਰੀਕਾ ਦਾ F-35 ਲੜਾਕੂ ਜਹਾਜ਼ ਵੇਚਣ ਤੋਂ ਇਨਕਾਰ, ਭਾਰਤ ਚਿੰਤਤ

07/18/2019 3:50:45 AM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਿਆ ਹੈ ਕਿ ਰੂਸ ਤੋਂ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਖਰੀਦਣ ਦੇ ਕਾਰਨ ਅਮਰੀਕਾ ਉਸ ਨੂੰ ਐੱਫ-35 ਲੜਾਕੂ ਜਹਾਜ਼ ਨਹੀਂ ਵੇਚੇਗਾ। ਟਰੰਪ ਪ੍ਰਸ਼ਾਸਨ ਦਾ ਇਹ ਫੈਸਲਾ ਭਾਰਤ ਲਈ ਵੀ ਸੰਕੇਤ ਹੋ ਸਕਦਾ ਹੈ ਕਿਉਂਕਿ ਉਸ ਨੇ ਵੀ ਅਮਰੀਕਾ ਦੀ ਸਲਾਹ ਖਿਲਾਫ ਜਾ ਕੇ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਖਰੀਦਣ ਲਈ ਰੂਸ ਨਾਲ ਸਮਝੌਤਾ ਕੀਤਾ ਹੈ।

ਭਾਰਤ ਨੇ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਖਰੀਦਣ ਲਈ ਰੂਸ ਦੇ ਨਾਲ ਪਿਛਲੇ ਸਾਲ ਅਕਤੂਬਰ 'ਚ ਸਮਝੌਤਾ ਕੀਤਾ ਸੀ। ਅਮਰੀਕੀ ਰਾਸ਼ਟਰਪਤੀ ਨੇ ਆਖਿਆ ਕਿ ਇਹ ਸਹੀ ਨਹੀਂ ਸੀ ਕਿ ਜਦ ਤੁਰਕੀ ਦੇ ਰਾਸ਼ਟਰਪਤੀ ਰਜ਼ਬ ਤਇਬ ਐਦਰੋਗਨ ਜ਼ਮੀਨ ਤੋਂ ਹਵਾ 'ਚ ਮਾਤ ਪਾਉਣ ਵਾਲੀ ਮਿਜ਼ਾਈਲ ਪ੍ਰਣਾਲੀ 'ਪੈਟ੍ਰੀਅਟ' ਅਮਰੀਕਾ ਤੋਂ ਖਰੀਦਣਾ ਚਾਹੁੰਦੇ ਸਨ ਉਦੋਂ ਓਬਾਮਾ ਪ੍ਰਸ਼ਾਸਨ ਨੇ ਵੇਚੀ ਨਹੀਂ। ਟਰੰਪ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ 'ਚ ਕੈਬਨਿਟ ਬੈਠਕ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਹੁਣ ਸਥਿਤੀ ਇਹ ਹੈ ਕਿ ਤੁਰਕੀ ਦੇ ਸਬੰਧ ਸਾਡੇ ਨਾਲ ਬਹੁਤ ਚੰਗੇ ਹਨ, ਬਹੁਤ ਚੰਗੇ ਅਤੇ ਹੁਣ ਤੁਸੀਂ ਤੁਰਕੀ ਤੋਂ ਇਹ ਕਹਿ ਰਹੇ ਹੋ ਕਿ ਕਿਉਂਕਿ ਤੁਹਾਨੂੰ ਹੋਰ ਮਿਜ਼ਾਈਲ ਰੱਖਿਆ ਪ੍ਰਣਾਲੀ ਖਰੀਦਣ ਲਈ ਸੀਮਤ ਕੀਤਾ ਗਿਆ ਹੈ, ਹੁਣ ਅਸੀਂ ਤੁਹਾਨੂੰ ਐੱਫ-35 ਲੜਾਕੂ ਜਹਾਜ਼ ਨਹੀਂ ਵੇਚ ਰਹੇ ਹਾਂ।

ਮੌਜੂਦਾ ਅਮਰੀਕੀ ਕਾਨੂੰਨਾਂ ਮੁਤਾਬਕ, ਕੋਈ ਵੀ ਦੇਸ਼ ਜੇਕਰ ਰੂਸ ਤੋਂ ਵੱਡੇ ਰੱਖਿਆ ਉਪਕਰਣ ਖਰੀਰਦਾ ਹੈ ਤਾਂ ਉਸ 'ਤੇ ਅਮਰੀਕੀ ਪਾਬੰਦੀ ਲਾਈਆਂ ਜਾ ਸਕਦੀਆਂ ਹਨ। ਅਮਰੀਕੀ ਸੰਸਦ ਨੇ ਇਸ ਕਾਨੂੰਨ 'ਚ ਥੋੜੀ ਛੋਟ ਦਿੱਤੀ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੂੰ ਜੂਨ 'ਚ ਆਖਿਆ ਸੀ ਕਿ ਭਾਰਤ ਪਾਬੰਦੀਆਂ ਝੇਲ ਰਹੇ ਰੂਸ ਦੇ ਨਾਲ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਸੌਦੇ ਦੇ ਮਾਮਲੇ 'ਚ ਆਪਣੇ ਰਾਸ਼ਟਰੀ ਹਿੱਤਾਂ ਮੁਤਾਬਕ ਫੈਸਲਾ ਕਰੇਗਾ। ਜੈਸ਼ੰਕਰ ਨੇ ਨਵੀਂ ਦਿੱਲੀ 'ਚ ਕਿਹਾ ਸੀ ਕਿ ਮੇਰਾ ਮੰਨਣਾ ਹੈ ਕਿ ਅਸੀਂ ਉਹੀ ਕਰਾਂਗੇ ਜੋ ਸਾਡੇ ਰਾਸ਼ਟਰੀ ਹਿੱਤ 'ਚ ਹੈ। ਹਰੇਕ ਦੇਸ਼ ਦੇ ਦੂਜੇ ਦੇਸ਼ ਦੇ ਰਾਸ਼ਟਰੀ ਹਿੱਤਾਂ ਨੂੰ ਸਮਝਣਾ ਅਤੇ ਉਸ ਦੀ ਤਰੀਫ ਕਰਨ ਦੀ ਸਮਰੱਥਾ ਉਸ ਰਣਨੀਤਕ ਸਾਂਝੇਦਾਰੀ ਦਾ ਹਿੱਸਾ ਹੈ।

ਭਾਰਤ 'ਚ ਕਈ ਲੋਕਾਂ ਦਾ ਮੰਨਣਾ ਹੈ ਕਿ ਇਹ ਛੋਟ ਉਨ੍ਹਾਂ ਦੇ ਦੇਸ਼ ਲਈ ਹੈ। ਹਾਲਾਂਕਿ ਅਮਰੀਕੀ ਅਧਿਕਾਰੀਆਂ ਨੇ ਸੁਚੇਤ ਕੀਤਾ ਕਿ ਕਿਸੇ ਵੀ ਦੇਸ਼ ਲਈ ਵਿਆਪਕ ਛੋਟ ਨਹੀਂ ਹੈ। ਤੁਰਕੀ ਨੇ ਨਾਟੋ ਸਹਿਯੋਗੀ ਅਮਰੀਕਾ ਦੀਆਂ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਪਿਛਲੇ ਸ਼ੁੱਕਰਵਾਰ ਨੂੰ ਰੂਸ ਤੋਂ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਪਹਿਲੀ ਖੇਪ ਹਾਸਲ ਕੀਤੀ। ਟਰੰਪ ਨੇ ਦੱਸਿਆ ਕਿ ਤੁਰਕੀ ਨੇ 100 ਐੱਫ-35 ਜਹਾਜ਼ਾਂ ਦਾ ਆਰਡਰ ਦਿੱਤਾ ਸੀ। ਉਨ੍ਹਾਂ ਨੇ ਇਸ ਨੂੰ ਬੇਹੱਦ ਮੁਸ਼ਕਿਲ ਸਥਿਤੀ ਦੱਸਦੇ ਹੋਏ ਆਖਿਆ ਕਿ ਉਨ੍ਹਾਂ ਦਾ ਪ੍ਰਸ਼ਾਸਨ ਇਸ 'ਤੇ ਕੰਮ ਕਰ ਰਿਹਾ ਹੈ ਅਤੇ ਦੇਖਦੇ ਹਾਂ ਕਿ ਨਤੀਜਾ ਕੀ ਨਿਕਲਦਾ ਹੈ। ਟਰੰਪ ਨੇ ਸਾਬਕਾ ਰਾਸ਼ਟਰਪਤੀ ਬਰਾਮਕ ਓਬਾਮਾ ਦੇ ਪ੍ਰਸ਼ਾਸਨ ਦੇ ਇਸ ਮਸਲੇ 'ਤੇ ਰੁਖ 'ਤੇ ਨਾਰਾਜ਼ਗੀ ਜਤਾਈ।

Khushdeep Jassi

This news is Content Editor Khushdeep Jassi